ਕੇਂਦਰ ਸਰਕਾਰ ਨੂੰ ਕਾਲੇ ਕਾਨੂੰਨ ਵਾਪਸ ਲੈਣੇ ਹੀ ਪੈਣਗੇ : ਢੀਂਡਸਾ

Sunday, Nov 29, 2020 - 01:55 PM (IST)

ਕੇਂਦਰ ਸਰਕਾਰ ਨੂੰ ਕਾਲੇ ਕਾਨੂੰਨ ਵਾਪਸ ਲੈਣੇ ਹੀ ਪੈਣਗੇ : ਢੀਂਡਸਾ

ਸੰਗਰੂਰ (ਵਿਵੇਕ ਸਿੰਧਵਾਨੀ, ਬੇਦੀ, ਸਿੰਗਲਾ): 'ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੇਟਿਕ ਦੇ ਆਗੂ ਅਤੇ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਕਿਸਾਨ ਅੰਦੋਲਨ ਆਪਣੇ ਮਿਸ਼ਨ ਵੱਲ ਵੱਧ ਰਿਹਾ ਹੈ ਅਤੇ ਕੇਂਦਰ ਸਰਕਾਰ ਨੂੰ ਕਾਲੇ ਕਾਨੂੰਨ ਵਾਪਸ ਲੈਣੇ ਹੀ ਪੈਣਗੇ।'' ਢੀਂਡਸਾ ਜਿਨ੍ਹਾਂ ਨੂੰ ਸੁਖਪਾਲ ਸਿੰਘ ਖਹਿਰਾ, ਪਿਰਮਲ ਸਿੰਘ ਧੌਲਾ ਵਿਧਾਇਕ, ਰਣਜੀਤ ਸਿੰਘ ਤਲਵੰਡੀ ਸਮੇਤ ਕਿਸਾਨ ਅੰਦੋਲਨ ਦੌਰਾਨ ਕਾਲੇ ਕਾਨੂੰਨਾਂ ਖਿਲਾਫ਼ ਰੋਸ ਪ੍ਰਦਰਸ਼ਨ ਕਰਦਿਆਂ ਗ੍ਰਿਫਤਾਰ ਕਰ ਲਿਆ ਸੀ, ਨੇ ਰਿਹਾਅ ਹੋਣ ਉਪਰੰਤ ਭੇਜੇ ਪ੍ਰੈੱਸ ਬਿਆਨ ਰਾਹੀਂ ਕਿਹਾ ਕਿ ਸਾਡਾ ਮਕਸਦ ਕਿਸਾਨਾਂ ਦੇ ਹੱਕ 'ਚ ਸਿਆਸੀ ਮਾਹੌਲ ਬਣਾਉਣਾ ਸੀ, ਜਿਸ ਲਈ ਪੰਜਾਬ ਦੇ ਚੁਣੇ ਨਮਾਇੰਦਿਆਂ ਦੇ ਐਕਸ਼ਨ ਦੀ ਸਾਂਝ ਸਫਲ ਰਹੀ ਹੈ।

ਉਨ੍ਹਾਂ ਕਿਹਾ ਕਿ ਸਾਡਾ ਸਾਂਝਾ ਐਕਸ਼ਨ ਜਿੱਥੇ ਦੇਸ਼ ਦਾ ਧਿਆਨ ਕਿਸਾਨ ਅੰਦੋਲਨ ਵੱਲ ਖਿੱਚਣ 'ਚ ਸਫ਼ਲ ਰਿਹਾ, ਉਥੇ ਰਾਸ਼ਟਰੀ ਮੀਡੀਆ ਦਾ ਕੇਂਦਰ ਦੇ ਖੇਤੀ ਕਾਲੇ ਕਾਨੂੰਨਾਂ ਖਿਲਾਫ਼ ਧਿਆਨ ਖਿੱਚਣ 'ਚ ਵੀ ਸਫ਼ਲ ਰਿਹਾ ਹੈ। ਉਨ੍ਹਾਂ ਕਿਹਾ ਕਿ ਰਾਸ਼ਟਰੀ ਮੀਡੀਆ ਵੱਲੋਂ ਦੇਸ਼ ਦੇ ਅਹਿਮ ਕਿਸਾਨ ਅੰਦੋਲਨ ਤੋਂ ਪਾਸਾ ਵੱਟ ਕੇ ਗੈਰ ਮੁੱਦੇ ਉਭਾਰਨ ਦੀ ਤਿੱਖੀ ਆਲੋਚਨਾ ਕਰ ਕੇ ਮੀਡੀਆ ਨੂੰ ਕਿਸਾਨ ਅੰਦੋਲਨ ਵੱਲ ਧਿਆਨ ਖਿੱਚਿਆ। ਮੀਡੀਆ ਸਾਹਮਣੇ ਇਹ ਗੱਲਾਂ ਲਿਆਂਦੀਆਂ ਕਿ ਹਰਿਆਣਾ ਦੀ ਸਰਹੱਦ 'ਤੇ ਕਿਸਾਨਾਂ 'ਤੇ ਹੰਝੂ ਗੈਸ ਦੇ ਗੋਲੇ ਸੁੱਟ ਕੇ ਅਤੇ ਪਾਣੀ ਦੀਆਂ ਬੁਛਾੜਾਂ ਕਰ ਕੇ ਜਬਰ ਢਾਹਿਆ ਜਾ ਰਿਹਾ ਹੈ।

ਢੀਂਡਸਾ ਨੇ ਕਿਹਾ ਕਿ ਕਿਸਾਨਾਂ ਦਾ ਦਰਦ ਰੱਖਣ ਵਾਲਾ ਕੋਈ ਨੁਮਾਇੰਦਾ ਕਿਸਾਨਾਂ ਦੇ ਸੰਘਰਸ਼ ਨੂੰ ਸਿਰਫ ਮੂਕ ਦਰਸ਼ਕ ਬਣ ਕੇ ਨਹੀਂ ਦੇਖ ਸਕਦਾ। ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੇਟਿਕ ਦੇ ਆਗੂਆਂ ਤੇ ਨੁਮਾਇੰਦਿਆਂ ਨੇ ਆਪਣੀ ਜ਼ਿੰਮੇਵਾਰੀ ਨੂੰ ਸਮਝਦਿਆਂ ਕਿਸਾਨਾਂ ਦੇ ਸੰਘਰਸ਼ ਨੂੰ ਸ਼ਕਤੀ ਦੇਣ ਲਈ ਇਹ ਐਕਸ਼ਨ ਕਰਨ ਲਈ ਜੰਤਰ-ਮੰਤਰ ਵਾਲੀ ਥਾਂ ਨੂੰ ਚੁਣਿਆ ਜਿੱਥੇ ਦੇਸ਼ ਦੇ ਲੋਕ ਦੀਆਂ ਨਿਗਾਹਾਂ ਟਿੱਕੀਆਂ ਹੋਈਆਂ ਸਨ। ਚੱਪੇ-ਚੱਪੇ 'ਤੇ ਨਜ਼ਰ ਰੱਖੀ ਬੈਠੀ ਦਿੱਲੀ ਪੁਲਸ ਦੇ ਬੈਰੀਕੇਡ ਤੋੜਕੇ ਤੇ ਕਈ ਥਾਂ ਝਕਾਨੀ ਦੇ ਕੇ ਅਸੀਂ ਰੋਸ ਪ੍ਰਦਰਸ਼ਨ 'ਚ ਸਫ਼ਲ ਰਹੇ।

ਉਨ੍ਹਾਂ ਕਿਹਾ ਕਿ ਸਾਡੇ ਐਕਸ਼ਨ ਨੇ ਕੇਂਦਰ ਸਰਕਾਰ ਨੂੰ ਅਹਿਸਾਸ ਕਰਵਾ ਦਿੱਤਾ ਹੈ ਕਿ ਪੰਜਾਬ ਦਾ ਬੱਚਾ-ਬੱਚਾ ਇਨ੍ਹਾਂ ਕਾਨੂੰਨਾਂ ਦੇ ਖਿਲਾਫ਼ ਹੈ। ਉਨ੍ਹਾਂ ਪਾਰਟੀ ਦੇ ਆਗੂਆਂ ਤੇ ਵਰਕਰਾਂ ਦਾ ਇਸ ਮਿਸ਼ਨ ਨੂੰ ਸਫ਼ਲ ਬਣਾਉਣ ਲਈ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਸਾਡੀ ਗ੍ਰਿਫਤਾਰੀ ਨੇ ਕੇਂਦਰ ਸਰਕਾਰ ਨੂੰ ਸੁਨੇਹਾ ਦੇ ਦਿੱਤਾ ਹੈ ਕਿ ਦੇਸ਼ ਦੇ ਕਿਸਾਨ ਇਨ੍ਹਾਂ ਕਾਲੇ ਕਾਨੂੰਨਾਂ ਨੂੰ ਵਾਪਸ ਕਰਵਾਉਣ ਤੱਕ ਟਿਕ ਕੇ ਨਹੀਂ ਬੈਠਣਗੇ।


author

Shyna

Content Editor

Related News