ਦਿ ਐਕਸੀਡੈਂਟਲ ਪ੍ਰਾਈਮ ਮਨਿਸਟਰ ’ਤੇ ਰੋਕ ਲਾਉਣ ਦੀ ਮੰਗ ਨੂੰ ਲੈ ਕੇ ਕਾਂਗਰਸੀਆਂ ਦਾ ਰੋਸ ਪ੍ਰਦਰਸ਼ਨ

01/12/2019 5:49:49 AM

ਲੁਧਿਆਣਾ, (ਰਿਸ਼ੀ)- ਸਿਨੇਮਾਘਰਾਂ ’ਚ ਸ਼ੁੱਕਰਵਾਰ ਨੂੰ ਲਾਈ ਗਈ ਵਿਵਾਦਿਤ ਫਿਲਮ ‘ਦਿ ਐਕਸੀਡੈਂਟਲ ਪ੍ਰਾਈਮ ਮਨਿਸਟਰ’ ’ਤੇ ਰੋਕ ਲਾਉਣ ਦੀ ਮੰਗ ਨੂੰ ਲੈ ਕੇ ਪੰਜਾਬ ਦੇ ਸੀਨੀਅਰ ਕਾਂਗਰਸੀ ਨੇਤਾ ਕੋਮਲ ਖੰਨਾ ਦੀ ਅਗਵਾਈ ’ਚ ਸੈਂਕਡ਼ੇ ਕਾਂਗਰਸੀਆਂ ਨੇ ਰੋਸ ਪ੍ਰਦਰਸ਼ਨ ਕੀਤਾ। ਘੰਟਾਘਰ ਚੌਕ ਤੋਂ ਲੈ ਕੇ ਪਵੇਲੀਅਨ ਮਾਲ ਤੱਕ ਕਾਂਗਰਸੀਆਂ ਨੇ ਹੱਥਾਂ ’ਚ ਕਾਂਗਰਸ ਦੇ ਝੰਡੇ ਲੈ ਕੇ ਪਹਿਲਾਂ ਪੈਦਲ ਮਾਰਚ ਕੱਢਿਆ ਤੇ ਭਾਜਪਾ ਖਿਲਾਫ ਨਾਅਰੇਬਾਜ਼ੀ ਕੀਤੀ, ਫਿਰ ਪਵੇਲੀਅਨ ਮਾਲ ਦਾ ਘਿਰਾਓ ਕੀਤਾ। ਸਥਿਤੀ ਗੰਭੀਰ ਹੁੰਦੀ ਦੇਖ ਕਈ ਥਾਣਿਆਂ ਦੀ ਪੁਲਸ ਮੌਕੇ ’ਤੇ ਪੁੱਜੀ ਤੇ ਇਲਾਕਾ ਪੁਲਸ ਛਾਉਣੀ ’ਚ ਤਬਦੀਲ ਕਰ ਦਿੱਤਾ। ਇਸ ਤੋਂ ਬਾਅਦ ਕਾਂਗਰਸੀਆਂ ਨੇ ਥਾਣਾ ਡਵੀਜ਼ਨ ਨੰ. 8 ਦੀ ਪੁਲਸ ਨੂੰ ਲਿਖਤੀ ਸ਼ਿਕਾਇਤ ਦਿੱਤੀ। ਪੁਲਸ ਨੇ ਉਨ੍ਹਾਂ ਨੂੰ ਉਚਿਤ ਕਾਰਵਾਈ ਦਾ ਭਰੋਸਾ ਦੇ ਕੇ ਸ਼ਾਂਤ ਕੀਤਾ। ਦੂਜੇ ਪਾਸੇ ਭਾਜਪਾ ਦਫਤਰ ’ਤੇ ਵੀ ਭਾਰੀ ਸਕਿਓਰਟੀ ਲਾਈ ਗਈ। ਰੋਸ ਮਾਰਚ ਦੀ ਅਗਵਾਈ ਕਰ ਰਹੇ ਪੰਜਾਬ ਦੇ ਸੀਨੀਅਰ ਕਾਂਗਰਸੀ ਨੇਤਾ ਕੋਮਲ ਖੰਨਾ ਨੇ ਕਿਹਾ ਕਿ ਲੋਕ ਸਭਾ ਚੋਣਾਂ ਨੇਡ਼ੇ ਆਉਂਦਿਅਾਂ ਹੀ ਕੇਂਦਰ ’ਚ ਬੈਠੀ ਮੋਦੀ ਸਰਕਾਰ ਨੇ ਲੋਕਾਂ ਦਾ ਮਨ ਭਟਕਾਉਣ ਲਈ ਫਿਲਮ ਦੇ ਜ਼ਰੀਏ ਇਸ ਤਰ੍ਹਾਂ ਦੀ ਘਟੀਆ ਰਾਜਨੀਤੀ ਕੀਤੀ ਹੈ। ਦੇਸ਼ ’ਚ ਹਾਈ ਕੋਰਟ ਵਲੋਂ ਇਸ ਫਿਲਮ ਨੂੰ ਰਿਲੀਜ਼ ਕਰਨ ਤੋਂ ਪਹਿਲਾਂ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਤੇ ਉਨ੍ਹਾਂ ਦੇ ਮੀਡੀਆ ਸਲਾਹਕਾਰ ਸੰਜੇ ਨੂੰ ਦਿਖਾ ਕੇ ਅਪਰੂਵਲ ਲੈਣ ਨੂੰ ਕਿਹਾ ਸੀ ਪਰ ਮੋਦੀ ਨੇ ਕੋਰਟ ਦੇ ਹੁਕਮਾਂ ਦੀ ਪਾਲਣਾ ਕਰਨ ਦੀ ਬਜਾਏ ਧੱਕੇ ਨਾਲ ਫਿਲਮ ਰਿਲੀਜ਼ ਕਰਵਾ ਦਿੱਤੀ। ਕਾਂਗਰਸ ਇਸ ਨੂੰ ਬਰਦਾਸ਼ਤ ਨਹੀਂ ਕਰੇਗੀ ਕਿਉਂਕਿ ਇਸ ਫਿਲਮ ਦੇ ਜ਼ਰੀਏ ਮੋਦੀ ਦੇਸ਼ ਦੀ ਜਨਤਾ ਨੂੰ ਕਾਂਗਰਸ ਦੇ ਪ੍ਰਤੀ ਗੁੰਮਰਾਹ ਕਰਨਾ ਚਾਹੁੰਦਾ ਹੈ ਤੇ  ਡਾ. ਮਨਮੋਹਨ ਸਿੰਘ ਦੀ ਬੇਦਾਗ ਇਮੇਜ ਨੂੰ ਖਰਾਬ ਕਰਨ ਦਾ ਯਤਨ ਕੀਤਾ ਗਿਆ ਹੈ। ਇਸ ਮੌਕੇ ਕਾਂਗਰਸੀ ਨੇਤਾ ਦਿਵੇਸ਼ ਮੱਕਡ਼, ਵਿਸ਼ਾਲ ਜੋਸ਼ੀ, ਵਿਸ਼ਾਲ ਕੁਮਾਰ, ਜਸਬੀਰ ਗਿਲ, ਪ੍ਰਦੀਪ ਸ਼ਰਮਾ, ਨਾਨਕ ਚੰਦ, ਅਨਿਲ ਸੂਦ, ਸੁਰਿੰਦਰ ਸ਼ਰਮਾ, ਸੁਨੀਲ ਸ਼ੁਕਲਾ, ਸੰਨੀ ਬਖਸ਼ੀ ਸਮੇਤ ਹੋਰ ਮੌਜੂਦ ਸਨ। ਦੂਜੇ ਪਾਸੇ ਡੀ. ਸੀ. ਪੀ. ਅਸ਼ਵਨੀ ਕਪੂਰ ਦੇ ਅਨੁਸਾਰ ਉਨ੍ਹਾਂ ਨੂੰ ਪਹਿਲਾਂ ਹੀ ਸ਼ੱਕ ਸੀ ਕਿ ਸ਼ਹਿਰ ’ਚ ਮਾਹੌਲ ਖਰਾਬ ਹੋ ਸਕਦਾ ਹੈ। ਇਸ ਕਾਰਨ ਸਾਰੇ ਸਿਨੇਮਾਘਰਾਂ ਦੇ ਮਾਲਜ਼ ਦੇ ਬਾਹਰ ਪੁਲਸ ਤਾਇਨਾਤ ਕੀਤੀ ਗਈ। ਜਦ ਤੱਕ ਫਿਲਮ ਚੱਲੇਗੀ ਤਦ ਤੱਕ ਪੁਲਸ ਫੋਰਸ ਮੌਜੂਦ ਰਹੇਗੀ। 


KamalJeet Singh

Content Editor

Related News