ਕਾਂਗਰਸ ਨੇ ਪੰਜਾਬ ਨੂੰ ਢਾਈ ਸਾਲਾਂ ’ਚ ਕੁੱਟਿਆ ਤੇ ਲੁੱਟਿਆ : ਪ੍ਰੋ. ਚੰਦੂਮਾਜਰਾ

Wednesday, Dec 25, 2019 - 09:02 PM (IST)

ਕਾਂਗਰਸ ਨੇ ਪੰਜਾਬ ਨੂੰ ਢਾਈ ਸਾਲਾਂ ’ਚ ਕੁੱਟਿਆ ਤੇ ਲੁੱਟਿਆ : ਪ੍ਰੋ. ਚੰਦੂਮਾਜਰਾ

ਪਟਿਆਲਾ, ਬਲਜਿੰਦਰ)- ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਕਾਂਗਰਸ ਨੇ ਪੰਜਾਬ ਨੂੰ ਲੰਘੇ ਢਾਈ ਸਾਲ ਦੌਰਾਨ ਲੁੱਟਿਆ ਤੇ ਕੁੱਟਿਆ ਹੀ ਹੈ। ਹਾਲਾਤ ਇਹ ਹਨ ਕਿ ਕਾਂਗਰਸੀ ਵਿਧਾਇਕ ਹੁਣ ਆਪਣੇ ਆਪ ਨੂੰ ਕਾਨੂੰਨ ਤੋਂ ਉਪਰ ਸਮਝਣ ਲੱਗ ਪਏ ਹਨ। ਸ਼ਰੇਆਮ ਮਾਈਨਿੰਗ, ਸੱਟੇਬਾਜ਼ੀ, ਸ਼ਰਾਬ ਦੀ ਸਮੱਗਲਿੰਗ ਉਨ੍ਹਾਂ ਲਈ ਜਿਵੇਂ ਕਾਨੂੰਨੀ ਤੌਰ ’ਤੇ ਮਾਨਤਾ ਪ੍ਰਾਪਤ ਧੰਦੇ ਬਣ ਗਏ ਹੋਣ। ਹਾਲਾਤ ਇਹ ਹਨ ਕਿ ਕਾਂਗਰਸੀ ਵਿਧਾਇਕਾਂ ਵੱਲੋਂ ਸ਼ਰੇਆਮ ਗੁੰਡਾ ਟੈਕਸ ਵਸੂਲਿਆ ਜਾ ਰਿਹਾ ਹੈ ਪਰ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਅੱਖਾਂ ਬੰਦ ਕਰਕੇ ਬੈਠੇ ਹਨ। ਕਾਂਗਰਸੀ ਵਿਧਾਇਕ ਨਾ ਕੇਵਲ ਪੰਜਾਬ ਦੇ ਲੋਕਾਂ ਨੂੰ ਲੁੱਟ ਰਹੇ ਹਨ ਸਗੋਂ ਕੁੱਟ ਵੀ ਰਹੇ ਹਨ, ਜਿਸ ਦੇ ਵਿਰੋਧ ਵਿਚ ਅਕਾਲੀ ਦਲ ਨੇ ਇਕ ਲੋਕ ਅੰਦੋਲਨ ਸ਼ੁਰੂ ਕੀਤਾ ਹੈ। ਇਸ ਅੰਦੋਲਨ ਦੌਰਾਨ ਅਸੀਂ ਕਾਂਗਰਸੀਆਂ ਵੱਲੋਂ ਕੀਤੇ ਜਾ ਰਹੇ ਕਾਲੇ ਕਾਰਨਾਮਿਆਂ ਨੂੰ ਲੋਕਾਂ ਵਿਚ ਲੈ ਕੇ ਜਾਵਾਂਗੇ ਅਤੇ ਕਾਂਗਰਸ ਦੀ ਧੱਕੇਸ਼ਾਹੀ ਖਿਲਾਫ ਇਕ ਵੱਡਾ ਲੋਕ ਅੰਦੋਲਨ ਸ਼ੁਰੂ ਕੀਤਾ ਜਾਵੇਗਾ।

ਪ੍ਰੋ. ਚੰਦੂੁਮਾਜਰਾ ਨੇ ਕਿਹਾ ਕਿ ਕਾਂਗਰਸ ਵੱਲੋਂ ਜਿਹਡ਼ੇ ਵਾਅਦੇ ਚੋਣਾਂ ਦੌਰਾਨ ਕੀਤੇ ਗਏ ਸਨ, ਉਨ੍ਹਾਂ ਵਿਚੋਂ ਇਕ ਵੀ ਪੂਰਾ ਨਹੀਂ ਕੀਤਾ ਗਿਆ ਅਤੇ ਅੱਜ ਹਾਲਾਤ ਇਹ ਹਨ ਕਿ ਨੌਜਵਾਨ ਮੋਬਾਇਲਾਂ ਨੂੰ ਉਡੀਕ ਰਹੇ ਹਨ। ਘਰ-ਘਰ ਨੌਕਰੀ ਦੇਣ ਦੀ ਬਜਾਏ ਜਿਹਡ਼ੀਆਂ ਅਕਾਲੀ-ਭਾਜਪਾ ਸਰਕਾਰ ਸਮੇਂ ਨੌਕਰੀਆਂ ਦਿੱਤੀਆਂ ਗਈਆਂ ਸਨ, ਉਹ ਵੀ ਖੋਹ ਲਈਆਂ ਗਈਆਂ। ਜਨਤਾ ਦਾ ਧਿਆਨ ਭਡ਼ਕਾਉਣ ਲਈ ਕਾਂਗਰਸ ਵੱਲੋਂ ਆਏ ਦਿਨ ਗੁੰਮਰਾਹਕੁਨ ਪ੍ਰਚਾਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਬਡ਼ੀ ਹੈਰਾਨੀ ਦੀ ਗੱਲ ਹੈ ਕਿ ਜਿਹਡ਼ਾ ਵਿੱਤ ਮੰਤਰੀ ਸਰਕਾਰ ਦੇ ਖਾਲੀ ਖਜਾਨੇ ਦੀ ਗੱਲ ਕਰ ਰਿਹਾ ਹੈ, ਉਸ ਦੇ ਆਪਣੇ ਘਰ ਵਿਚ 27 ਏ. ਸੀ. ਲੱਗੇ ਹੋਏ ਹਨ ਤੇ ਉਹ 7 ਲੱਖ ਰੁਪਏ ਬਿਜਲੀ ਦਾ ਬਿੱਲ ਭਰ ਰਿਹਾ ਹੈ। ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਕਾਂਗਰਸੀ ਵਿਧਾਇਕਾਂ ਵੱਲੋਂ ਸ਼ਰੇਆਮ ਚਿੱਟੇ ਅਤੇ ਸ਼ਰਾਬ ਦੀ ਸਮੱਗਲਿੰਗ ਕਰਕੇ ਪੰਜਾਬ ਦੀ ਨੌਜਵਾਨੀ ਨੂੰ ਨਸ਼ੇ ਦੇ ਦਲ-ਦਲ ਵਿਚ ਸੁੱਟਿਆ ਜਾ ਰਿਹਾ ਹੈ। ਇਸ ਮੌਕੇ ਉਨ੍ਹਾਂ ਦੇ ਨਾਲ ਸੀਨੀਅਰ ਅਕਾਲੀ ਆਗੂ ਸੁਖਬੀਰ ਸਿੰਘ ਅਬਲੋਵਾਲ ਵੀ ਸਨ।


author

Bharat Thapa

Content Editor

Related News