ਕੇਂਦਰ ਸਰਕਾਰ ਨੇ ਮਹਿੰਗਾਈ ਨੂੰ ਸਿਖਰਾਂ ਤੇ ਪਹੁੰਚਾਇਆ: ਕਾਂਗਰਸੀ ਆਗੂ

01/03/2020 12:17:12 AM

ਬੁਢਲਾਡਾ,(ਮਨਜੀਤ)- ਕੇਂਦਰ ਦੀ ਮੋਦੀ ਸਰਕਾਰ ਦੀ ਅਗਵਾਈ ਵਿੱਚ ਮਹਿੰਗਾਈ ਅਸਮਾਨ ਛੂ ਰਹੀ ਹੈ। ਕਿਸੇ ਸਮੇਂ ਕੇਂਦਰ ਦੀ ਯੂ.ਪੀ.ਏ ਸਰਕਾਰ ਨੂੰ ਮਹਿੰਗਾਈ ਦੇ ਮੁੱਦੇ ਤੇ ਕੋਸਣ ਵਾਲੀ ਮੋਦੀ ਸਰਕਾਰ ਹੁਣ ਆਪਣੇ ਸਮੇਂ ਵਿੱਚ ਮਹਿੰਗਾਈ ਦੇ ਮੁੱਦੇ ਤੇ ਖੁਦ ਚੁੱਪ ਹੈ। ਦਾਲਾਂ-ਸਬਜੀਆਂ ਦੇ ਭਾਅ ਤੋਂ ਲੈ ਕੇ ਆਮ ਵਰਤੋਂ ਦੀਆਂ ਚੀਜਾਂ ਲੋਕਾਂ ਲਈ ਖਰੀਦ ਸਮਰੱਥਾ ਤੋਂ ਬਾਹਰ ਹੁੰਦੀਆਂ ਜਾ ਰਹੀਆਂ ਹਨ। ਇਸ ਨੂੰ ਲੈ ਕੇ ਵੱਖ-ਵੱਖ ਕਾਂਗਰਸੀ ਨੇਤਾਵਾਂ ਨੇ ਕੇਂਦਰ ਸਰਕਾਰ ਖਿਲਾਫ ਤਿੱਖੀ ਪ੍ਰਤੀਕਿਰਿਆ ਜਾਹਿਰ ਕੀਤੀ ਹੈ। ਜਿਲ੍ਹਾ ਪ੍ਰੀਸ਼ਦ ਮਾਨਸਾ ਦੇ ਚੇਅਰਮੈਨ ਬਿਕਰਮ ਸਿੰਘ ਮੋਫਰ ਦਾ ਕਹਿਣਾ ਹੈ ਕਿ ਮਹਿੰਗਾਈ ਨੇ ਲੋਕਾਂ ਦਾ ਲੱਕ ਤੋੜ ਦਿੱਤਾ ਹੈ। ਪਿਆਜ, ਆਲੂ ਅਤੇ ਹੋਰ ਹਰ ਰੋਜ ਜਰੂਰਤ ਦੀਆਂ ਚੀਜਾਂ ਲੋਕਾਂ ਦੀ ਰਸੋਈ ਚੋਂ ਇਸ ਕਰਕੇ ਬਾਹਰ ਹੁੰਦੀਆਂ ਜਾ ਰਹੀਆਂ ਹਨ ਕਿਉਂਕਿ ਆਮ ਲੋਕ ਉਨ੍ਹਾਂ ਨੂੰ ਖਰੀਦ ਨਹੀਂ ਸਕਦੇ। ਲੋਕਾਂ ਨੂੰ ਇਹ ਸਭ ਸਸਤੇ ਭਾਅ ਦੇਣ ਦੀ ਬਜਾਏ ਕੇਂਦਰ ਸਰਕਾਰ ਵੱਲੋਂ ਸੀ.ਏ ਨਾਗਰਿਕਤਾ ਦਾ ਕਾਨੂੰਨ ਠੋਕਣ ਦੀ ਕਾਹਲ ਲੱਗੀ ਹੋਈ ਹੈ ਤਾਂ ਕਿ ਲੋਕਾਂ ਦਾ ਧਿਆਨ ਮਹਿੰਗਾਈ ਦੇ ਮੁੱਦੇ ਤੋਂ ਹਟ ਸਕੇ। ਇਸ ਤਰ੍ਹਾਂ ਕੇਂਦਰ ਸਰਕਾਰ ਲੋਕਾਂ ਦਾ ਕਚੂੰਭਰ ਕੱਢ ਰਹੀ ਹੈ। ਕਾਂਗਰਸ ਪਾਰਟੀ ਹਲਕਾ ਬੁਢਲਾਡਾ ਦੀ ਇੰਚਾਰਜ ਬੀਬੀ ਰਣਜੀਤ ਕੌਰ ਭੱਟੀ ਦਾ ਕਹਿਣਾ ਹੈ ਕਿ ਮਹਿੰਗਾਈ ਇਸ ਰੂਪ ਵਿੱਚ ਕਦੇ ਵੀ ਨਹੀਂ ਪਹੁੰਚੀ ਜਿਸ ਤਰ੍ਹਾਂ ਅੱਜ ਲੋਕ ਕੇਂਦਰ ਸਰਕਾਰ ਦੀਆਂ ਨੀਤੀਆਂ ਕਾਰਨ ਤਰਾਂ-ਤਰਾਂ ਕਰ ਰਹੇ ਹਨ। ਮਹਿੰਗਾਈ ਨੇ ਲੋਕਾਂ ਦੀ ਰਸੋਈ ਦਾ ਬਜਟ ਵਿਗਾੜ ਦਿੱਤਾ ਹੈ।  ਚਾਹੀਦਾ ਇਹ ਸੀ ਕਿ ਲੋਕਾਂ ਦੀ ਰੋਜ ਵਰਤੋਂ ਵਿੱਚ ਆਉਣ ਵਾਲੀਆਂ ਚੀਜਾਂ ਜਿਵੇਂ ਇਲਾਇਚੀ, ਪਿਆਜ, ਆਲੂ, ਦਾਲਾਂ, ਫਲ ਜਿਵੇਂ ਸੇਬ, ਸੰਤਰਾ, ਅੰਗੂਰ, ਅਨਾਰ, ਗੈਸ ਸਿਲੰਡਰ, ਲੱਕੜ, ਕੋਲਾ ਆਦਿ ਨੂੰ ਸਸਤੇ ਰੂਪ ਵਿੱਚ ਮੁਹੱਈਆ ਕਰਵਾਇਆ ਜਾਂਦਾ, ਪਰ ਸਰਕਾਰ ਇਸ ਪਾਸੇ ਕੋਈ ਗੌਰ ਨਹੀਂ ਕਰ ਰਹੀ ਹੈ। ਬੀਬੀ ਭੱਟੀ ਦਾ ਕਹਿਣਾ ਹੈ ਕਿ ਇਲਾਇਚੀ 1500 ਰੁਪਏ ਕਿੱਲੋ ਤੋਂ ਇਕਦਮ ਰੇਟ ਵਧਾ ਕੇ 5500 ਰੁਪਏ ਕਿੱਲੋ, ਜਿਓ ਦਾ 400 ਵਾਲਾ ਤਿੰਨ ਮਹੀਨਿਆਂ ਦਾ ਪੈਕ 555 ਰੁਪਏ ਦਾ ਅਤੇ ਏਅਰਟੈੱਲ ਦਾ 400 ਰੁਪਏ ਵਾਲਾ600 ਦਾ ਕਰ ਦਿੱਤਾ ਗਿਆ ਹੈ। ਜਿਸ ਦਾ ਲਾਭ ਮੋਦੀ ਸਰਕਾਰ ਵੱਲੋਂ ਆਪਣੇ ਚਹੇਤਿਆਂ ਵੱਡੀਆਂ ਕੰਪਨੀਆਂ ਅਤੇ ਸ਼ਾਹੀ ਘਰਾਣਿਆਂ ਨੂੰ ਦਿੱਤਾ ਜਾ ਰਿਹਾ ਹੈ ਅਤੇ ਪੰਜਾਬ ਨਾਲ ਭੇਦ-ਭਾਵ ਕੀਤਾ ਜਾ ਰਿਹਾ ਹੈ। ਕਾਂਗਰਸੀ ਆਗੂ ਸਰਪੰਚ ਗੁਰਵਿੰਦਰ ਸਿੰਘ ਬੀਰੋਕੇ ਕਲਾਂ ਦਾ ਕਹਿਣਾ ਹੈ ਕਿ ਅੱਜ ਦੇਸ਼ ਵਿੱਚ ਸਭ ਤੋਂ ਵੱਡੀ ਸਮੱਸਿਆ ਲੋਕਾਂ ਤੋਂ ਰੋਜੀ ਖੋਹਣਾ ਹੈ। ਗਰੀਬ ਵਿਅਕਤੀ ਦਿਹਾੜੀ ਕਰਕੇ ਆਪਣੇ ਦੋ ਵਕਤ ਦੀ ਰੋਟੀ ਵੀ ਨਹੀਂ ਪਾ ਸਕਦਾ। ਇੱਕ ਪਾਸੇ ਸਰਕਾਰ ਗਰੀਬ ਦੀ ਸਰਕਾਰ ਕਹਾ ਰਹੀ ਹੈ। ਪਰ ਦੂਜੇ ਪਾਸੇ ਉਨ੍ਹਾਂ ਦੇ ਮੂੰਹ ਵਿੱਚੋਂ ਟੁਕੜਾ ਖੋਹਣ ਦੀ ਤਿਆਰੀ ਕਰ ਰਹੀ ਹੈ। ਅਜਿਹੀ ਸਰਕਾਰ ਨੂੰ ਤੁਰੰਤ ਚੱਲਦਾ ਕਰਨਾ ਚਾਹੀਦਾ ਹੈ ਜੋ ਲੋਕਾਂ ਦਾ ਫਿਕਰ ਕਰਨ ਦੀ ਬਜਾਏ ਸ਼ਾਹੀ ਘਰਾਣਿਆਂ ਦੀ ਪੂੰਜੀ ਵਧਾਉਣ ਵਿੱਚ ਲੱਗੀ ਹੋਈ ਹੈ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਕੱਤਰ ਰਣਜੀਤ ਸਿੰਘ ਦੋਦੜਾ ਦਾ ਕਹਿਣਾ ਹੈ ਕਿ ਦੇਸ਼ ਵਿੱਚ ਅੱਜ ਆਰਥਿਕਤਾ ਦੂਜੇ ਦੇਸ਼ਾਂ ਦੇ ਮੁਕਾਬਲੇ ਪੈਸਿਆਂ ਦੇ ਰੂਪ ਵਿੱਚ ਰਹਿ ਗਈ ਹੈ।  ਸਾਡੇ ਦੇਸ਼ ਦੀ ਇਕਾਨਮੀ ਕਮਜੋਰ ਹੋ ਗਈ ਹੈ, ਜਿਸ ਕਰਕੇ ਵਿਦੇਸ਼ੀ ਕੰਪਨੀਆਂ ਦੇਸ਼ ਵਿੱਚ ਆਪਣਾ ਸਮਾਨ ਵੇਚਣ ਲਈ ਆ ਰਹੀਆਂ ਹਨ। ਹੋਲੀ-ਹੋਲੀ ਦੇਸ਼ ਦੀ ਪੈਦਾਵਾਰ ਖਤਮ ਹੋ ਕੇ ਉਸ ਦਾ ਸਾਰਾ ਕਾਰੋਬਾਰ ਵਿਦੇਸ਼ੀ ਕੰਪਨੀਆਂ ਦੇ ਹੱਥ ਚਲਾ ਜਾਵੇਗਾ।  ਰਾਹੁਲ ਬ੍ਰਿਗੇਡ ਦੇ ਆਗੂ ਪ੍ਰਵੇਸ਼ ਕੁਮਾਰ ਹੈਪੀ ਮਲਹੋਤਰਾ ਦਾ ਕਹਿਣਾ ਹੈ ਕਿ ਮਹਿੰਗਾਈ ਨੂੰ ਕਾਬੂ ਕਰਨਾ ਸਰਕਾਰ ਲਈ ਜਰੂਰੀ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਆਏ ਦਿਨ ਲੋੜੀਂਦੀਆਂ ਵਸਤਾਂ ਤੋਂ ਇਲਾਵਾ ਕੱਪੜੇ ਅਤੇ ਕੱਚੇ ਮਾਲ ਦੀਆਂ ਕੀਮਤਾਂ ਵਧ ਰਹੀਆਂ ਹਨ।  ਦੇਸ਼ ਵਿੱਚ ਰੁਜਗਾਰ ਦੇ ਮੌਕੇ ਘਟਣ ਅਤੇ ਮਹਿੰਗੀ ਵਿੱਦਿਆ ਹੋਣ ਕਾਰਨ ਦੇਸ਼ ਦੇ ਨੌਜਵਾਨ ਵਿਦੇਸ਼ਾਂ ਵੱਲ ਰੁਖ ਕਰ ਰਹੇ ਹਨ। ਅੱਜ ਕਿਸਾਨ ਦਾ ਪੁੱਤ ਕਿਸਾਨੀ ਛੱਡ ਕੇ ਅਤੇ ਪੜ੍ਹਿਆ-ਲਿਖਿਆ ਨੌਜਵਾਨ ਦੇਸ਼ ਵਿੱਚੋਂ ਰੁਜਗਾਰ ਦੀ ਉਮੀਦ ਛੱਡ ਕੇ ਏਜੰਟਾਂ ਦੇ ਧੱਕੇ ਚੜ੍ਹ ਰਿਹਾ ਹੈ। ਕਈ ਲੋਕਾਂ ਨਾਲ ਵੱਡੀਆਂ ਠਗੀਆਂ ਵੱਜ ਚੁੱਕੀਆਂ ਹਨ। ਕੇਂਦਰ ਸਰਕਾਰ ਨੇ ਇਸ ਲਈ ਕੋਈ ਸਿਖਤ ਕਾਨੂੰਨ ਨਹੀਂ ਬਣਾਇਆ ਅਤੇ ਬਾਹਰ ਜਾ ਰਹੀ ਨੌਜਵਾਨੀ ਨੂੰ ਰੋਕਣ ਲਈ ਰੁਜਗਾਰ ਦੀ ਕੋਈ ਵੀ ਵਿਕਲਪ ਨਹੀਂ ਖੋਲ੍ਹੀ।  


Bharat Thapa

Content Editor

Related News