ਕਾਂਗਰਸ ਦੇ ਦੋ ਧੜ੍ਹਿਆਂ ਲਈ ‘ਮੁੱਛ’ ਦਾ ਸਵਾਲ ਬਣੀ ਜ਼ਿਲ੍ਹਾ ਯੂਥ ਕਾਂਗਰਸ ਦੀ ਪ੍ਰਧਾਨਗੀ ਦੀ ਚੋਣ
03/24/2023 6:11:41 PM

ਮੋਗਾ (ਗੋਪੀ ਰਾਊਕੇ) : ਪੰਜਾਬ ਵਿਚ ਯੂਥ ਕਾਂਗਰਸ ਦੀਆਂ ਚੋਣਾਂ ਨੂੰ ਲੈ ਕੇ ਜਿੱਥੇ ਆਨਲਾਈਨ ਵਿਧੀ ਰਾਹੀਂ 18 ਤੋਂ 35 ਸਾਲ ਦੇ ਨੌਜਵਾਨਾਂ ਵੱਲੋਂ ਵੋਟਿੰਗ ਕੀਤੀ ਜਾ ਰਹੀ ਹੈ, ਉੱਥੇ ਮਾਲਵਾ ਖਿੱਤੇ ਦੀ ਧੁੰਨੀ ਵਜੋਂ ਜਾਣੇ ਜਾਂਦੇ ਮੋਗਾ ਜ਼ਿਲ੍ਹੇ ਵਿਚ ਜ਼ਿਲ੍ਹਾ ਯੂਥ ਕਾਂਗਰਸ ਦੀਆਂ ਚੋਣਾਂ ਨੂੰ ਲੈ ਕੇ ਸਿਆਸੀ ਸ਼ਰੀਕੇਬਾਜ਼ੀ ਇੰਨ੍ਹੀ ਵੱਧ ਗਈ ਹੈ ਕਿ ਇੰਝ ਪ੍ਰਤੀਤ ਹੋ ਰਿਹਾ ਹੈ ਕਿ ਜਿਵੇਂ ਕੋਈ ਵਿਧਾਨ ਸਭਾ ਦੀਆਂ ਚੋਣਾਂ ਨੂੰ ਲੈ ਕੇ ਸਰਗਰਮੀਆਂ ਹੋਣ। ਇਸ ਤਰ੍ਹਾਂ ਦੀ ਬਣੀ ਸਥਿਤੀ ਕਰਕੇ ਦੋ ਵੱਡੇ ਰਵਾਇਤੀ ਸਿਆਸੀ ਵਿਰੋਧੀਆਂ ਸਾਬਕਾ ਮੰਤਰੀ ਦਰਸ਼ਨ ਸਿੰਘ ਬਰਾੜ ਅਤੇ ਜ਼ਿਲ੍ਹਾ ਕਾਂਗਰਸ ਕਮੇਟੀ ਮੋਗਾ ਦੇ ਪ੍ਰਧਾਨ ਅਤੇ ਸਾਬਕਾ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਲਈ ਇਹ ਚੋਣ ਜਿੱਤਣਾ ‘ਮੁੱਛ’ ਦਾ ਸਵਾਲ ਬਣ ਗਿਆ ਹੈ।
ਭਾਵੇਂ ਜ਼ਿਲ੍ਹਾ ਪ੍ਰਧਾਨਗੀ ਦੀ ਚੋਣ ਲਈ 6 ਤੋਂ ਵਧੇਰੇ ਉਮੀਦਵਾਰ ਮੈਦਾਨ ਵਿਚ ਪਰੰਤੂ ਮੁੱਖ ਮੁਕਾਬਲਾ ਮੌਜੂਦਾ ਪ੍ਰਧਾਨ ਅਤੇ ਬਰਾੜ ਪਰਿਵਾਰ ਦੇ ਖਾਸਮਖਾਸ ਮੰਨੇ ਜਾਂਦੇ ਪੱਪੂ ਜੋਸ਼ੀ, ਸੋਹਨਾ ਖੇਲਾ ਸਿਆਸੀ ਸਕੱਤਰ ਲੋਹਗੜ੍ਹ ਅਤੇ ਵਿਕਰਮ ਪੱਤੋ ਦਰਮਿਆਨ ਹੀ ਬਣਦਾ ਦਿਖਾਈ ਦੇ ਰਿਹਾ ਹੈ ਕਿਉਂਕਿ ਪੱਪੂ ਜੋਸ਼ੀ ਬਰਾੜ ਪਰਿਵਾਰ ਦੀ ਉਂਗਲ ਫੜ੍ਹ ਕੇ ਸਿਆਸਤ ਦੀ ਪੌੜ੍ਹੀਆਂ ਚੜ੍ਹੇ ਹਨ ਅਤੇ ਉਨ੍ਹਾਂ ਕੋਲ ਯੂਥ ਕਾਂਗਰਸ ਵਿਚ ਕੰਮ ਕਰਨ ਦਾ ਵੱਡਾ ਤਜ਼ਰਬਾ ਹੈ ਜਦੋਂਕਿ ਸੋਹਨਾ ਖੇਲਾ ਲੰਮੇਂ ਸਮੇਂ ਤੋਂ ਸਾਬਕਾ ਵਿਧਾਇਕ ਲੋਹਗੜ੍ਹ ਨਾਲ ਵਿਚਰਦੇ ਹੋਣ ਕਰਕੇ ਸਿਆਸੀ ਸਰਗਰਮੀਆਂ ਵਿਚ ਹਿੱਸਾ ਲੈਂਦੇ ਰਹੇ ਹਨ। ਇਨ੍ਹਾਂ ਦੋਵਾਂ ਨੌਜਵਾਨਾਂ ਨੂੰ ਵੱਡੇ ਸਿਆਸੀ ਆਗੂਆਂ ਦੇ ਥਾਪੜੇ ਦਾ ਲਾਹਾ ਮਿਲਣਾ ਸੁਭਾਵਿਕ ਹੈ।
ਤੀਜੀ ਧਿਰ ਵਜੋਂ ਉੱਭਰੇ ਵਿਕਰਮ ਪੱਤੋ ਨੇ ਆਪਣਾ ਸਿਆਸੀ ਰਾਹ ਆਪ ਬਣਾਇਆ ਹੈ। ਕਾਂਗਰਸ ਦੇ ਛੋਟੇ ਤੋਂ ਲੈ ਕੇ ਵੱਡੇ ਸਮਾਗਮਾਂ ਵਿਚ ਸ਼ਿਰਕਤ ਕਰਦੇ ਹੋਏ ਸਟੇਜ ਤੋਂ ਚੰਗੀਆਂ ਤਕਰੀਰਾਂ ਦੇਣ ਵਾਲਾ ਪੱਤੋ ਵੀ ਅੱਜ ਮੋਗਾ ਜ਼ਿਲ੍ਹੇ ਦੀ ਥੂਥ ਰਾਜਨੀਤੀ ਵਿਚ ਆਪਣਾ ਆਧਾਰ ਬਣਾ ਚੁੱਕਾ ਹੈ। ਪਤਾ ਲੱਗਾ ਹੈ ਕਿ ਆਨਲਾਈਨ ਵਿਧੀ ਰਾਹੀਂ ਵੋਟਿੰਗ ਪਵਾਉਣ ਲਈ ਤਿੰਨੇ ਨੌਜਵਾਨਾਂ ਵੱਲੋਂ ਆਪੋ-ਆਪਣੀਆਂ ਟੀਮਾਂ ਪਿੰਡਾਂ ਵਿਚ ਭੇਜਣੀਆਂ ਸ਼ੁਰੂ ਕਰ ਦਿੱਤੀਆਂ ਹਨ। ਲਗਾਤਾਰ 5 ਦਿਨ ਇੰਟਰਨੈੱਟ ਬੰਦ ਰਹਿਣ ਕਰ ਕੇ ਵੋਟਿੰਗ ਰੁਕੀ ਸੀ, ਪਰੰਤੂ ਬੀਤੇ ਕੱਲ ਮੋਗਾ ਜ਼ਿਲ੍ਹੇ ਵਿਚ ਇੰਟਰਨੈਟ ਸੇਵਾਵਾਂ ਸ਼ੁਰੂ ਹੋਣ ਮਗਰੋਂ ਮੁੜ ਵੋਟਿੰਗ ਪੈਣ ਦਾ ਕੰਮ ਜ਼ੋਰ ਫੜ੍ਹ ਗਿਆ ਹੈ।