ਮਾਸਕ ਨਾਂ ਪਹਿਨਣ ''ਤੇ 500 ਰੁਪਏ ਦੇ ਕੀਤੇ ਜਾਣ ਵਾਲੇ ਚਲਾਣਾਂ ਦੇ ਹੁਕਮ ਵਾਪਸ ਲੈਣ ਦੀ ਮੰਗ ਸੰਬੰਧੀ

6/14/2020 7:03:03 PM

ਮੋਗਾ(ਬਿੰਦਾ) - ਮਾਲਵੇ ਦੇ ਉੱਘੇ ਮਜ਼ਦੂਰ ਆਗੂ ਅਤੇ ਕਾਂਗਰਸ ਪੱਖੀ ਮਜ਼ਦੂਰ ਸੰਗਠਨ ਇੰਟਕ ਦੇ ਜ਼ਿਲ੍ਹਾ ਪ੍ਰਧਾਨ ਵਿਜੇ ਧੀਰ ਐਡਵੋਕੇਟ ਨੇ ਅੱਜ ਇੱਕ ਚਿੱਠੀ ਈ-ਮੇਲ ਰਾਹੀਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਮ ਮੇਲ ਕਰਕੇ ਮੰਗ ਕੀਤੀ ਹੈ ਕਿ ਮਾਸਕ ਨਾਂ ਪਹਿਨਣ ਕਾਰਨ 500 ਰੁਪਏ ਅਤੇ ਕਾਰ ਵਿਚ ਡਰਾਈਵਰ ਸਮੇਤ ਤਿੰਨ ਤੋਂ ਵੱਧ ਸਵਾਰੀਆਂ ਬੈਠਣ ਕਾਰਨ 2000 ਰੁਪਏ ਦੇ ਕੀਤੇ ਜਾਂਦੇ ਚਲਾਨਾਂ ਦੇ ਪੰਜਾਬ ਸਰਕਾਰ ਦੇ ਹੁਕਮ ਤੁਰੰਤ ਵਾਪਸ ਲਏ ਜਾਣ। ਉਨ੍ਹਾਂ ਕਿਹਾ ਕੋਰੋਨਾ ਵਾਇਰਸ ਮਹਾਮਾਰੀ ਦੇ ਕਾਰਨ 23 ਮਾਰਚ ਤੋਂ ਲੱਗੇ ਕਰਫਿਊ ਤਾਲਾਬੰਦੀ ਕਾਰਨ ਕਾਰੋਬਾਰ ਖਤਮ ਹੋ ਜਾਣ ਕਾਰਨ ਲੋਕਾਂ ਦੀ ਆਰਥਿਕ ਹਾਲਤ ਬਹੁਤ ਤਰਸਯੋਗ ਹੋ ਚੁੱਕੀ ਹੈ। ਅਜਿਹੀ ਹਾਲਤ ‘ਚ 50 ਰੁਪਏ ਦੀ ਸਬਜ਼ੀ ਖਰੀਦਣ ਲਈ ਘਰੋਂ ਬਾਹਰ ਆਏ ਵਿਅਕਤੀ ਦਾ 500 ਰੁਪਏ ਦਾ ਚਲਾਨ ਕਰ ਦਿੱਤਾ ਜਾਂਦਾ ਹੈ। ਇਹ ਗੱਲ ਲੋਕਾਂ ਨੂੰ ਚੁਬਦੀ ਹੈ।

ਧੀਰ ਨੇ ਕਿਹਾ ਕੋਰੋਨਾ ਵਾਇਰਸ ਮਹਾਮਾਰੀ ਵਿਰੁੱਧ ਯੁੱਧ ‘ਚ ਮੁੱਖ ਮੰਤਰੀ ਦੀ ਸੁਚੱਜੀ ਅਗਵਾਈ ‘ਚ ਪੰਜਾਬ ਨੇ ਇੱਕ ਬਿਹਤਰ ਪ੍ਰਦਰਸ਼ਨ ਕੀਤਾ। ਜਿਸ ਦੀ ਚਰਚਾ ਦੇਸ਼ ਭਰ ਵਿਚ ਹੀ ਨਹੀਂ ਬਲਕਿ ਵਿਦੇਸ਼ਾਂ ਵਿਚ ਵੀ ਖੂਬ ਹੋਈ। ਧੀਰ ਨੇ ਲਿਖਿਆ ਹੈ ਕਿ ਕੋਰੋਨਾ ਯੁਧ ‘ਚ ਪੰਜਾਬ ਪੁਲਸ ਅਤੇ ਜਨਤਾ ਨੇ ਇੱਕ ਦੂਸਰੇ ਨਾਲ ਗਲਵਕੜੀ ਪਾਕੇ ਇਹ ਯੁੱਧ ਲੜਿਆ ਅਤੇ ਪੰਜਾਬ ਪੁਲਸ ਅਤੇ ਜਨਤਾ ਦਰਮਿਆਨ ਆਪਸੀ ਸਮਝ ਪਿਆਰ ਮੁਹਬੱਤ ਅਤੇ ਸਦਭਾਵਨਾ ਦੀ ਇੱਕ ਨਵੀਂ ਅਤੇ ਇਤਿਹਾਸਕ ਅਵਾਰਤ ਲਿਖੀ ਗਈ। ਉਨ੍ਹਾਂ ਲਿਖਿਆ ਕਿ 500/2000 ਰੁਪਏ ਦੇ ਚਲਾਨ ਕਰਨ ਕਾਰਨ ਸਰਕਾਰ ਦਾ ਇਮੇਜ ਤਾਂ ਖ਼ਰਾਬ ਹੋ ਰਿਹਾ ਹੈ ਇਸ ਦੇ ਨਾਲ ਪੁਲਸ ਅਤੇ ਜਨਤਾ ਵਿਚ ਫਿਰ ਦੂਰੀਆਂ ਵਧਣ ਲੱਗ ਗਈਆਂ ਹਨ।

ਉਨ੍ਹਾਂ 500/2000 ਰੁਪਏ ਦੇ ਉਕਤ ਚਲਾਨ ਕਰਨੇ ਬੰਦ ਕਰਨ ਦੀ ਮੰਗ ਕਰਦਿਆਂ ਆਪਣੀ ਚਿੱਠੀ ‘ਚ ਕੁੱਝ ਦਲੀਲਾਂ ਵੀ ਦਿੱਤੀਆਂ।ਉਨ੍ਹਾਂ ਲਿਖਿਆ ਕਿ ਮਾਸਕ ਪਹਿਨਣਾ ਕੋਰੋਨਾ ਮਹਾਮਾਰੀ ਦੇ ਇਲਾਜ ਦਾ ਇਕ ਹਿੱਸਾ ਹੈ, ਇਹ ਅਪਰਾਧ ਨਹੀਂ ਹੈ। ਉਨ੍ਹਾਂ ਕਿਹਾ 23 ਮਾਰਚ ਤੋਂ ਹੁਣ ਤੱਕ 99.9% ਲੋਕਾਂ ਨੂੰ ਮਾਸਕ ਪਹਿਨਣ ਦੀ ਆਦਤ ਪੈ ਗਈ ਹੈ ਅਤੇ ਜੇਕਰ ਕਿਸੇ ਵਕਤ ਕੋਈ ਟਾਂਵਾਂ ਟਿਲਾ ਵਿਅਕਤੀ ਮਾਸਕ ਪਹਿਨਣਾ ਭੁੱਲ ਜਾਂਦਾ ਹੈ ਤਾਂ ਉਸ ਨੂੰ ਪੁਲਸ ਵੱਲੋਂ ਮੁਫ਼ਤ ਮਾਸਕ ਦੇਕੇ ਮਾਸਕ ਪਹਿਨਣ ਲਈ ਪ੍ਰੇਰਿਤ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਰੋਜ਼ ਦੀ ਰੋਜ਼ ਕਮਾ ਕੇ ਖਾਣ ਵਾਲੇ ਦਿਹਾੜੀਦਾਰ ਮਜ਼ਦੂਰ, ਦੁਕਾਨਦਾਰ, ਮੱਧ ਵਰਗ ਦੇ ਛੋਟੇ ਵਪਾਰੀ ਆਰਥਿਕ ਤੌਰ ਤੇ ਪ੍ਰੇਸ਼ਾਨ ਹਨ। ਉਹ ਨਿੱਤ ਸਰਕਾਰ ਤੋਂ ਆਰਥਿਕ ਸਹਾਇਤਾ ਦੀ ਮੰਗ ਕਰਦੇ ਹਨ, ਜੇਕਰ ਸਰਕਾਰ ਆਰਥਿਕ ਮਦਦ ਨਹੀਂ ਕਰ ਸਕਦੀ ਤਾਂ ਘੱਟੋ-ਘੱਟ ਆਰਥਿਕ ਬੋਝ ਨਾ ਪਾਵੇ।
ਵਿਜੇ ਧੀਰ ਐਡਵੋਕੇਟ।


Harinder Kaur

Content Editor Harinder Kaur