ਮੁੱਖ ਮੰਤਰੀ ਦਾ ਦੋਗਲਾਪਨ ਫਿਰ ਬੇਨਕਾਬ ਹੋਇਆ: ਚੀਮਾ
Sunday, Dec 27, 2020 - 01:57 AM (IST)
ਚੰਡੀਗੜ੍ਹ, (ਅਸ਼ਵਨੀ)- ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਦਾ ਦੋਗਲਾਪਨ ਫਿਰ ਤੋਂ ਬੇਨਕਾਬ ਹੋ ਗਿਆ, ਜਦੋਂ ਇਹ ਖੁਲਾਸਾ ਹੋਇਆ ਕਿ ਕਿਵੇਂ ਉਨ੍ਹਾਂ ਨੇ ਇਸ ਸਾਲ ਸਤੰਬਰ ਮਹੀਨੇ ਵਿਚ ਕੋਰੋਨਾ ਰਿਸਪਾਂਸ ਰਿਪੋਰਟ ਵਿਚ ਏ.ਪੀ.ਐੱਮ.ਸੀ. ਮੰਡੀਆਂ ਦੇ ਦਾਇਰੇ ਤੋਂ ਬਾਹਰ ਪ੍ਰਾਈਵੇਟ ਮੰਡੀਆਂ ਖੋਲ੍ਹਣ ਦੀਆਂ ਹਦਾਇਤਾਂ ਦਿੱਤੀਆਂ ਹਨ।
ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸਾਬਕਾ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਇਹ ਬਹੁਤ ਹੀ ਮੰਦਭਾਗਾ ਹੈ ਕਿ ਅਜਿਹੇ ਸਮੇਂ ਵਿਚ ਜਦੋਂ ਪੰਜਾਬੀ ਕੋਰੋਨਾ ਮਹਾਮਾਰੀ ਨਾਲ ਜੂਝ ਰਹੇ ਸਨ, ਮੁੱਖ ਮੰਤਰੀ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਅਤੇ ਕਾਰਪੋਰੇਟ ਸੈਕਟਰ ਵਲੋਂ ਉਨ੍ਹਾਂ ਨੂੰ ਦਿੱਤੀਆਂ ਹਦਾਇਤਾਂ ਨੂੰ ਲਾਗੂ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਕੋਵਿਡ ਰਿਸਪਾਂਸ ਰਿਪੋਰਟ ਨੂੰ ਵੱਖ-ਵੱਖ ਵਿਭਾਗਾਂ ਨੂੰ ਕਾਰਵਾਈ ਵਾਸਤੇ ਭੇਜਿਆ ਗਿਆ ਸੀ ਤੇ ਇਸ ਵਿਚ ਏ.ਪੀ.ਐੱਮ.ਸੀ. ਤੋਂ ਬਾਹਰ ਵੀ ਖੇਤੀਬਾੜੀ ਮੰਡੀਕਰਣ ਖੋਲਣ ਦੀ ਜ਼ਰੂਰਤ ਲਈ ਇਕ ਸੈਕਸ਼ਨ ਸ਼ਾਮਲ ਸੀ।
ਡਾ. ਚੀਮਾ ਨੇ ਮੂੱਖ ਮੰਤਰੀ ਨੂੰ ਕਿਹਾ ਕਿ ਉਹ ਪੰਜਾਬੀਆਂ ਨੂੰ ਸਪੱਸ਼ਟ ਤੌਰ ’ਤੇ ਦੱਸਣ ਕਿ ਉਨ੍ਹਾਂ ਨੇ ਕਿਉਂ ਸੂਬੇ ਦੇ ਮੁੱਖ ਸਕੱਤਰ ਨੂੰ ਏ.ਪੀ.ਐੱਮ.ਸੀ. ‘ਮੰਡੀਆਂ ਦੇ ਦਾਇਰੇ ਤੋਂ ਬਾਹਰ’ ਮੰਡੀਆਂ ਖੋਲ੍ਹਣ ਦੀ ਹਦਾਇਤ ਕਿਉਂ ਦਿੱਤੀ ਸੀ। ਇਥੇ ਹੀ ਬੱਸ ਨਹੀਂ ਬਲਕਿ ਤੁਸੀਂ ਤਿੰਨ ਖੇਤੀ ਆਰਡੀਨੈਂਸਾਂ ਦਾ ਸਮਰਥਨ ਕਰਨ ਵਾਲੀ ਮੌਂਟੇਕ ਸਿੰਘ ਆਹਲੂਵਾਲੀਆ ਕਮੇਟੀ ਬਣਾ ਕੇ ਨਿੱਜੀ ਮੰਡੀਆਂ ਤੇ ਖੇਤੀਬਾੜੀ ਦੇ ਨੱਜੀਕਰਨ ਦੀ ਹਮਾਇਤ ਵੀ ਕੀਤੀ ਹੈ। ਇਹੀ ਕਾਰਨ ਹੈ ਕਿ ਖੇਤੀਬਾੜੀ ਐਕਟ ਬਣਾਉਣ ਦੀ ਪ੍ਰੀਕਿਰਿਆ ਵਿਚ ਤੁਹਾਡੀ ਸਰਕਾਰ ਨੇ ਸਰਗਰਮੀ ਨਾਲ ਸ਼ਮੂਲੀਅਤ ਕੀਤੀ। ਡਾ. ਚੀਮਾ ਨੇ ਕਿਹਾ ਕਿ ਚੰਗਾ ਹੋਵੇਗਾ ਤੁਸੀਂ ਇਧਰ ਉਧਰ ਦੀਆਂ ਮਾਰਨ ਨਾਲੋਂ, ਦੂਸਰਿਆਂ ਨੂੰ ਬਦਨਾਮ ਕਰਨ ਦੀ ਬਜਾਏ ਇਸ ਨੂੰ ਸਵੀਕਾਰ ਕਰੋ।