ਮੁੱਖ ਮੰਤਰੀ ਵੱਲੋਂ 35 ਹਜ਼ਾਰ ਕੱਚੇ ਮੁਲਾਜ਼ਮ ਪੱਕੇ ਕਰਨ ਦਾ ਲਿਆ ਫੈਸਲਾ ਇਤਿਹਾਸਕ : ਵਿਧਾਇਕ ਲਾਡੀ
Tuesday, Mar 22, 2022 - 06:00 PM (IST)
ਧਰਮਕੋਟ (ਸਤੀਸ਼) : ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਆਏ ਦਿਨ ਪੰਜਾਬ ਵਾਸੀਆਂ ਲਈ ਵੱਡੇ ਐਲਾਨ ਕਰਕੇ ਅਤੇ ਉਨ੍ਹਾਂ ਨੂੰ ਤੁਰੰਤ ਅਮਲ 'ਚ ਲਿਆ ਕੇ ਇਕ ਤੋਂ ਇਕ ਇਤਿਹਾਸਕ ਫ਼ੈਸਲਾ ਪੰਜਾਬੀਆਂ ਲਈ ਲਿਆ ਜਾ ਰਿਹਾ ਹੈ। ਜਿਥੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਰਿਸ਼ਵਤਖੋਰੀ ਨੂੰ ਬੰਦ ਕਰਨ ਲਈ ਹੈਲਪਲਾਈਨ ਨੰਬਰ ਜਾਰੀ ਕਰਨਾ, 25 ਹਜ਼ਾਰ ਬੇਰੁਜ਼ਗਾਰਾਂ ਨੂੰ ਨੌਕਰੀਆਂ ਮੁਹੱਈਆ ਕਰਵਾਉਣਾ, ਉਥੇ ਹੀ ਪੰਜਾਬ ਦੇ ਕੱਚੇ ਮੁਲਾਜ਼ਮਾਂ ਦੇ ਹੱਕ ਵਿੱਚ ਵੱਡਾ ਫੈਸਲਾ ਲੈਂਦਿਆਂ ਪੰਜਾਬ ਦੇ 35 ਹਜ਼ਾਰ ਮੁਲਾਜ਼ਮਾਂ ਨੂੰ ਪੱਕਾ ਕਰਨ ਦਾ ਵੀ ਐਲਾਨ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਵਿਸ਼ਵ ਜਲ ਦਿਵਸ 'ਤੇ ਵਿਸ਼ੇਸ਼ : ਕਮਜ਼ੋਰ ਜਲ ਨੀਤੀ ਕਾਰਨ ਖ਼ਤਰੇ ਦੀ ਦਹਿਲੀਜ਼ 'ਤੇ ਪਹੁੰਚਿਆ 'ਜੀਵਨ'
ਇਹ ਵਿਚਾਰ ਪ੍ਰਗਟਾਉਂਦਿਆਂ ਹਲਕਾ ਧਰਮਕੋਟ ਦੇ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦਾ ਇਹ ਇਕ ਇਤਿਹਾਸਕ ਫ਼ੈਸਲਾ ਹੈ। ਦੇਸ਼ ਦੇ ਇਤਿਹਾਸ 'ਚ ਅੱਜ ਤੱਕ ਕਿਸੇ ਵੀ ਸਰਕਾਰ ਨੇ ਗਠਨ ਦੇ ਕੁਝ ਹੀ ਦਿਨਾਂ ਵਿਚ ਅਜਿਹੇ ਫੈਸਲੇ ਨਹੀਂ ਲਏ, ਜੋ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਲਏ ਗਏ ਹਨ। ਲਾਡੀ ਨੇ ਕਿਹਾ ਕਿ ਸਾਡੀ ਸਰਕਾਰ ਪੰਜਾਬ ਦੇ ਲੋਕਾਂ ਦੀ ਹਰਮਨ ਪਿਆਰੀ ਸਰਕਾਰ ਹੈ ਅਤੇ ਪੰਜਾਬ ਦੀ ਜਨਤਾ ਨੇ ਜੋ ਫ਼ਤਵਾ ਸਾਡੀ ਸਰਕਾਰ ਨੂੰ ਦਿੱਤਾ ਹੈ, ਲੋਕਾਂ ਵੱਲੋਂ ਜੋ ਆਸਾਂ ਤੇ ਉਮੀਦਾਂ ਸਾਡੀ ਸਰਕਾਰ ਤੋਂ ਕੀਤੀਆਂ ਜਾ ਰਹੀਆਂ ਹਨ, ਉਨ੍ਹਾਂ ਉਮੀਦਾਂ 'ਤੇ ਸਾਡੀ ਸਰਕਾਰ ਪੂਰੀ ਉਤਰੇਗੀ ਤੇ ਆਉਣ ਵਾਲੇ ਦਿਨਾਂ ਵਿਚ ਪੰਜਾਬ ਦੇ ਲੋਕਾਂ ਦੇ ਹੱਕਾਂ ਲਈ ਹੋਰ ਵੀ ਕਈ ਅਹਿਮ ਫ਼ੈਸਲੇ ਲਏ ਜਾਣਗੇ।
ਇਹ ਵੀ ਪੜ੍ਹੋ : ਹੁੱਲੜਬਾਜ਼ੀ ਪਈ ਮਹਿੰਗੀ : ਦਰਿਆ 'ਚ ਡੁੱਬਿਆ ਟਰੈਕਟਰ, ਜਾਨੀ ਨੁਕਸਾਨ ਤੋਂ ਬਚਾਅ
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਹਦਾਇਤਾਂ ਦਿੱਤੀਆਂ ਹਨ ਕਿ ਉਹ ਇਨ੍ਹਾਂ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਲਈ ਲੋੜੀਂਦੀ ਕਾਰਵਾਈ ਅਮਲ 'ਚ ਲਿਆਉਣ ਅਤੇ ਕੈਬਨਿਟ ਮੀਟਿੰਗ ਵਿਚ ਜਿੱਥੇ ਪੰਜਾਬ ਦੇ ਬੇਰੁਜ਼ਗਾਰਾਂ ਨੂੰ 25 ਹਜ਼ਾਰ ਨੌਕਰੀਆਂ ਦੇਣ ਦੇ ਫ਼ੈਸਲੇ ਨੂੰ ਹਰੀ ਝੰਡੀ ਦਿੱਤੀ ਗਈ ਹੈ, ਉਥੇ ਹੀ ਪੰਜਾਬ ਦੇ 35 ਹਜ਼ਾਰ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਲਈ ਵੀ ਕੈਬਨਿਟ ਵੱਲੋਂ ਮਨਜ਼ੂਰੀ ਦੇ ਦਿੱਤੀ ਗਈ ਹੈ। ਮੁੱਖ ਮੰਤਰੀ ਵੱਲੋਂ ਕਿਸਾਨਾਂ ਨੂੰ ਵੱਡੀ ਰਾਹਤ ਦਿੰਦਿਆਂ ਗੁਲਾਬੀ ਸੁੰਡੀ ਕਾਰਨ ਖਰਾਬ ਹੋਈ ਨਰਮੇ ਦੀ ਫ਼ਸਲ ਲਈ ਕਿਸਾਨਾਂ ਨੂੰ 100 ਕਰੋੜ ਤੋਂ ਵੱਧ ਮੁਆਵਜ਼ਾ ਰਾਸ਼ੀ ਜਾਰੀ ਕੀਤੀ ਗਈ ਹੈ। ਪੰਜਾਬ ਸਰਕਾਰ ਵੱਲੋਂ ਲੋਕਾਂ ਨਾਲ ਕੀਤੇ ਗਏ ਵਾਅਦਿਆਂ ਨੂੰ ਅਮਲ 'ਚ ਲਿਆਉਣ ਲਈ ਬਲਿਊ ਪ੍ਰਿੰਟ ਤਿਆਰ ਕੀਤਾ ਜਾ ਰਿਹਾ ਹੈ ਅਤੇ ਛੇਤੀ ਹੀ ਲੋਕਾਂ ਨਾਲ ਕੀਤੇ ਗਏ ਵਾਅਦੇ ਅਤੇ ਗਾਰੰਟੀਆਂ ਨੂੰ ਪੂਰਾ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਬਾਹਰਲੇ ਨੁਮਾਇੰਦਿਆਂ ਨੂੰ ਰਾਜ ਸਭਾ ਭੇਜ ਕੇ 'ਆਪ' ਨੇ ਪੰਜਾਬ ਦੀ ਪਿੱਠ 'ਚ ਮਾਰਿਆ ਛੁਰਾ : ਚੰਦੂਮਾਜਰਾ
ਇਸ ਮੌਕੇ ਸਤਵੀਰ ਸਿੰਘ ਸੱਤੀ, ਸਰਕਲ ਪ੍ਰਧਾਨ ਅਮਨ ਪੰਡੋਰੀ ਅਤੇ ਲਛਮਣ ਸਿੰਘ ਸਿੱਧੂ, ਰਮਨ ਕੁਮਾਰ ਜਿੰਦਲ ਅਤੇ ਵਿਜੇ ਕੁਮਾਰ ਜਿੰਦਲ (ਦੋਵੇਂ ਸ਼ੈਲਰ ਐਸੋਸੀਏਸ਼ਨ ਆਗੂ), ਡਾ. ਅੰਮ੍ਰਿਤਪਾਲ ਸਿੰਘ ਬਿੱਟੂ, ਡਾ. ਗੁਰਮੀਤ ਸਿੰਘ ਗਿੱਲ, ਹਰਨੇਕ ਸਿੰਘ ਸਰਪੰਚ, ਜੱਜ ਸਿੰਘ ਸਰਪੰਚ, ਭਾਰਤ ਭੂਸ਼ਣ ਪੱਬੀ, ਡਾ. ਸਰਤਾਜ ਸਿੰਘ, ਪਵਨ ਕੁਮਾਰ ਰੇਲੀਆ ਤੇ ਰਵੀ ਗਿੱਲ ਪ੍ਰਧਾਨ ਯੂਥ ਵਿੰਗ ਜ਼ਿਲ੍ਹਾ ਮੋਗਾ ਤੋਂ ਇਲਾਵਾ ਵੱਡੀ ਗਿਣਤੀ ਵਿਚ ਆਮ ਆਦਮੀ ਪਾਰਟੀ ਦੇ ਅਹੁਦੇਦਾਰ ਅਤੇ ਵਰਕਰ ਹਾਜ਼ਰ ਸਨ।