ਕਿਸਾਨਾਂ ’ਤੇ ਕਹਿਰਵਾਨ ਹੋਇਆ ਰੱਬ, ਭਾਰੀ ਮੀਂਹ ਨੇ ਤਹਿਸ-ਨਹਿਸ ਕੀਤੀ ਪੱਕੀ-ਪਕਾਈ ਫ਼ਸਲ

04/03/2023 6:28:52 PM

ਮੰਡੀ ਲੱਖੇਵਾਲੀ (ਸੁਖਪਾਲ) : ਇਸ ਵੇਲੇ ਰੱਬ ਕਿਸਾਨਾਂ ਤੇ ਪੂਰਾ ਕਹਿਰਵਾਨ ਹੋਇਆ ਪਿਆ ਹੈ ਤੇ ਪਿਛਲੇਂ ਕਈ ਦਿਨਾਂ ਤੋਂ ਮੌਸਮ ਖ਼ਰਾਬ ਚੱਲ ਰਿਹਾ ਹੈ । ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਖੇ ਪਏ ਭਾਰੀ ਮੀਂਹ ਕਾਰਨ ਕਿਸਾਨਾਂ ਦੀ ਪੱਕੀ-ਪਕਾਈ ਕਣਕ ਦੀ ਫ਼ਸਲ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਹੈ। ਕਈ ਥਾਵਾਂ 'ਤੇ ਗੜੇਮਾਰੀ ਨੇ ਕਣਕਾਂ ਨੂੰ ਝੱਬ ਕੇ ਰੱਖ ਦਿੱਤਾ ਹੈ ਜਦਕਿ ਅਨੇਕਾਂ ਥਾਵਾਂ 'ਤੇ ਮੀਂਹ ਅਤੇ ਤੇਜ਼ ਹਵਾਵਾਂ ਨੇ ਕਣਕਾਂ ਨੂੰ ਧਰਤੀ 'ਤੇ ਸੁੱਟ ਦਿੱਤਾ ਹੈ। ਬੀਤੀ ਅੱਧੀ ਰਾਤ ਨੂੰ ਫੇਰ ਤੋਂ ਹਨੇਰੀ ਝੱਖੜ ਝੁੱਲਿਆ। ਮੀਂਹ ਵੀ ਆਇਆ, ਜਿਸ ਕਰਕੇ ਕਣਕਾਂ ਫੇਰ ਧਰਤੀ 'ਤੇ ਡਿੱਗ ਪਈਆਂ। ਰੱਬ ਨੂੰ ਕਹਿਰਵਾਨ ਹੋਇਆ ਵੇਖ ਕੇ ਕਿਸਾਨ ਵਰਗ ਨਿਰਾਸ਼ਤਾ ਦੇ ਆਲਮ ਵਿਚੋਂ ਗੁਜ਼ਰ ਰਿਹਾ ਹੈ ਕਿਉਂਕਿ ਹੁਣ ਤੱਕ ਕਣਕ ਦੀ ਫ਼ਸਲ 'ਤੇ ਕਿਸਾਨਾਂ ਨੇ ਬਹੁਤ ਜ਼ਿਆਦਾ ਖ਼ਰਚਾ ਕੀਤਾ ਹੋਇਆ ਸੀ ਅਤੇ ਹੁਣ ਤਾਂ ਕਣਕ ਕੁੱਝ ਦਿਨਾਂ ਤੱਕ ਦਾਣਾ ਮੰਡੀਆਂ ਵਿਚ ਲਿਜਾ ਕੇ ਪੈਸੇ ਵੱਟਣੇ ਸਨ।

ਇਹ ਵੀ ਪੜ੍ਹੋ- ਪੰਜਾਬ ਸਰਕਾਰ ਦੀ ਪੰਜਾਬੀਆਂ ਨੂੰ ਵੱਡੀ ਰਾਹਤ, ਸੇਵਾ ਕੇਂਦਰਾਂ ਨੂੰ ਲੈ ਕੇ ਲਿਆ ਇਹ ਫ਼ੈਸਲਾ

ਜਿੰਨਾ ਕਿਸਾਨਾਂ ਨੇ 60-70 ਹਜ਼ਾਰ ਰੁਪਏ ਪ੍ਰਤੀ ਏਕੜ ਜ਼ਮੀਨਾਂ ਠੇਕੇ ਤੇ ਲੈ ਕੇ ਵਾਹੀ ਕੀਤੀ ਸੀ ਉਨ੍ਹਾਂ ਦੇ ਪੱਲੇ ਕੁਝ ਵੀ ਨਹੀਂ ਰਿਹਾ, ਇਸ ਲਈ ਵੱਖ-ਵੱਖ ਪਿੰਡਾਂ ਦੇ ਕਿਸਾਨਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਸਰਕਾਰ ਕਿਸਾਨਾਂ ਨੂੰ ਘੱਟੋ-ਘੱਟ 50 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਦੇਵੇ। ਕਿਸਾਨਾਂ ਦਾ ਕਹਿਣਾ ਹੈ ਕਿ ਭਾਵੇਂ ਮੁੱਖ ਮੰਤਰੀ ਭਗਵੰਤ ਮਾਨ ਨੇ ਫ਼ਸਲਾਂ ਦੇ ਹੋਏ ਖ਼ਰਾਬੇ ਦੀ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਨੂੰ ਜਲਦੀ ਵਿਸ਼ੇਸ਼ ਗਿਰਦਾਵਰੀ ਕਰਕੇ ਰਿਪੋਰਟ ਦੇਣ ਲਈ ਕਿਹਾ ਹੈ ਪਰ ਕਿਸਾਨਾਂ ਦੇ ਦੱਸਣ ਮੁਤਾਬਕ ਅਜੇ ਤੱਕ ਉਨ੍ਹਾਂ ਨੂੰ ਕੋਈ ਰਾਹਤ ਨਹੀਂ ਮਿਲੀ। ਕਿਸਾਨ ਅਤੇ ਹੋਰਨਾਂ ਵਰਗਾਂ ਦੇ ਲੋਕ ਰੱਬ ਅੱਗੇ ਅਰਦਾਸਾਂ ਅਰਜ਼ੋਈਆਂ ਕਰ ਰਹੇ ਹਨ ਕਿ ਮਾਲਕਾਂ ਮਿਹਰ ਰੱਖ । ਪਹਿਲਾਂ ਹੀ ਆਰਥਿਕ ਮੰਦਹਾਲੀ ਵਿਚੋਂ ਲੰਘ ਰਹੇ ਕਿਸਾਨਾਂ ਤੇ ਇਹ ਇਕ ਹੋਰ ਵੱਡੀ ਸੱਟ ਹੈ ਕਿਉਂਕਿ ਜਿੱਥੇ ਤੇਜ਼ ਹਵਾਵਾਂ ਵਗ ਰਹੀਆਂ ਸਨ, ਉੱਥੇ ਹੀ ਮੀਂਹ ਵੀ ਪੈ ਰਿਹਾ ਸੀ।

ਇਹ ਵੀ ਪੜ੍ਹੋ- ਰਿਹਾਅ ਹੋਣ ਤੋਂ ਬਾਅਦ ਪਹਿਲੀ ਵਾਰ ਮੂਸੇਵਾਲਾ ਦੇ ਮਾਪਿਆਂ ਨੂੰ ਮਿਲੇ ਨਵਜੋਤ ਸਿੱਧੂ, ਸਾਂਝਾ ਕੀਤਾ ਦੁੱਖ

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 


Simran Bhutto

Content Editor

Related News