ਮਾਲੇਰਕੋਟਲਾ 'ਚ ਬਣਨ ਵਾਲੇ ਮੈਡੀਕਲ ਕਾਲਜ ਲਈ ਕੇਂਦਰ ਸਰਕਾਰ ਵੱਲੋਂ ਕਰੋੜਾਂ ਦੀ ਰਾਸ਼ੀ ਜਾਰੀ
Wednesday, Nov 16, 2022 - 12:10 PM (IST)

ਮਾਲੇਰਕੋਟਲਾ (ਮਹਿਬੂਬ) : ਪ੍ਰਧਾਨ ਮੰਤਰੀ ਵੱਲੋਂ ਦੇਸ਼ ਦੇ ਘੱਟ ਗਿਣਤੀ ਭਾਈਚਾਰਿਆਂ ਦੀ ਆਰਥਿਕ, ਸਮਾਜਿਕ ਅਤੇ ਵਿਦਿਅਕ ਤਰੱਕੀ ਲਈ ਉਲੀਕੇ ਯੋਜਨਾਬੱਧ ਪ੍ਰੋਗਰਾਮ ਤਹਿਤ ਕੇਂਦਰ ਸਰਕਾਰ ਨੇ ਮਾਲੇਰਕੋਟਲਾ ਵਿਖੇ ਬਣਨ ਵਾਲੇ ਨਵਾਬ ਸ਼ੇਰ ਮੁਹੰਮਦ ਖਾਨ ਸਰਕਾਰੀ ਮੈਡੀਕਲ ਕਾਲਜ ਦੀ ਉਸਾਰੀ ਲਈ 325.26 ਕਰੋੜ ਰੁਪਏ ਦੀ ਰਾਸ਼ੀ ਜਾਰੀ ਕਰ ਦਿੱਤੀ ਹੈ। ਕੇਂਦਰ ਸਰਕਾਰ ਵੱਲੋਂ ਆਪਣੇ ਹਿੱਸੇ ਦੀ ਗਰਾਂਟ ਜਾਰੀ ਕਰ ਦੇਣ ਪਿੱਛੋਂ ਹੁਣ ਪੰਜਾਬ ਸਰਕਾਰ ਨੇ ਆਪਣੇ ਹਿੱਸੇ ਦੀ 40 ਫੀਸਦੀ ਰਾਸ਼ੀ ਜਾਰੀ ਕਰਨੀ ਹੈ। ਕੇਂਦਰੀ ਸਰਕਾਰ ਵੱਲੋਂ ਸੂਬਾ ਸਰਕਾਰ ਦੇ ਸਹਿਯੋਗ ਨਾਲ ਬਣਨ ਵਾਲੇ ਇਸ ਮੈਡੀਕਲ ਕਾਲਜ ਦਾ ਐਲਾਨ ਪਿਛਲੇ ਵਰ੍ਹੇ 14 ਮਈ 2021 ਨੂੰ ਈਦ ਉਲ ਫਿਤਰ ਦੇ ਪਵਿੱਤਰ ਮੌਕੇ ਉਸ ਵੇਲੇ ਦੀ ਕੈਬਨਿਟ ਵਜ਼ੀਰ ਬੀਬੀ ਰਜ਼ੀਆ ਸੁਲਤਾਨਾ ਦੀ ਪਹਿਲ ਕਦਮੀ ’ਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੀਤਾ ਗਿਆ ਸੀ ਅਤੇ ਸਥਾਨਕ ਰਾਏਕੋਟ ਰੋਡ ’ਤੇ ਪਿੰਡ ਸ਼ੇਰਵਾਨੀਕੋਟ ਸਥਿਤ ਪੰਜਾਬ ਵਕਫ ਬੋਰਡ ਦੀ ਜਗ੍ਹਾ ਵਿਚ ਇਸ ਕਾਲਜ ਦਾ ਬਕਾਇਦਾ ਨੀਂਹ ਪੱਥਰ ਬੀਬੀ ਰਜ਼ੀਆ ਸੁਲਤਾਨਾ ਵੱਲੋਂ ਉਚ ਅਧਿਕਾਰੀਆਂ ਦੀ ਮੌਜੂਦਗੀ ਵਿਚ ਰੱਖਿਆ ਗਿਆ ਸੀ।
ਇਹ ਵੀ ਪੜ੍ਹੋ- ਦੋਸਤਾਂ ਨਾਲ ਫ਼ਿਲਮ ਵੇਖ ਘਰ ਪਰਤ ਰਹੇ 2 ਸਕੇ ਭਰਾਵਾਂ ਨਾਲ ਵਾਪਰਿਆ ਭਿਆਨਕ ਹਾਦਸਾ, ਘਰ ’ਚ ਵਿਛ ਗਏ ਸੱਥਰ
ਇਸ ਕਾਲਜ ਲਈ ਪੰਜਾਬ ਵਕਫ ਬੋਰਡ ਵੱਲੋਂ ਪਿੰਡ ਸ਼ੇਰਵਾਨੀਕੋਟ ਕੇਲੋਂ ਵਿਖੇ ਕਰੀਬ 100 ਵਿੱਘੇ ਜ਼ਮੀਨ ਨਵਾਬ ਸ਼ੇਰ ਮੁਹੰਮਦ ਖਾਨ ਮੈਡੀਕਲ ਕਾਲਜ ਲਈ ਡਾਇਰੈਕਟਰ ਰਿਸਰਚ ਐਂਡ ਮੈਡੀਕਲ ਐਜੂਕੇਸ਼ਨ ਦੇ ਨਾਂ ਲੀਜ਼ ’ਤੇ ਦਿੱਤੀ ਗਈ ਹੈ। ਪੰਜਾਬ ਵਿਚ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਦੀ ਸਰਕਾਰ ਬਣਦਿਆਂ ਹੀ ਮੁੱਖ ਮੰਤਰੀ ਦੀ ਅਗਵਾਈ ਹੇਠ ਪੰਜਾਬ ਕੈਬਨਿਟ ਵੱਲੋਂ 11 ਅਗਸਤ 2022 ਨੂੰ ਨਵਾਬ ਸ਼ੇਰ ਮੁਹੰਮਦ ਖਾਨ ਸਰਕਾਰੀ ਮੈਡੀਕਲ ਕਾਲਜ ਮਾਲੇਰਕੋਟਲਾ ਦੀ ਤਾਮੀਰ ਉਪਰ ਮੋਹਰ ਲਾ ਦਿੱਤੀ ਗਈ ਸੀ। ਮਾਲੇਰਕੋਟਲਾ ਵਿਖੇ ਨਵੇਂ ਮੈਡੀਕਲ ਕਾਲਜ ਦੀ ਉਸਾਰੀ ਅਤੇ ਸੂਬਾ ਸਰਕਾਰ ਵੱਲੋਂ ਆਪਣੇ ਹਿੱਸੇ ਦੀ ਗ੍ਰਾਂਟ ਜਾਰੀ ਕਰਨ ਬਾਰੇ ਪੰਜਾਬ ਦੇ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨਾਲ ਸੰਪਰਕ ਕਰਨ ’ਤੇ ਉਨ੍ਹਾਂ ਦੇ ਪੀ. ਏ. ਨੇ ਹਲਕੇ ਦੇ ਸਮਾਗਮਾਂ ਵਿਚ ਰੁੱਝੇ ਹੋਣ ਕਰਕੇ ਗੱਲ ਕਰਵਾਉਣ ਤੋਂ ਅਸਮਰੱਥਤਾ ਪ੍ਰਗਟ ਕੀਤੀ, ਜਦਕਿ ਪੰਜਾਬ ਦੇ ਡੀ. ਆਰ. ਐੱਮ. ਈ. ਡਾ. ਅਵਿਨੀਸ਼ ਕੁਮਾਰ ਨੇ ਵਾਰ-ਵਾਰ ਸੰਪਰਕ ਕਰਨ ’ਤੇ ਵੀ ਫੋਨ ਨਹੀਂ ਚੁੱਕਿਆ।
ਵਿਵਾਦਾਂ ਵਿਚ ਰਿਹੈ ਮੈਡੀਕਲ ਕਾਲਜ ਲਈ ਜ਼ਮੀਨ ਦੇਣ ਦਾ ਮਾਮਲਾ
ਦਸਮੇਸ਼ ਪਿਤਾ ਦੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਮੌਕੇ ਸੂਬਾ ਸਰਹਿੰਦ ਦੀ ਕਚਹਿਰੀ ਵਿਚ ਹਾਅ ਦਾ ਨਾਅਰਾ ਬੁਲੰਦ ਕਰਨ ਵਾਲੇ ਨਵਾਬ ਸ਼ੇਰ ਮੁਹੰਮਦ ਖਾਨ ਦੀ ਯਾਦ ਵਿਚ ਮਾਲੇਰਕੋਟਲਾ ਵਿਖੇ ਸਰਕਾਰੀ ਮੈਡੀਕਲ ਕਾਲਜ ਬਣਾਉਣ ਦੇ ਐਲਾਨ ਪਿੱਛੋਂ ਕਾਲਜ ਲਈ ਲੋੜੀਂਦੀ ਜ਼ਮੀਨ ਪ੍ਰਾਪਤ ਕਰਨ ਲਈ ਸਰਕਾਰ ਅਤੇ ਪ੍ਰਸਾਸ਼ਨਿਕ ਅਧਿਕਾਰੀਆਂ ਨੂੰ ਬਹੁਤ ਪਾਪੜ ਵੇਲਣੇ ਪਏ ਹਨ। ਇਨ੍ਹਾਂ ਕੋਸ਼ਿਸ਼ਾਂ ਤਹਿਤ ਪਹਿਲਾਂ ਸਥਾਨਕ ਡੇਰਾ ਆਤਮਾ ਰਾਮ ਦੀ 100 ਵਿੱਘੇ ਜ਼ਮੀਨ ਡੇਰੇ ਦੇ ਮਹੰਤ ਵੱਲੋਂ ਮਾਮੂਲੀ ਕੀਮਤ ’ਤੇ ਡਾਇਰੈਕਟਰ ਰਿਸਰਚ ਐਂਡ ਮੈਡੀਕਲ ਐਜੂਕੇਸ਼ਨ ਪੰਜਾਬ ਦੇ ਨਾਂ ਰਜਿਸਟਰੀ ਵੀ ਕਰਵਾ ਦਿੱਤੀ ਗਈ ਪਰ ਕੁਝ ਹਿੰਦੂ ਸੰਸਥਾਵਾਂ ਦੇ ਵਿਰੋਧ ਕਾਰਨ ਇਥੇ ਕਾਲਜ ਬਣਾਉਣ ਦੀ ਪ੍ਰਕਿਰਿਆ ਸ਼ੁਰੂ ਨਹੀਂ ਹੋ ਸਕੀ। ਇਸ ਤੋਂ ਬਾਅਦ ਪੰਜਾਬ ਵਕਫ ਬੋਰਡ ਵੱਲੋਂ ਪਿੰਡ ਸ਼ੇਰਵਾਨੀਕੋਟ (ਕੇਲੋਂ) ਵਿਖੇ ਆਪਣੀ ਜ਼ਮੀਨ ਵਿਚੋਂ 100 ਵਿੱਘੇ ਜ਼ਮੀਨ ਨਵਾਬ ਸ਼ੇਰ ਮੁਹੰਮਦ ਖਾਨ ਮੈਡੀਕਲ ਕਾਲਜ ਲਈ ਡਾਇਰੈਕਟਰ ਰਿਸਰਚ ਐਂਡ ਮੈਡੀਕਲ ਐਜੂਕੇਸ਼ਨ ਦੇ ਨਾਂ ਲੀਜ਼ ’ਤੇ ਦੇ ਦਿੱਤੀ ਗਈ। ਹਾਲਾਂਕਿ ਇੱਥੇ ਮੈਡੀਕਲ ਕਾਲਜ ਬਣਾਉਣ ਦੀ ਵੀ ਕੁਝ ਲੋਕਾਂ ਵੱਲੋਂ ਮੁਖਾਲਫਤ ਕੀਤੀ ਗਈ ਅਤੇ ਪੰਜਾਬ ਵਕਫ ਬੋਰਡ ਸੰਗਰੂਰ ਦੇ ਅਸਟੇਟ ਅਫਸਰ ਵੱਲੋਂ ਵਿਰੋਧ ਕਰਨ ਵਾਲੇ ਕੁੱਝ ਲੋਕਾਂ ਵਿਰੁਧ ਥਾਣਾ ਸੰਦੌੜ ਵਿਖੇ ਮਾਮਲਾ ਵੀ ਦਰਜ ਕਰਵਾਇਆ ਗਿਆ।
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।