ਚੌਧਰੀ ਲੀਡਰਾਂ ਦਾ ਹੋਇਆ ਵਿਕਾਸ, ਹਲਕੇ ਦਾ ਵਿਨਾਸ਼
Thursday, Aug 16, 2018 - 04:36 PM (IST)
ਬੁਢਲਾਡਾ(ਬਾਂਸਲ)— ਪੰਜਾਬ ਵਿਚ ਕੈਪਟਨ ਸਰਕਾਰ ਦੀ ਸਥਾਪਨਾ ਤੋਂ ਬਾਅਦ ਤਕਰੀਬਨ ਡੇਢ ਸਾਲ ਬੀਤ ਜਾਣ ਦੇ ਬਾਵਜੂਦ ਵੀ ਸ਼ਹਿਰ ਦੇ ਵਿਕਾਸ ਅਤੇ ਤਰੱਕੀ ਲਈ ਆਸ ਦੀ ਕਿਰਨ ਵਿਚ ਬੈਠੇ ਲੋਕ ਚੌਧਰੀ ਕਾਂਗਰਸੀ ਲੀਡਰਾਂ ਦੀ ਗੁੰਡਾਗਰਦੀ ਕਾਰਨ ਤਰਸਯੋਗ ਜ਼ਿੰਦਗੀ ਜਿਊਣ ਲਈ ਮਜਬੂਰ ਹਨ। ਆਜ਼ਾਦੀ ਦਿਹਾੜੇ ਵਾਲੇ ਦਿਨ ਸਵੇਰ ਸਮੇਂ ਪਏ ਤੇਜ਼ ਮੀਂਹ ਕਾਰਨ ਸ਼ਹਿਰ ਪੂਰੀ ਤਰ੍ਹਾਂ ਡੁੱਬ ਗਿਆ ਅਤੇ ਲਗਭਗ 7 ਦੇ ਕਰੀਬ ਯਾਤਰੀ ਬੱਸਾਂ ਸੜਕਾਂ ਵਿਚ ਧੱਸਣ ਕਾਰਨ ਸਥਾਨਕ ਲੋਕ ਹਾਲੋਂ ਬੇਹਾਲ ਹੋ ਗਏ। ਥਾਣਿਆਂ, ਪ੍ਰਸ਼ਾਸਨਿਕ ਅਧਿਕਾਰੀਆਂ ਦੇ ਦਫਤਰਾਂ ਵਿਚ ਚੌਧਰੀ ਕਾਂਗਰਸੀਆਂ ਦੀ ਦਖਲ ਅੰਦਾਜ਼ੀ ਵੀ ਆਮ ਲੋਕਾਂ ਲਈ ਸਿਰਦਰਦੀ ਬਣੀ ਹੋਈ ਹੈ। ਪਿਛਲੇ ਦਿਨੀਂ ਚੌਧਰੀ ਲੀਡਰਾਂ ਕਾਰਨ 2 ਐੱਸ. ਐੱਚ. ਓਜ਼. ਦੀਆਂ ਬਦਲੀਆਂ ਵੀ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਹਨ। ਸ਼ਹਿਰ ਵਿਚ ਦੜਾ-ਸੱਟਾ ਸ਼ਰੇਆਮ ਚੱਲ ਰਿਹਾ ਹੈ ਜਿਸ ਨਾਲ ਚੌਧਰੀਆਂ ਦੀਆਂ ਜੇਬਾਂ ਅਸਿੱਧੇ ਤੌਰ 'ਤੇ ਗਰਮ ਹੋਣ ਲੱਗ ਪਈਆਂ ਹਨ। ਦੂਸਰੇ ਪਾਸੇ ਸ਼ਹਿਰ ਦੀ ਤਰਸਯੋਗ ਹਾਲਤ ਵੱਲ ਚੌਧਰੀ ਕਾਂਗਰਸੀਆਂ ਵਲੋਂ ਧਿਆਨ ਨਾ ਦੇਣ ਕਾਰਨ ਇਸ ਸਮੇਂ ਸ਼ਹਿਰੀਆਂ ਦਾ ਗੁੱਸਾ ਸਰਕਾਰ ਪ੍ਰਤੀ ਸੱਤਵੇਂ ਆਸਮਾਨ 'ਤੇ ਪਹੁੰਚ ਚੁੱਕਿਆ ਹੈ। ਜਿੱਥੇ ਲੋਕਾਂ ਵਲੋਂ ਆਪਣੇ ਪੱਧਰ 'ਤੇ ਇਕ ਸਾਂਝੇ ਪਲੇਟਫਾਰਮ ਰਾਹੀਂ ਸ਼ਹਿਰ 2 ਦਿਨ ਬੰਦ ਕਰਕੇ ਧਰਨੇ ਅਤੇ ਰੋਸ ਮੁਜ਼ਾਹਰੇ ਕੀਤੇ ਗਏ। ਇਨ੍ਹਾਂ ਮੁਜ਼ਾਹਰਿਆਂ ਵਿਚ ਚੌਧਰੀ ਲੀਡਰਾਂ ਨੂੰ ਨਿਸ਼ਾਨਾ ਬਣਾਉਂਦਿਆਂ ਬੁਲਾਰਿਆਂ ਵਲੋਂ ਕਾਂਗਰਸੀ ਨੇਤਾਵਾਂ ਨੂੰ ਬੋਲਣ ਤੱਕ ਨਹੀਂ ਦਿੱਤਾ ਗਿਆ।
ਭਾਵੇਂ ਡਿਪਟੀ ਕਮਿਸ਼ਨਰ ਮਾਨਸਾ ਵਲੋਂ ਲੋਕਾਂ ਨੂੰ ਸ਼ਹਿਰ ਦੇ ਵਿਕਾਸ ਅਤੇ ਤਰੱਕੀ ਲਈ ਭਰੋਸਾ ਦਿੱਤਾ ਗਿਆ ਹੈ ਪਰ ਸ਼ਹਿਰ ਦੀ ਤਰਸਯੋਗ ਹਾਲਤ ਜਿਉਂ ਦੀ ਤਿਉਂ ਹੀ ਬਣੀ ਹੋਈ ਹੈ। ਦੂਸਰੇ ਪਾਸੇ ਕਾਂਗਰਸ ਪਾਰਟੀ ਅੰਦਰ ਸਥਾਨਕ ਪੱਧਰ ਦੀ ਧੜੇਬੰਦੀ ਕਾਰਨ ਕਾਂਗਰਸ ਦਾ ਜ਼ਮੀਨ ਪੱਧਰੀ ਵਰਕਰ ਵੀ ਨਿਰਾਸ਼ ਹੋ ਚੁੱਕਿਆ ਹੈ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਕੱਤਰ ਹਰਬੰਸ ਸਿੰਘ ਖੀਪਲ, ਸਾਬਕਾ ਬਲਾਕ ਪ੍ਰਧਾਨ ਲਛਮਣ ਸਿੰਘ ਗੰਢੂਕਲਾਂ, ਜ਼ਿਲਾ ਪ੍ਰੀਸ਼ਦ ਮੈਂਬਰ ਖੇਮ ਸਿੰਘ ਜਟਾਣਾ, ਸਾਬਕਾ ਯੂਥ ਪ੍ਰਧਾਨ ਮੱਖਣ ਸਿੰਘ ਭੱਠਲ ਨੇ ਕਿਹਾ ਕਿ ਚੌਧਰੀ ਲੀਡਰਾਂ ਦੀਆਂ ਮਨਮਰਜ਼ੀਆਂ ਕਾਰਨ ਵਰਕਰਾਂ ਦਾ ਮਨੋਬਲ ਪੂਰੀ ਤਰ੍ਹਾਂ ਟੁੱਟ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਹਲਕੇ ਦੇ ਕਾਂਗਰਸੀਆਂ ਦੇ ਵਫਦ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਬਿਜਲੀ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਰਾਹੀਂ ਮਿਲਣ ਦਾ ਸਮਾਂ ਮੰਗਿਆ ਹੈ। ਉਨ੍ਹਾਂ ਕਿਹਾ ਕਿ ਇਸ ਮਿਲਣੀ ਦੌਰਾਨ ਚੌਧਰੀ ਲੀਡਰਾਂ ਦੀ ਗੁੰਡਾਗਰਦੀ ਅਤੇ ਸ਼ਹਿਰ ਦੀ ਤਰਸਯੋਗ ਹਾਲਤ ਦੇ ਸੁਧਾਰ ਲਈ ਮੰਗ ਪੱਤਰ ਵੀ ਦਿੱਤਾ ਜਾਵੇਗਾ।