ਕਾਂਗਰਸ ਨੇ ਨੋਟਿਸ ਦੇ ਕੇ ਮੇਰੇ ਸਵੈ-ਮਾਣ ਤੇ ਆਤਮ-ਸਨਮਾਨ ਨੂੰ ਠੇਸ ਪਹੁੰਚਾਈ ਹੈ : ਜਾਖੜ
Saturday, Jun 11, 2022 - 04:31 PM (IST)
ਸੁਨੀਲ ਜਾਖੜ ਲਗਭਗ 3 ਹਫਤੇ ਪਹਿਲਾਂ ਕਾਂਗਰਸ ਨੂੰ ਅਲਵਿਦਾ ਕਹਿ ਕੇ ਭਾਰਤੀ ਜਨਤਾ ਪਾਰਟੀ ’ਚ ਸ਼ਾਮਲ ਹੋ ਗਏ ਸਨ। ਉਦੋਂ ਤੋਂ ਉਹ ਚਰਚਾ ’ਚ ਬਣੇ ਹੋਏ ਹਨ। ਉਨ੍ਹਾਂ ਦਾ ਕੱਦ ਉਸ ਵੇਲੇ ਹੋਰ ਵੀ ਵਧਿਆ ਜਦੋਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਚੰਡੀਗੜ੍ਹ ਦੌਰੇ ਦੌਰਾਨ ਉਨ੍ਹਾਂ ਦੀ ਪੰਚਕੂਲਾ ਸਥਿਤ ਰਿਹਾਇਸ਼ ’ਤੇ ਗਏ। ਕਈ ਕਾਂਗਰਸੀ ਆਗੂ ਉਨ੍ਹਾਂ ਦੇ ਸੰਪਰਕ ਵਿਚ ਹਨ ਜੋ ਉਨ੍ਹਾਂ ਰਾਹੀਂ ਪਾਲਾ ਬਦਲਣ ਦੀ ਤਿਆਰੀ ਕਰ ਰਹੇ ਹਨ। ‘ਜਗ ਬਾਣੀ’ ਤੋਂ ਹਰੀਸ਼ ਚੰਦਰ ਨੇ ਉਨ੍ਹਾਂ ਨਾਲ ਪੰਜਾਬ ਦੇ ਮੌਜੂਦਾ ਸਿਆਸੀ ਮਾਹੌਲ, ਕਾਂਗਰਸ, ਭਾਜਪਾ ਆਦਿ ਬਾਰੇ ਗੱਲਬਾਤ ਕੀਤੀ। ਪੇਸ਼ ਹਨ ਉਸ ਗੱਲਬਾਤ ਦੇ ਮੁੱਖ ਅੰਸ਼–
ਤੁਸੀਂ ਸਰਗਰਮ ਸਿਆਸਤ ਛੱਡਣ ਦੀ ਗੱਲ ਕੀਤੀ ਸੀ, ਪਿਛਲੀ ਵਿਧਾਨ ਸਭਾ ਚੋਣ ਵੀ ਨਹੀਂ ਲੜੀ?
ਉਸ ਸਮੇਂ ਕਿਸ ਤਰ੍ਹਾਂ ਦੀ ਸਥਿਤੀ ਬਣੀ ਸੀ, ਇਸ ਵੱਲ ਸਭ ਦਾ ਧਿਆਨ ਹੈ। ਮੈਂ ਸਿਆਸਤ ਛੱਡਣ ਦਾ ਫੈਸਲਾ ਕੀਤਾ ਸੀ ਕਿਉਂਕਿ ਉਸ ਸਮੇਂ ਕਾਂਗਰਸ ਵਿਚ ਜਿਸ ਤਰ੍ਹਾਂ ਦਾ ਮਾਹੌਲ ਬਣਿਆ ਸੀ, ਜਿਸ ਤਰ੍ਹਾਂ ਦੀਆਂ ਨੀਤੀਆਂ ਚੱਲ ਰਹੀਆਂ ਸਨ, ਸਾਡੇ ਕਈ ਸਾਥੀਆਂ ਦੇ ਵੀ ਬਿਆਨ ਆਏ, ਭਾਵੇਂ ਉਹ ਦਿੱਲੀ ਦੇ ਸਨ ਜਾਂ ਫਿਰ ਉਨ੍ਹਾਂ ਦੇ ਵੀ ਜਿਨ੍ਹਾਂ ਨੂੰ ਮੈਂ ਆਪਣਾ ਕੁਲੀਗ ਮੰਨਦਾ ਸੀ। ਉਨ੍ਹਾਂ ਕਿਹਾ ਕਿ ਜੇ ਸੁਨੀਲ ਜਾਂ ਕਿਸੇ ਹਿੰਦੂ ਨੂੰ ਸੀ.ਐੱਮ. ਬਣਾਇਆ ਤਾਂ ਪੰਜਾਬ ਵਿਚ ਅੱਗ ਲੱਗ ਜਾਵੇਗੀ। ਉਸ ਸਮੇਂ ਮੈਂ ਖੁਦ ਨੂੰ ਸਿਆਸਤ ਦੇ ਅਜਿਹੇ ਮਾਹੌਲ ਤੋਂ ਦੂਰ ਰੱਖਣਾ ਹੀ ਬਿਹਤਰ ਸਮਝਿਆ। ਇਹ ਮਸਲਾ ਸ਼ਾਇਦ ਤੈਅ ਵੀ ਸੀ। ਮੇਰੇ ਭਤੀਜੇ ਸੰਦੀਪ ਜਾਖੜ ਨੇ ਮੇਰੇ ਅਬੋਹਰ ਹਲਕੇ ਤੋਂ ਚੋਣ ਲੜੀ ਸੀ ਅਤੇ ਲੋਕਾਂ ਨੇ ਉਸ ਨੂੰ ਖੂਬ ਪਿਆਰ-ਸਤਿਕਾਰ ਦੇ ਕੇ ਜਿਤਾਇਆ ਸੀ।
ਫਿਰ ਆਖਿਰ ਸਿਆਸਤ ’ਚ ਮੁੜ ਸਰਗਰਮ ਹੋਣ ਦਾ ਕੋਈ ਖਾਸ ਕਾਰਨ?
ਜੋ ਹਾਲਾਤ ਹੁਣ ਬਣੇ ਹਨ, ਉਹ ਸਿਰਫ਼ ਇਕ ਬੁਨਿਆਦੀ ਚੀਜ਼ ਨਹੀਂ ਹੈ। ਸਿਰਫ਼ ਕਾਂਗਰਸ ਦੀ ਹੀ ਨਹੀਂ, ਭਾਰਤ ਦੀ ਵੀ, ਇੱਥੇ ਪੰਜਾਬ ਵਰਗੇ ਸੂਬੇ ਵਿਚ ਧਰਮ ਨਿਰਪੱਖਤਾ ਦੀ ਗੱਲ ਹੋਣੀ ਚਾਹੀਦੀ ਹੈ। ਇੰਨਾ ਹੀ ਨਹੀਂ, ਉਨ੍ਹਾਂ ਉਸ ਮੁੱਦੇ ਬਾਰੇ ਮੈਨੂੰ ਨੋਟਿਸ ਵੀ ਦਿੱਤਾ ਸੀ। ਇਸ ਵਿਚ ਦੋ ਗੱਲਾਂ ਸਨ। ਮੈਂ ਦੁਖੀ ਮਹਿਸੂਸ ਕੀਤਾ, 3 ਪੀੜ੍ਹੀਆਂ ਦੀ ਕਾਂਗਰਸ ਪ੍ਰਤੀ ਮੇਰੀ ਵਫ਼ਾਦਾਰੀ ਦਾ ਅਪਮਾਨ ਕੀਤਾ ਗਿਆ ਕਿਉਂਕਿ ਇਹ ਗੱਲ ਮੈਨੂੰ ਸੱਦ ਕੇ ਵੀ ਪੁੱਛੀ ਜਾ ਸਕਦੀ ਸੀ। ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਜਾਂ ਰਾਹੁਲ-ਪ੍ਰਿਯੰਕਾ ਹੀ ਨਹੀਂ, ਵੇਣੂਗੋਪਾਲ ਜਾਂ ਪਾਰਟੀ ਦਾ ਕੋਈ ਹੋਰ ਸੀਨੀਅਰ ਨੇਤਾ ਮੇਰੇ ਨਾਲ ਗੱਲ ਕਰ ਸਕਦਾ ਸੀ ਕਿ ਕੀ ਕਾਰਨ ਸਨ, ਕੀ ਹੋਇਆ ਪਰ ਨੋਟਿਸ ਰਾਹੀਂ, ਜਿਵੇਂ ਕਹਿੰਦੇ ਹਨ–
ਕਿਆ ਚੋਰ ਹੈਂ ਜੋ ਹਮਕੋ ਦਰਬਾਨ ਤੁਮਹਾਰਾ ਰੋਕੇ,
ਕਹਿ ਦੋ ਕਿ ਹਮ ਤੋ ਜਾਨੇ-ਪਹਿਚਾਨੇ ਆਦਮੀ ਹੈਂ।
ਸਾਡੀ ਜਾਣ-ਪਛਾਣ ਤਾਂ 3 ਪੀੜ੍ਹੀਆਂ ਤੋਂ ਸੀ, 50 ਸਾਲਾਂ ਤੋਂ ਸੀ ਅਤੇ ਮੈਨੂੰ ਇਕ ਅਪਰਾਧੀ ਵਜੋਂ ਨੋਟਿਸ ਦਿੱਤਾ ਜਾ ਰਿਹਾ ਹੈ। ਇਸ ਨੇ ਮੇਰੇ ਸਵੈ-ਮਾਣ ਤੇ ਆਤਮ-ਸਨਮਾਨ ਨੂੰ ਠੇਸ ਪਹੁੰਚਾਈ। ਦੂਜਾ, ਪਾਰਟੀ ਦੇ ਹਿੱਤ ਵਿਚ ਨਿੱਜੀ ਗੱਲਾਂ ਨੂੰ ਦੂਰ ਕੀਤਾ ਜਾ ਸਕਦਾ ਸੀ ਪਰ ਜਿਸ ਗੱਲ ਦੀ ਮੈਂ ਲੜਾਈ ਲੜ ਰਿਹਾ ਸੀ, ਜਿਸ ਨੇਤਾ ਖਿਲਾਫ ਲੜਾਈ ਲੜ ਰਿਹਾ ਸੀ ਕਿ ਉਸ ਨੇ ਹਿੰਦੂ-ਸਿੱਖ ਭਾਈਚਾਰਕ ਸਾਂਝ ਵਿਚ ਦਰਾਰ ਪੈਦਾ ਕਰਨ ਦੀ ਕੋਸ਼ਿਸ਼ ਕੀਤੀ, ਉਸ ’ਤੇ ਹਾਈਕਮਾਨ ਨੇ ਇਹ ਨੋਟਿਸ ਦੇ ਕੇ ਮੋਹਰ ਲਾ ਦਿੱਤੀ ਹੈ। ਮਤਲਬ ਹਾਈਕਮਾਨ ਨੇ ਉਨ੍ਹਾਂ ਦੀ ਗੱਲ ਮੰਨ ਲਈ ਜਦੋਂਕਿ ਕਿਸੇ ਹਿੰਦੂ ਦੇ ਸੀ.ਐੱਮ. ਬਣਨ ਨਾਲ ਪੰਜਾਬ ’ਚ ਅੱਗ ਲੱਗ ਜਾਵੇਗੀ, ਅਜਿਹੇ ਬਿਆਨ ਦੇ ਕੇ ਉਸ ਨੇਤਾ ਨੇ ਨਾ ਸਿਰਫ਼ ਪੰਜਾਬੀਅਤ ਨੂੰ ਬਦਨਾਮ ਕੀਤਾ, ਸਿੱਖੀ ਨੂੰ ਬਦਨਾਮ ਕੀਤਾ, ਸਗੋਂ ਕਾਂਗਰਸ ਦੇ ਧਰਮ ਨਿਰਪੱਖ ਅਕਸ ਨੂੰ ਵੀ ਠੇਸ ਪਹੁੰਚਾਈ। ਇਸ ਕਾਰਨ ਮੈਂ ਪਾਰਟੀ ਛੱਡਣ ਬਾਰੇ ਸੋਚਿਆ। ਜਦੋਂ ਉਨ੍ਹਾਂ ਨੋਟਿਸ ਦਿੱਤਾ ਸੀ, ਉਸ ਵੇਲੇ ਹੀ ਮੇਰਾ ਮਨ ਉਨ੍ਹਾਂ ਨਾਲੋਂ ਟੁੱਟ ਗਿਆ ਕਿਉਂਕਿ 50 ਸਾਲ ਦਾ ਰਿਸ਼ਤਾ ਵੀ ਅਜਿਹਾ ਹੈ ਕਿ ਉਹ ਗੱਲ ਤਕ ਨਹੀਂ ਕਰ ਰਹੇ ਪਰ ਇਸ ਭੂਮਿਕਾ ਵਿਚ ਵੀ ਜੇ ਵੇਖੀਏ ਤਾਂ ਘਰ ਬੈਠਣਾ ਅਤੇ ਘਰ ਵਿਚ ਬਿਠਾਇਆ ਜਾਣਾ, ਇਸ ਵਿਚ ਬਹੁਤ ਫਰਕ ਹੈ। ਪੰਜਾਬੀਅਤ ਅਤੇ ਪੰਜਾਬ ਦੀ ਭਾਈਚਾਰਕ ਸਾਂਝ ਵਿਚ ਯੋਗਦਾਨ ਪਾਉਣ ਲਈ ਮੈਂ ਸਰਗਰਮ ਸਿਆਸਤ ਵਿਚ ਵਾਪਸ ਆਇਆ ਹਾਂ।
ਤੁਹਾਡੇ ਕੋਲ ਦੋ ਬਦਲ ਸਨ, ਫਿਰ ਆਪਣੀ ਨਵੀਂ ਪਾਰੀ ਲਈ ਭਾਜਪਾ ਨੂੰ ਹੀ ਕਿਉਂ ਚੁਣਿਆ?
50 ਸਾਲਾਂ ਦਾ ਰਿਸ਼ਤਾ ਤੋੜ ਕੇ ਕਿਸੇ ਨਵੇਂ ਘਰ ਵਿਚ ਜਾਣਾ ਸੌਖਾ ਨਹੀਂ ਹੁੰਦਾ। ਮੇਰੀ ਜ਼ਿੰਦਗੀ ’ਚ ਅਜਿਹੇ ਮੌਕੇ ਘੱਟ ਹੀ ਆਏ ਹਨ ਜਦੋਂ ਅਜਿਹੇ ਸਖ਼ਤ ਫੈਸਲੇ ਲੈਣੇ ਪਏ। ਮੈਂ ਨਹੀਂ ਚਾਹੁੰਦਾ ਕਿ ਅਜਿਹੇ ਮੌਕੇ ਕਿਸੇ ਦੇ ਜੀਵਨ ਵਿਚ ਜਾਂ ਸਿਆਸੀ ਜੀਵਨ ਵਿਚ ਆਉਣ, ਜਦੋਂ ਤੁਸੀਂ ਇੰਨੇ ਲੰਮੇ ਰਿਸ਼ਤੇ ਨੂੰ ਤੋੜ ਕੇ ਇਕ ਨਵੀਂ ਧਾਰਾ ਵਿਚ ਸ਼ਾਮਲ ਹੋਵੋ। ਰਾਸ਼ਟਰੀ ਸੰਦਰਭ ’ਚ ਖਾਸ ਤੌਰ ’ਤੇ ਪੰਜਾਬ ਦੀ ਲੋੜ ਨੂੰ ਮੁੱਖ ਰੱਖਦਿਆਂ ਮੈਂ ਭਾਜਪਾ ਵਿਚ ਜਾਣ ਦਾ ਫੈਸਲਾ ਕੀਤਾ। ਜੇ ਸੱਤਾ ਦੇ ਸਬੰਧ ’ਚ ਜਾਂ ਨਿੱਜੀ ਹਿੱਤਾਂ ’ਚ ਕੋਈ ਫੈਸਲਾ ਲਿਆ ਜਾਂਦਾ ਤਾਂ ਮੈਂ ਇਕ ਸਿਆਸੀ ਆਗੂ ਵਜੋਂ ਵੇਖਦਾ। ਆਮ ਆਦਮੀ ਪਾਰਟੀ ਦੀ ਸਰਕਾਰ ਦੇ 5 ਕੁ ਸਾਲ ਪਏ ਹਨ। ਇਸ ਦਾ ਅਬੋਹਰ ਜ਼ਿਲੇ ਅਤੇ ਉਸ ਪੂਰੇ ਇਲਾਕੇ ਵਿਚ ਇਸ ਦੇ ਕਿਸੇ ਨੇਤਾ ਦਾ ਵੀ ਆਧਾਰ ਨਹੀਂ। ਜੇ ਮੈਂ ਸਿਆਸੀ ਦਬਦਬੇ ਲਈ ਜਾਂਦਾ ਤਾਂ ‘ਆਪ’ ’ਚ ਸ਼ਾਮਲ ਹੋਣਾ ਬਿਹਤਰ ਸਿਆਸੀ ਫੈਸਲਾ ਹੁੰਦਾ। ਪੰਜਾਬ ਦੀ ਬਿਹਤਰੀ ਲਈ, ਦੇਸ਼ ਦੀ ਬਿਹਤਰੀ ਲਈ ਮੈਂ ਭਾਜਪਾ ਵਰਗੀ ਕੌਮੀ ਪਾਰਟੀ ਵਿਚ ਪੰਜਾਬੀਅਤ ਦੇ ਜਜ਼ਬੇ ਨੂੰ ਚੰਗੀ ਤਰ੍ਹਾਂ ਪੇਸ਼ ਕਰਨ ਲਈ ਆਪਣੀ ਭੂਮਿਕਾ ਨਿਭਾ ਸਕਦਾ ਹਾਂ। ਮੇਰਾ ਕੋਈ ਨਿੱਜੀ ਸਵਾਰਥ ਨਹੀਂ ਸੀ।
ਤੁਸੀਂ ਭਾਜਪਾ ਵਿਚ ਸ਼ਾਮਲ ਹੋਣ ਤੋਂ ਪਹਿਲਾਂ ਵੀ ਅਮਿਤ ਸ਼ਾਹ ਨੂੰ ਮਿਲੇ ਸੀ, ਉਸ ਤੋਂ ਬਾਅਦ ਵੀ। ਉਹ ਤੁਹਾਡੀ ਪੰਚਕੂਲਾ ਸਥਿਤ ਰਿਹਾਇਸ਼ ’ਤੇ ਵੀ ਆਏ ਸਨ। ਉਨ੍ਹਾਂ ਨਾਲ ਇਸ ਸਾਂਝ ਦਾ ਮੁੱਖ ਕਾਰਨ?
ਸੰਸਦ ਮੈਂਬਰ ਰਹਿਣ ਦੇ ਆਪਣੇ ਡੇਢ ਸਾਲ ਦੇ ਕਾਰਜਕਾਲ ਦੌਰਾਨ ਅਮਿਤ ਸ਼ਾਹ ਮੈਨੂੰ ਕਈ ਵਾਰ ਜ਼ਰੂਰ ਮਿਲੇ ਸਨ। ਉਨ੍ਹਾਂ ਬਾਰੇ ਜੋ ਗੱਲ ਮੈਨੂੰ ਚੰਗੀ ਲੱਗੀ, ਉਹ ਇਹ ਹੈ ਕਿ ਉਹ ਪੰਜਾਬੀਅਤ ਦੀ ਭਾਵਨਾ ਨੂੰ ਡੂੰਘਾਈ ਨਾਲ ਜਾਣਦੇ ਹਨ। ਉਹ ਪੰਜਾਬ ਪ੍ਰਤੀ ਬਹੁਤ ਸੰਵੇਦਨਸ਼ੀਲ ਤੇ ਗੰਭੀਰ ਹਨ। ਉਹ ਪੰਜਾਬ ਦੀ ਭਾਈਚਾਰਕ ਸਾਂਝ ਦੀਆਂ ਬਾਰੀਕੀਆਂ ਨੂੰ ਸਮਝਦੇ ਹਨ। ਖਾਸ ਗੱਲ ਇਹ ਹੈ ਕਿ ਜਿਸ ਵਿਅਕਤੀ ਨੇ ਕੁਝ ਦਿਨ ਪਹਿਲਾਂ ਹੀ ਉਨ੍ਹਾਂ ਦੀ ਪਾਰਟੀ ’ਚ ਕਦਮ ਰੱਖਿਆ ਹੋਵੇ, ਉਨ੍ਹਾਂ ਖੁਦ ਉੱਥੇ ਆ ਕੇ ਉਨ੍ਹਾਂ ਨੂੰ ਸਨਮਾਨ ਦਿੱਤਾ।
ਜਿਸ ਦਿਨ ਉਹ ਮੇਰੇ ਘਰ ਆਏ ਸਨ, ਉਨ੍ਹਾਂ ਨੇ ਪੰਜਾਬ ਦੇ ਤਾਜ਼ਾ ਹਾਲਾਤ ’ਤੇ ਚਰਚਾ ਦੌਰਾਨ ਕਿਹਾ ਸੀ ਕਿ ਉਹ ਪੰਜਾਬ ਵਿਚ ਹਿੰਦੂ-ਸਿੱਖ ਭਾਈਚਾਰਕ ਸਾਂਝ ਨੂੰ ਕਿਸੇ ਵੀ ਕੀਮਤ ’ਤੇ ਠੇਸ ਨਹੀਂ ਲੱਗਣ ਦੇਣਗੇ। ਕੇਂਦਰ ਸਰਕਾਰ ਪੰਜਾਬ ਦੇ ਹਾਲਾਤ ’ਤੇ ਨਜ਼ਰ ਰੱਖ ਰਹੀ ਹੈ ਅਤੇ ਪਾਣੀ ਸਿਰ ਤੋਂ ਨਹੀਂ ਲੰਘਣ ਦੇਵੇਗੀ। ਕੇਂਦਰ ਮੂਕ ਦਰਸ਼ਕ ਬਣ ਕੇ ਨਹੀਂ ਬੈਠੇਗਾ ਅਤੇ ਸਥਿਤੀ ਨੂੰ ਬੇਕਾਬੂ ਨਹੀਂ ਹੋਣ ਦੇਵੇਗਾ।
ਹਾਲ ਹੀ ’ਚ ਕਾਂਗਰਸ ਦੇ 4 ਸਾਬਕਾ ਮੰਤਰੀ ਵੀ ਭਾਜਪਾ ’ਚ ਸ਼ਾਮਲ ਹੋਏ ਹਨ, ਇਸ ਵਿਚ ਤੁਹਾਡੀ ਵੀ ਭੂਮਿਕਾ ਰਹੀ? ਚੋਣਾਂ ਅਜੇ ਦੂਰ ਹਨ, ਫਿਰ ਇਹ ਲੋਕ ਕਾਂਗਰਸ ਕਿਉਂ ਛੱਡ ਰਹੇ ਹਨ?
ਇਹ ਤਾਂ ਘਰ-ਘਰ ਦੀ ਕਹਾਣੀ ਹੈ। ਅਜਿਹਾ ਵਤੀਰਾ ਸਿਰਫ ਸੁਨੀਲ ਜਾਖੜ ਨਾਲ ਹੀ ਨਹੀਂ ਕੀਤਾ ਗਿਆ। ਕਈ ਚੋਟੀ ਦੇ ਕਾਂਗਰਸੀ ਆਗੂ ਸਨ ਜੋ ਕਿਸੇ ਨਾ ਕਿਸੇ ਕਾਰਨ ਦੁਖੀ ਮਹਿਸੂਸ ਕਰ ਰਹੇ ਸਨ। ਉਨ੍ਹਾਂ ਇਸ ਗੱਲ ਨੂੰ ਸਮਝਿਆ, ਨਿੱਜੀ ਰਿਸ਼ਤਾ ਹੋਣ ਕਾਰਨ ਉਨ੍ਹਾਂ ਆਪਣੀਆਂ ਭਾਵਨਾਵਾਂ ਜ਼ਾਹਿਰ ਕੀਤੀਆਂ। ਉਨ੍ਹਾਂ ਦੇਖਿਆ ਕਿ ਜਦੋਂ ਮੈਂ ਭਾਜਪਾ ਵਿਚ ਸ਼ਾਮਲ ਹੋਇਆ ਤਾਂ ਉਨ੍ਹਾਂ ਦਾ ਦਰਦ ਵੀ ਛਲਕਿਆ। ਜਦੋਂ ਮੇਰੇ ਪਾਰਟੀ ਦੇ ਕੁਝ ਸਾਥੀ ਮੈਨੂੰ ਮਿਲਣ ਆਏ ਤਾਂ ਮੈਂ ਗੱਲਬਾਤ ਦੌਰਾਨ ਕਿਹਾ ਸੀ ਕਿ ਪੰਜਾਬ ਦੇ ਹਾਲਾਤ ਭਾਵੇਂ ਅਮਨ-ਕਾਨੂੰਨ ਦੇ ਹੋਣ, ਭਾਵੇਂ ਵਿੱਤੀ ਮੋਰਚੇ ਦੇ ਅਤੇ ਭਾਵੇਂ ਭਵਿੱਖ ਦੇ ਹੋਣ, ਨੌਜਵਾਨਾਂ ਤੇ ਕਿਸਾਨਾਂ ਦੀ ਜੋ ਹਾਲਤ ਹੈ, ਸਭ ਦੇ ਸਾਹਮਣੇ ਹੈ। ਪੰਜਾਬ ਨੇ ਦੇਸ਼ ਲਈ ਬਹੁਤ ਕੁਝ ਕੀਤਾ, ਕੁਰਬਾਨੀਆਂ ਦਿੱਤੀਆਂ, ਦੇਸ਼ ਦਾ ਪੇਟ ਭਰਿਆ ਪਰ ਅੱਜ ਪੰਜਾਬ ਦੀ ਬਾਂਹ ਫੜਨ ਵਾਲਾ ਚਾਹੀਦਾ ਹੈ। ਕੇਂਦਰ ਦੇ ਪੰਜਾਬ ਪ੍ਰਤੀ ਰਵੱਈਏ ਨੂੰ ਦੇਖਦੇ ਹੋਏ ਭਾਜਪਾ ਨਾਲ ਜੁੜਨਾ ਬਿਹਤਰ ਹੈ। ਮੋਦੀ ਸਰਕਾਰ ਦਾ ਪੂਰਾ ਧਿਆਨ ਪੰਜਾਬ ਵੱਲ ਹੈ।
ਚਰਚਾ ਹੈ ਕਿ ਕੁਝ ਹੋਰ ਸੰਸਦ ਮੈਂਬਰ-ਵਿਧਾਇਕ ਤੇ ਸੀਨੀਅਰ ਕਾਂਗਰਸੀ ਆਗੂ ਵੀ ਭਾਜਪਾ ਵਿਚ ਸ਼ਾਮਲ ਹੋਣ ਜਾ ਰਹੇ ਹਨ?
ਦੇਖੋ, ਮੈਂ ਕੋਈ ਜੋਤਸ਼ੀ ਜਾਂ ਭਵਿੱਖ ਦੱਸਣ ਵਾਲਾ ਨਹੀਂ ਹਾਂ ਪਰ ਮੈਂ ਇਹ ਕਹਿ ਸਕਦਾ ਹਾਂ ਕਿ ਇਸ ਸਮੇਂ ਕਾਂਗਰਸ ਵਿਚ ਜੋ ਸਥਿਤੀ ਬਣੀ ਹੋਈ ਹੈ, ਉਸ ਤੋਂ ਪਾਰਟੀ ਦੇ ਕਈ ਆਗੂ ਨਿਰਾਸ਼ ਮਹਿਸੂਸ ਕਰ ਰਹੇ ਹਨ। ਇਨ੍ਹਾਂ ਵਿਚ ਸੰਸਦ ਮੈਂਬਰ-ਵਿਧਾਇਕ ਅਤੇ ਕਈ ਸੀਨੀਅਰ ਆਗੂ ਵੀ ਸ਼ਾਮਲ ਹਨ।
ਤੁਹਾਡੇ ਭਾਜਪਾ ’ਚ ਸ਼ਾਮਲ ਹੋਣ ਅਤੇ ਹੁਣ ਕੁਝ ਕਾਂਗਰਸੀਆਂ ਵੱਲੋਂ ਪਾਰਟੀ ਛੱਡ ਕੇ ਭਾਜਪਾ ’ਚ ਜਾਣ ’ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਤੰਜ ਕੱਸੇ ਸਨ। ਤੁਸੀਂ ਕੀ ਕਹੋਗੇ?
ਕਹਿੰਦੇ ਹਨ ਕਿ ਜਦੋਂ ਮਨੁੱਖ ਦਾ ਪ੍ਰਛਾਵਾਂ ਉਸ ਤੋਂ ਵੱਡਾ ਹੋ ਜਾਵੇ ਤਾਂ ਸਮਝੋ ਕਿ ਸੂਰਜ ਡੁੱਬਣ ਵਾਲਾ ਹੈ ਅਤੇ ਜੇ ਮਨੁੱਖ ਦੀ ਜ਼ੁਬਾਨ ਉਸ ਦੇ ਰੁਤਬੇ ਤੋਂ ਵੱਡੀ ਹੋ ਜਾਵੇ ਤਾਂ ਸਮਝੋ ਕਿ ਉਹ ਡੁੱਬਣ ਵਾਲਾ ਹੈ। ਕਾਂਗਰਸ ਦੀ ਅੱਜ ਜਿਸ ਤਰ੍ਹਾਂ ਦੀ ਲੀਡਰਸ਼ਿਪ ਹੈ, ਉਸ ਤੋਂ ਕੁਝ ਬਿਹਤਰ ਹੋਣ ਦੀ ਉਮੀਦ ਨਹੀਂ ਕੀਤੀ ਜਾ ਸਕਦੀ। ਉਸ ਦਾ ਅੱਜ ਦਾ ਹੀ ਡਰਾਮਾ ਦੇਖੋ, ਸੀ. ਐੱਮ. ਦੀ ਰਿਹਾਇਸ਼ ’ਤੇ ਪਹਿਲਾਂ ਵੀ ਧਰਨੇ ਤੇ ਮੁਜ਼ਾਹਰੇ ਹੁੰਦੇ ਰਹੇ ਹਨ ਪਰ ਇਨ੍ਹਾਂ ਨੇ ਅਜਿਹਾ ਹੰਗਾਮਾ ਕੀਤਾ ਜਿਵੇਂ ਕਾਲਜ ਦੇ ਮੁੰਡੇ ਹੋਣ। ਇਨ੍ਹਾਂ ਆਗੂਆਂ ਵਿਚ ਸਿਆਸੀ ਪਰਿਪੱਕਤਾ ਦੀ ਘਾਟ ਸਪਸ਼ਟ ਨਜ਼ਰ ਆਉਂਦੀ ਹੈ।