ਕਲਰਕ ਟੈਸਟ ਪਾਸ ਯੂਨੀਅਨ ਨੇ CM ਭਗਵੰਤ ਮਾਨ ਦੀ ਰਿਹਾਇਸ਼ ਅੱਗੇ ਲਗਾਇਆ ਅਣਮਿੱਥੇ ਸਮੇਂ ਦਾ ਧਰਨਾ

04/17/2022 5:13:47 PM

ਸੰਗਰੂਰ (ਵਿਜੈ ਕੁਮਾਰ ਸਿੰਗਲਾ) : ਭਗਵੰਤ ਮਾਨ ਸਰਕਾਰ ਵੀ ਪਹਿਲਾਂ ਸਰਕਾਰਾਂ ਵਾਂਗ ਹੀ ਪੰਜਾਬ ਰਾਜ ਵਿੱਚ ਝੂਠੇ ਵਾਅਦੇ ਕਰਕੇ ਸੱਤਾ ਵਿੱਚ ਆਈ ਜਾਪਦੀ ਹੈ । ਸੱਤਾ ਵਿੱਚ ਆਉਣ ਤੋਂ ਪਹਿਲਾਂ ਜੋ ਗੱਲਾਂ/ਵਾਅਦੇ ਇਸ ਸਰਕਾਰ ਨੇ ਕੀਤੇ ਸੀ ਉਨ੍ਹਾਂ ਵਿੱਚ ਕਿਸੇ ਤਰ੍ਹਾਂ ਦੀ ਕੋਈ ਸੱਚਾਈ ਨਹੀਂ ਜਾਪਦੀ ਹੈ । ਫਿਰ ਤੋਂ ਧਰਨੇ ਪੰਜਾਬ ਰਾਜ ’ਚ ਸ਼ੁਰੂ ਹੋ ਗਏ ਹਨ ਅਤੇ ਲੋਕਾਂ ਨੂੰ ਸੜਕਾਂ ’ਤੇ ਆਉਣਾ ਪੈ ਰਿਹਾ ਹੈ । ਪੰਜਾਬ ਕਲਰਕ ਟੈਸਟ ਪਾਸ ਯੂਨੀਅਨ ਇਸ਼ਤਿਹਾਰ ਨੰ. 04/2016 ਭਰਤੀ ਨਾਲ ਸਬੰਧਤ ਪਿਛਲੇ 4 ਦਿਨਾਂ ਤੋਂ ਧਰਨੇ ’ਤੇ ਸੀ.ਐੱਮ. ਪੰਜਾਬ ਦੀ ਰਿਹਾਇਸ਼ ਸਾਹਮਣੇ ਬੈਠੀ ਹੈ । ਕਲਰਕ ਪਾਸ ਯੂਨੀਅਨ ਸੂਬਾ ਪ੍ਰਧਾਨ ਗੌਰਵ ਗਾਬਾ, ਕੈਸ਼ੀਅਰ ਭੂਸ਼ਣ ਸ਼ਰਮਾ, ਪ੍ਰੈਸ ਸਕੱਤਰ ਪੰਕਜ ਸਿਡਾਨਾ ਨੇ ਕਿਹ‍ਾ ਕਿ ਪਿਛਲੇ ਇੱਕ ਮਹੀਨੇ ਤੋਂ ਸਰਕਾਰ ਦੇ ਵੱਖ-ਵੱਖ ਨੁਮਾਇੰਦੀਆਂ/ਮੰਤਰੀਆਂ ਨੂੰ ਮੰਗ ਪੱਤਰ ਦਿੱਤੇ ਗਏ ਹਨ ਪਰ ਇਸ ਦੇ ਬਾਵਜੂਦ ਵੀ ਸਰਕਾਰ ਦੇ ਕੰਨਾਂ ’ਤੇ ਜੂੰ ਨਹੀਂ ਰੇਂਗ ਰਹੀ ।

ਇਹ ਵੀ ਪੜ੍ਹੋ : ਔਰਤ ਦੀ ਸ਼ੱਕੀ ਹਾਲਾਤ ਵਿਚ ਮੌਤ, ਪਰਿਵਾਰ ਦਾ ਦੋਸ਼-ਡਾਕਟਰ ਨੇ ਲਾਇਆ ਗਲਤ ਇੰਜੈਕਸ਼ਨ

ਅਧੀਨ ਸੇਵਾਵਾਂ ਚੋਣ ਬੋਰਡ ਵੱਲੋਂ 2016 ਵਿੱਚ ਕਲਰਕ ਦੀਆਂ 1883 ਅਸਾਮੀਆਂ ਲਈ ਇਸ਼ਤਿਹਾਰ ਨੰ 04/2016 ਕੱਢਿਆ ਗਿਆ ਸੀ ਜਿਸ ਦੀ ਭਰਤੀ ਪ੍ਰਕਿਰਿਆ ਪੂਰੇ ਪੰਜ ਸਾਲ ਚੱਲੀ । ਸਾਲ 2021 ਦੇ ਅੰਤ ਤੱਕ ਅਸੀ ਸਾਰੇ ਉਮੀਦਵਾਰਾਂ ਨੇ ਮਿਹਨਤ ਅਤੇ ਮਿੰਨਤਾਂ ਨਾਲ ਪੰਜਾਬ ਦੇ ਵੱਖ-ਵੱਖ ਐੱਮ.ਐੱਲ.ਏ. ਸਾਹਿਬਾਨਾਂ ਨੂੰ ਮੰਗ ਪੱਤਰ ਦੇ ਕੇ ਸਕੱਤਰੇਤ ਅਤੇ ਪਰਸੋਨਲ ਵਿਭਾਗ ਵੱਲੋਂ ਐੱਸ.ਐੱਸ ਬੋਰਡ ਨੂੰ ਪੱਤਰ ਜਾਰੀ ਕਰਵਾ ਦਿੱਤੇ ਕਿ ਇਸ ਇਸ਼ਤਿਹਾਰ ਨਾਲ ਸਬੰਧਤ ਸਾਰੇ ਟੈੱਸਟ ਪਾਸ ਉਮੀਦਵਾਰਾਂ ਨੂੰ ਨੌਕਰੀ ਲਈ ਵਿਚਾਰਿਆ ਜਾਵੇ ਪਰ ਬੋਰਡ ਦੇ ਚੇਅਰਮੈਨ ਅਤੇ ਸਕੱਤਰ ਬਦਲਣ ਅਤੇ ਨਾਲ ਦੇ ਨਾਲ ਚੋਣ ਜਾਬਤਾ ਲੱਗਣ ਨਾਲ ਸਾਡਾ ਕਾਰਜ ਅਧੂਰਾ ਰਹਿ ਗਿਆ। ਇਸ ਲੰਬੇ ਸਮੇਂ ਦੌਰਾਨ ਸਾਡੇ ਕਈ ਉਮੀਦਵਾਰ ਆਪਣੀ ਉਮਰ ਸੀਮਾ ਪਾਰ ਕਰ ਚੁੱਕੇ ਹਨ ਅਤੇ ਇੱਕ ਉਮੀਦਵਾਰ ਬੇਰੁਜ਼ਗਾਰੀ ਤੋਂ ਤੰਗ ਆ ਕੇ ਆਤਮ-ਹੱਤਿਆ ਵੀ ਕਰ ਚੁੱਕਾ ਹੈ ।

ਇਹ ਵੀ ਪੜ੍ਹੋ : ਬਠਿੰਡਾ: ਪੁਲਸ ਦੀ ਵਰਦੀ 'ਚ ਆਏ ਵਿਅਕਤੀਆਂ ਨੇ ਅਗਵਾ ਕੀਤੇ 2 ਨੌਜਵਾਨ, ਫਿਰ ਵੱਡੀ ਵਾਰਦਾਤ ਨੂੰ ਦਿੱਤਾ ਅੰਜਾਮ

ਨਵੀਂ ਬਣੀ ਆਮ ਆਦਮੀ ਪਾਰਟੀ ਸਰਕਾਰ ਨੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਬੇਰੁਜਗਾਰੀ ਨੂੰ ਦੂਰ ਕਰਨ ਦਾ ਮੁੱਦਾ ਮੁੱਖ ਰੱਖਿਆ ਸੀ ਜਿਸ ਦੇ ਚੱਲਦੇ ਅਸੀ ਪੰਜਾਬ ਰਾਜ ਵਿੱਚ ਬਹੁਮਤ ਨਾਲ ਸੱਤਾ ਵਿੱਚ ਆਈ ਸਰਕਾਰ ਦੇ ਸਾਰੇ ਨੁਮਾਇੰਦਿਆਂ/ਐੱਮ.ਐੱਲ.ਏਜ਼/ਓ.ਐਸ.ਡੀਜ਼ ਨੂੰ ਆਪਣਾ ਮੰਗ ਪੱਤਰ ਦਿੱਤਾ ਅਤੇ ਉਨ੍ਹਾਂ ਨੂੰ ਮੁੱਖ-ਮੰਤਰੀ ਸਾਹਿਬ ਨਾਲ ਮੀਟਿੰਗ ਕਰਵਾਉਣ ਲਈ ਬੇਨਤੀ ਕੀਤੀ ਪਰ ਪਿਛਲੀਆਂ ਸਰਕਾਰਾਂ ਵਾਂਗ ਇਸ ਸਰਕਾਰ ਦੇ ਕੋਈ ਵੀ ਨੁਮਾਇੰਦੇ ਨੇ ਅਜੇ ਤੱਕ ਸਾਡੀ ਬਾਂਹ ਨਹੀਂ ਫੜੀ ਅਤੇ ਅਸੀਂ ਦਰ-ਦਰ ਧੱਕੇ ਖਾਣ/ਸੰਘਰਸ਼ ਕਰਨ ਲਈ ਸੰਗਰੂਰ ਵਿਖੇ ਸੀ.ਐੱਮ.ਸਾਹਿਬ ਦੀ ਰਿਹਾਇਸ਼ ਅੱਗੇ ਆਪਣਾ ਧਰਨਾ ਪ੍ਰਦਰਸ਼ਣ ਕਰਨ ਲਈ ਮਜਬੂਰ ਹੋਏ ਹਾਂ ਕਿਉਂਕਿ ਸਰਕਾਰ ਸਾਡੀ ਗੁਹਾਰ ਨਹੀਂ ਸੁਣ ਰਹੀ । ਸਾਡਾ ਇਹ ਸੰਘਰਸ਼ ਜਾਰੀ ਰਹੇਗਾ ਅਤੇ ਆਉਣ ਵਾਲੇ ਦਿਨਾਂ ਵਿੱਚ ਹੋਰ ਤਿੱਖਾ ਕੀਤਾ ਜਾਵੇਗਾ । ਜਦੋਂ ਤੱਕ ਸਾਨੂੰ ਮੁੱਖ ਮੰਤਰੀ ਪੰਜਾਬ ਨਿਯੁਕਤੀ ਪੱਤਰ ਜਾਰੀ ਕਰਨ ਦਾ ਭਰੋਸਾ ਨਹੀਂ ਦਿੰਦੇ । ਇਸ ਮੌਕੇ ’ਤੇ ਸੂਬਾ ਪ੍ਰਧਾਨ ਗੌਰਵ ਗਾਬਾ, ਕੈਸ਼ੀਅਰ ਭੂਸ਼ਣ ਸ਼ਰਮਾ, ਜਨਰਲ ਸੱਕਤਰ ਸਪਿੰਦਰ ਕੌਰ ਸੰਗਰੂਰ, ਮਲਕੀਤ ਸਿੰਘ,ਗੁਰਵੀਰ ਸਿੰਘ, ਹਰਮਿੰਦਰ ਸਿੰਘ, ਮਹਿੰਦਰ ਸਿੰਘ ਅਤੇ ਹੋਰ ਟੀਮ ਮੈਂਬਰ ਸ਼ਾਮਲ ਸਨ ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


Anuradha

Content Editor

Related News