ਸਿੱਖਿਆ ਤੇ ਸਿਹਤ ਮਾਹਿਰਾਂ ਦੀ ਸਲਾਹ ਮਗਰੋਂ ਹੀ PSEB 12ਵੀਂ ਦੀਆਂ ਪ੍ਰੀਖਿਆਵਾਂ ਬਾਰੇ ਲਵੇ ਕੋਈ ਫ਼ੈਸਲਾ : ਡਾ. ਚੀਮਾ

Friday, Jun 26, 2020 - 11:56 PM (IST)

ਸਿੱਖਿਆ ਤੇ ਸਿਹਤ ਮਾਹਿਰਾਂ ਦੀ ਸਲਾਹ ਮਗਰੋਂ ਹੀ PSEB 12ਵੀਂ ਦੀਆਂ ਪ੍ਰੀਖਿਆਵਾਂ ਬਾਰੇ ਲਵੇ ਕੋਈ ਫ਼ੈਸਲਾ : ਡਾ. ਚੀਮਾ

ਲੁਧਿਆਣਾ (ਵਿੱਕੀ) - ਸੀ. ਬੀ. ਐੱਸ. ਈ. ਵੱਲੋਂ 12ਵੀਂ ਦੀ ਪੈਂਡਿੰਗ ਪ੍ਰੀਖਿਆਵਾਂ ਬਾਰੇ ਲਏ ਗਏ ਫ਼ੈਸਲੇ ਨੂੰ ਸੂਬੇ ਦੇ ਸਾਬਕਾ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਵਿਦਿਆਰਥੀਆਂ ਦੇ ਹਿੱਤ ਵਿਚ ਕਰਾਰ ਦਿੱਤਾ ਹੈ। ਸ਼ੁੱਕਰਵਾਰ ਨੂੰ ਇਕ ਵਿਸ਼ੇਸ਼ ਗੱਲਬਾਤ ਵਿਚ ਡਾ. ਚੀਮਾ ਨੇ ਕਿਹਾ ਕਿ ਸੀ. ਬੀ. ਐੱਸ. ਈ. ਵੱਲੋਂ ਵਿਦਿਆਰਥੀਆਂ ਨੂੰ ਵਿਕਲਪਿਕ ਪ੍ਰੀਖਿਆ ਦੀ ਆਪਸ਼ਨ ਦੇਣਾ ਠੀਕ ਹੈ, ਤਾਂ ਕਿ ਹਾਲਾਤ ਆਮ ਹੋਣ ’ਤੇ ਉਹ ਰੱਦ ਹੋਈਆਂ ਪ੍ਰੀਖਿਆਵਾਂ ਵਿਚ ਆਪਣੇ ਪ੍ਰਦਰਸ਼ਨ ਨੂੰ ਸੁਧਾਰਨ ਦੀ ਕੋਸ਼ਿਸ਼ ਕਰ ਸਕਣ।
ਸਾਬਕਾ ਸਿੱਖਿਆ ਮੰਤਰੀ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਨੂੰ ਸੁਝਾਅ ਦਿੱਤਾ ਕਿ ਸੂਬੇ ’ਚ 12ਵੀਂ ਜਮਾਤ ਦੇ ਵਿਦਿਆਰਥੀਆਂ ਦੀਆਂ ਪੈਂਡਿੰਗ ਪ੍ਰੀਖਿਆਵਾਂ ਬਾਰੇ ਕੋਈ ਵੀ ਫ਼ੈਸਲਾ ਲੈਣ ਤੋਂ ਪਹਿਲਾਂ ਪ੍ਰਮੁੱਖ ਸਿੱਖਿਆ ਅਤੇ ਸਿਹਤ ਮਾਹਿਰਾਂ ਦੀ ਕਮੇਟੀ ਬਣਾਈ ਜਾਵੇ। ਉਨ੍ਹਾਂ ਕਿਹਾ ਕਿ ਫ਼ੈਸਲਾ ਲੈਣ ’ਚ ਜਲਦਬਾਜ਼ੀ ਨਾ ਕੀਤੀ ਜਾਵੇ ਅਤੇ ਕਮੇਟੀ ਦੀ ਰਿਪੋਰਟ ਦੇ ਆਧਾਰ ’ਤੇ ਹੀ ਉੱਚਿਤ ਫ਼ੈਸਲਾ ਬੱਚਿਆਂ ਦੇ ਹਿੱਤ ’ਚ ਲਿਆ ਜਾਵੇ। ਸਾਬਕਾ ਸਿੱਖਿਆ ਮੰਤਰੀ ਨੇ ਕਿਹਾ ਕਿ ਸੀ. ਬੀ. ਐੱਸ. ਈ. ਵੱਲੋਂ ਬਹੁਤ ਸੋਚ ਸਮਝ ਕੇ 12ਵੀਂ ਜਮਾਤ ਦੀ ਪੈਂਡਿੰਗ ਪ੍ਰੀਖਿਆਵਾਂ ਬਾਰੇ ਫ਼ੈਸਲਾ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਪੀ. ਐੱਸ. ਈ. ਬੀ. ਨੂੰ ਵੀ ਸੀ. ਬੀ. ਐੱਸ. ਈ. ਦੀ ਗਾਇਡਲਾਈਨਜ਼ ਅਤੇ ਪੰਜਾਬ ਦੇ ਜ਼ਮੀਨੀ ਹਾਲਾਤ ਨੂੰ ਸਮਝਦੇ ਹੋਏ ਕੋਈ ਫ਼ੈਸਲਾ ਲੈਣਾ ਚਾਹੀਦਾ ਹੈ। ਡਾ. ਚੀਮਾ ਨੇ ਕਿਹਾ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਜ਼ਿਆਦਾਤਰ ਵਿਦਿਆਰਥੀ ਪੇਂਡੂ ਖੇਤਰ ਨਾਲ ਸਬੰਧਤ ਹਨ, ਇਸ ਲਈ ਸਥਾਨਕ ਹਾਲਾਤ ਨੂੰ ਵੀ ਸਮਝਣਾ ਹੋਵੇਗਾ। ਉਨ੍ਹਾਂ ਕਿਹਾ ਕਿ 12ਵੀਂ ਜਮਾਤ ਦੇ ਮਗਰੋਂ ਯੂਨੀਵਰਸਿਟੀ ਅਤੇ ਕਾਲਜਾਂ ’ਚ ਹੋਣ ਵਾਲੇ ਦਾਖ਼ਲੇ ਵਿਚ ਹਾਲੇ ਸਮਾਂ ਹੈ। ਇਸ ਲਈ ਪ੍ਰੀਖਿਆਵਾਂ ਲਈ ਹਾਲੇ ਇੰਤਜ਼ਾਰ ਕੀਤਾ ਜਾ ਸਕਦਾ ਹੈ ਪਰ ਫ਼ੈਸਲਾ ਲੈਣ ਵਿਚ ਕੋਈ ਜਲਦਬਾਜ਼ੀ ਨਹੀਂ ਕੀਤੀ ਜਾਣੀ ਚਾਹੀਦੀ ਹੈ।


author

Gurdeep Singh

Content Editor

Related News