ਡਿਪਟੀ ਕਮਿਸ਼ਨਰ ਵਲੋਂ ਜ਼ਿਲਾ ਵਾਸੀਆਂ ਨੂੰ ਡਿਜ਼ੀਟਲ ਮਿਊਜ਼ਿਅਮ ਤੇ ਸ਼ੋਅ ਦੇਖਣ ਲਈ ਅਪੀਲ

12/21/2019 11:13:40 PM

ਮਾਨਸਾ, (ਮਿੱਤਲ)- ਡਿਪਟੀ ਕਮਿਸ਼ਨਰ ਮਾਨਸਾ ਸ਼੍ਰੀਮਤੀ ਅਪਨੀਤ ਰਿਆਤ ਆਈ.ਏ.ਐਸ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਮੌਕੇ ਸਥਾਨਕ ਨਹਿਰੂ ਮੈਮੋਰੀਅਲ ਕਾਲਜ ਵਿਖੇ 23 ਤੋਂ 25 ਦਸੰਬਰ ਨੂੰ ਹੋਣ ਵਾਲੇ ਡਿਜੀਟਲ ਮਿਊਜ਼ਿਅਮ ਅਤੇ ਰੋਸ਼ਣੀ ਤੇ ਆਵਾਜ਼ ਸ਼ੋਅ ਦੇ ਅਗੇਤੇ ਪ੍ਰਬੰਧਾਂ ਦਾ ਜਾਇਜ਼ਾ ਲਿਆ।
ਪੰਜਾਬ ਸਰਕਾਰ ਦੇ ਸੂਚਨਾ ਤੇ ਲੋਕ ਸੰਪਰਕ ਵਿਭਾਗ ਵੱਲੋਂ 23 ਤੋਂ 25 ਦਸੰਬਰ ਤੱਕ ਡਿਜੀਟਲ ਮਿਊਜ਼ਿਅਮ ਅਤੇ 24 ਤੇ 25 ਦਸੰਬਰ ਨੂੰ ਰੋਸ਼ਣੀ ਤੇ ਆਵਾਜ਼  ਸ਼ੋਅ ਦਿਖਾਇਆ ਜਾ ਰਿਹਾ ਹੈ। ਇਨ੍ਹਾਂ ਪ੍ਰੋਗਰਾਮਾਂ ਵਿੱਚ ਆਮ ਜਨਤਾ ਲਈ ਦਾਖਲਾ ਮੁਫ਼ਤ ਹੋਵੇਗਾ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਡਿਜੀਟਲ ਮਿਊਜ਼ਿਅਮ ਅਤੇ ਰੋਸ਼ਣੀ ਤੇ ਆਵਾਜ਼ ਸ਼ੋਅ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਯਾਤਰਾ ਅਤੇ ਮਾਨਵਤਾ ਉਤੇ ਉਨ੍ਹਾਂ ਦੇ ਪ੍ਰਭਾਵ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਜਾਵੇਗੀ। ਆਧੁਨਿਕ ਡਿਜੀਟਲ ਤਕਨੀਕਾਂ ਨਾਲ ਲੈਸ ਢੰਗਾਂ ਰਾਹੀਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਬਾਰੇ ਜਾਣਨ ਦਾ ਮਾਨਸਾ ਦੇ ਲੋਕਾਂ ਲਈ ਇਹ ਬਹੁਤ ਹੀ ਵਧੀਆ ਮੌਕਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਇਸ ਡਿਜੀਟਲ ਮਿਊਜ਼ਿਅਮ ਅਤੇ ਰੋਸ਼ਣੀ ਤੇ ਆਵਾਜ਼ ਸ਼ੋਅ ਨੂੰ ਦੇਖਣ ਲਈ ਜ਼ਰੂਰ ਪਹੁੰਚਣ, ਤਾਂ ਜੋ ਸ਼੍ਰੀ ਗੁਰੂ ਨਾਨਕ ਦੇਵ ਜੀ ਬਾਰੇ ਹੋਰ ਜ਼ਿਆਦਾ ਜਾਣਕਾਰੀ ਹਾਸਿਲ ਕਰਕੇ, ਉਨ੍ਹਾਂ ਵੱਲੋਂ ਦਰਸ਼ਾਏ ਮਾਰਗ 'ਤੇ ਚੱਲ ਸਕੀਏ।
ਉਨ੍ਹਾਂ ਕਿਹਾ ਕਿ ਮਾਨਸਾ ਪੁਲਸ ਵੱਲੋਂ ਸੁਰੱਖਿਆ ਅਤੇ ਪਾਰਕਿੰਗ ਦੇ ਪੁਖ਼ਤਾ ਇੰਤਜ਼ਾਮ, ਨਗਰ ਕੌਂਸਲ ਮਾਨਸਾ ਵੱਲੋਂ ਸਟੇਡੀਅਮ ਦੀ ਸਾਫ਼-ਸਫਾਈ ਲਈ ਹਦਾਇਤ ਕਰ ਦਿੱਤੀ ਗਈ ਹੈ। ਇਸ ਤੋਂ ਇਲਾਵਾ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਪਿੰਡਾਂ ਵਿੱਚ ਇਨ੍ਹਾਂ ਸ਼ੋਆਂ ਸਬੰਧੀ ਮੁਨਾਦੀ ਕਰਵਾਉਣਾ ਯਕੀਨੀ ਬਣਾਉਣਗੇ। ਜ਼ਿਲਾ ਸਿੱਖਿਆ ਅਫ਼ਸਰ ਨੂੰ ਸਕੂਲੀ ਵਿਦਿਆਰਥੀਆਂ ਨੂੰ ਇਨ੍ਹਾਂ ਸ਼ੋਆਂ ਨੂੰ ਦਿਖਾਉਣਾਂ ਯਕੀਨੀ ਬਣਾਉਣ ਦੀ ਹਦਾਇਤ ਕੀਤੀ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਸ਼੍ਰੀ ਰਾਜਦੀਪ ਸਿੰਘ ਬਰਾੜ, ਐਸ.ਡੀ.ਐਮ. ਬੁਢਲਾਡਾ ਸ੍ਰੀ ਆਦਿਤਯ ਡੇਚਲਵਾਲ, ਐਸ.ਡੀ.ਐਮ. ਮਾਨਸਾ ਸ਼੍ਰੀਮਤੀ ਸਰਬਜੀਤ ਕੌਰ, ਐਸ.ਡੀ.ਐਮ. ਸਰਦੂਲਗੜ•ਸ਼੍ਰੀ ਰਾਜਪਾਲ ਸਿੰਘ, ਸਹਾਇਕ ਕਮਿਸ਼ਨਰ (ਜ) ਸ਼੍ਰੀ ਨਵਦੀਪ ਕੁਮਾਰ, ਡੀ.ਐਸ.ਪੀ. ਸ਼੍ਰੀ ਸਰਬਜੀਤ ਸਿੰਘ, ਜ਼ਿਲਾ ਵਿਕਾਸ ਤੇ ਪੰਚਾਇਤ ਅਫ਼ਸਰ ਸ਼੍ਰੀ ਦਿਨੇਸ਼ ਵਸ਼ਿਸ਼ਟ, ਜ਼ਿਲਾ ਸਿੱਖਿਆ ਅਫ਼ਸਰ ਸ਼੍ਰੀਮਤੀ ਰਾਜਵੰਤ ਕੌਰ, ਜ਼ਿਲਾ ਖੇਡ ਅਫ਼ਸਰ ਸ਼੍ਰੀ ਹਰਪਿੰਦਰ ਸਿੰਘ ਅਤੇ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਵਿਭਾਗ ਸ਼੍ਰੀ ਰਘੁਬੀਰ ਸਿੰਘ ਮਾਨ ਤੋਂ ਇਲਾਵਾ ਹੋਰ ਵੀ ਅਧਿਕਾਰੀ ਮੌਜੂਦ ਸਨ।


Bharat Thapa

Content Editor

Related News