ਪੰਜਾਬ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਜੋ ਵੀ ਕਰਨਾ ਪਵੇ, ਉਹ ਕਰਾਂਗੇ : CM ਮਾਨ

04/09/2022 8:32:40 PM

ਫਾਜ਼ਿਲਕਾ (ਸੁਖਵਿੰਦਰ ਥਿੰਦ)-ਸੂਬੇ ਦੇ 6 ਸਰਹੱਦੀ ਜ਼ਿਲ੍ਹਿਆਂ ’ਚ ਕੌਮੀ ਸੁਰੱਖਿਆ ’ਤੇ ਵਿਸ਼ੇਸ਼ ਧਿਆਨ ਕੇਂਦ੍ਰਿਤ ਕਰਦਿਆਂ ਪੰਜਾਬ ਦੇ ਰਾਜਪਾਲ ਬਨਵਾਰੀਲਾਲ ਪੁਰੋਹਿਤ ਨੇ ਸ਼ਨੀਵਾਰ ਨੂੰ ਕੇਂਦਰੀ ਤੇ ਸੂਬਾਈ ਸੁਰੱਖਿਆ ਏਜੰਸੀਆਂ ਵਿਚਕਾਰ ਆਪਸੀ ਤਾਲਮੇਲ ਦੀ ਲੋੜ ’ਤੇ ਵਿਸ਼ੇਸ਼ ਜ਼ੋਰ ਦਿੱਤਾ ਤਾਂ ਜੋ ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਹਰ ਹਾਲ ’ਚ ਕਾਇਮ ਰੱਖਿਆ ਜਾ ਸਕੇ। ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਜਪਾਲ ਨੇ ਦੱਸਿਆ ਕਿ ਅੱਜ ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਸਰੱਹਦੀ ਜ਼ਿਲ੍ਹੇ ਦੇ ਸਰਪੰਚਾਂ ਅਤੇ ਪੰਚਾਂ ਦੇ ਨਾਲ-ਨਾਲ ਕੇਂਦਰ ਅਤੇ ਸੂਬਾਈ ਸਰਕਾਰ ਦੀਆਂ ਏਜੰਸੀਆਂ ਦੇ ਅਧਿਕਾਰੀਆਂ ਨਾਲ ਮੀਟਿੰਗ ਕਰ ਕੇ ਸੁਰੱਖਿਆ ਸਥਿਤੀ ਦਾ ਜਾਇਜ਼ਾ ਲਿਆ। ਰਾਜਪਾਲ ਨੇ ਕਿਹਾ, “ਮੀਟਿੰਗ ਦਾ ਮੁੱਖ ਏਜੰਡਾ ਇਨ੍ਹਾਂ ਜ਼ਿਲ੍ਹਿਆਂ ਦੀ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ ਇਕ ਮਜ਼ਬੂਤ ਤੰਤਰ ਤਿਆਰ ਕਰਨਾ ਸੀ, ਖ਼ਾਸ ਕਰਕੇ ਜਦੋਂ ਗੁਆਂਢੀ ਦੇਸ਼ ਡਰੋਨਾਂ ਰਾਹੀਂ ਨਸ਼ਿਆਂ ਅਤੇ ਹਥਿਆਰਾਂ ਦੀ ਤਸਕਰੀ ਕਰ ਕੇ ਪੰਜਾਬ ’ਚ ਸੰਕਟ ਪੈਦਾ ਕਰਨ ਦੇ ਤਰੀਕੇ ਲੱਭ ਰਿਹਾ ਹੈ।’’ ਉਨ੍ਹਾਂ ਕਿਹਾ ਕਿ ਇਸ ਸਬੰਧ ’ਚ ਅਣਗਹਿਲੀ ਦੀ ਕੋਈ ਗੁੰਜਾਇਸ਼ ਨਹੀਂ ਹੈ। ਸਰਹੱਦ ਪਾਰੋਂ ਆਏ ਨਸ਼ੇ ਸਕੂਲ ਜਾਣ ਵਾਲੇ ਬੱਚਿਆਂ ਦੇ ਹੱਥਾਂ ਤੱਕ ਪੁੱਜ ਜਾਣ ’ਤੇ ਚਿੰਤਾ ਜ਼ਾਹਰ ਕਰਦਿਆਂ ਰਾਜਪਾਲ ਨੇ ਲੋਕਾਂ ਤੋਂ ਸਹਿਯੋਗ ਦੀ ਅਪੀਲ ਕੀਤੀ ਅਤੇ ਉਨ੍ਹਾਂ ਨੂੰ ਅਜਿਹੀ ਨਾਪਾਕ ਗਤੀਵਿਧੀ ਧਿਆਨ ’ਚ ਆਉਣ ’ਤੇ ਤੁਰੰਤ ਇਸ ਦੀ ਸੂਚਨਾ ਪੁਲਸ ਅਤੇ ਹੋਰ ਸੁਰੱਖਿਆ ਏਜੰਸੀਆਂ ਨੂੰ ਦੇਣ ਲਈ ਕਿਹਾ।

PunjabKesari

ਇਹ ਵੀ ਪੜ੍ਹੋ : ਡਾ. ਓਬਰਾਏ ਦੀ ਬਦੌਲਤ ਤਜਿੰਦਰ ਦੀ ਮ੍ਰਿਤਕ ਦੇਹ ਨੂੰ ਨਸੀਬ ਹੋਈ ਆਪਣੀ ਮਿੱਟੀ, ਦੁਬਈ ’ਚ ਹੋਈ ਸੀ ਮੌਤ

ਰਾਜਪਾਲ ਨੇ ਅੱਗੇ ਦੱਸਿਆ ਕਿ ਨੌਜਵਾਨਾਂ, ਖਾਸ ਕਰਕੇ ਸਰਹੱਦੀ ਖੇਤਰਾਂ ਨਾਲ ਸਬੰਧਤ ਨੌਜਵਾਨਾਂ ਦੀ ਊਰਜਾ ਨੂੰ ਉਸਾਰੂ ਢੰਗ ਨਾਲ ਚਲਾਉਣ ਲਈ ਜਲਦ ਹੀ ‘ਅਗਨੀਪਥ’ ਨਾਂ ਦੀ ਇਕ ਸਕੀਮ ਦਾ ਉਦਘਾਟਨ ਕੀਤਾ ਜਾਵੇਗਾ, ਜਿਸ ’ਚ ਨੌਜਵਾਨਾਂ ਨੂੰ ਲੋੜੀਂਦੀ ਸਿਖਲਾਈ ਤੋਂ ਇਲਾਵਾ ਫੌਜ ’ਚ 4 ਸਾਲ ਲਈ ਰੁਜ਼ਗਾਰ ਵੀ ਦਿੱਤਾ ਜਾਵੇਗਾ। ਰਾਜਪਾਲ ਨੇ ਅੱਗੇ ਕਿਹਾ ਕਿ “ਮੈਂ ਮੁੱਖ ਮੰਤਰੀ ਵੱਲੋਂ ਪੰਜਾਬ ਦੇ ਹਿੱਤਾਂ ਦੇ ਮੁੱਦੇ ਭਾਰਤ ਸਰਕਾਰ ਕੋਲ ਉਠਾਉਣ ਲਈ ਕੀਤੇ ਗਏ ਹਰ ਯਤਨ ਨੂੰ ਦਿਲੋਂ ਸਮਰਥਨ ਦੇਵਾਂਗਾ।’’ ਰਾਜਪਾਲ ਨੇ ਇਹ ਵੀ ਕਿਹਾ ਕਿ ਉਹ ਸੁਰੱਖਿਆ ਸਥਿਤੀ ਦਾ ਜਾਇਜ਼ਾ ਲੈਣ ਲਈ ਹਰ 3 ਮਹੀਨਿਆਂ ਬਾਅਦ ਸਰਹੱਦੀ ਜ਼ਿਲ੍ਹਿਆਂ ਦਾ ਦੌਰਾ ਕਰਨਗੇ। ਇਸ ਮੌਕੇ ਬੋਲਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਉਨ੍ਹਾਂ ਸ਼ਹੀਦਾਂ ਦੀ ਧਰਤੀ ਹੈ, ਜਿਨ੍ਹਾਂ ਨੇ ਆਜ਼ਾਦੀ ਦੇ ਅੰਦੋਲਨ ’ਚ ਸ਼ਹੀਦ ਏ ਆਜ਼ਮ ਭਗਤ ਸਿੰਘ, ਸ਼ਹੀਦ ਊਧਮ ਸਿੰਘ ਅਤੇ ਲਾਲਾ ਲਾਜਪਤ ਰਾਏ ਵਰਗੇ ਮਹਾਨ ਕ੍ਰਾਂਤੀਕਾਰੀਆਂ ਨੂੰ ਜਨਮ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਜੋ ਕੁਝ ਵੀ ਕਰਨਾ ਪਵੇ, ਉਹ ਕਰਨਗੇ।

ਇਹ ਵੀ ਪੜ੍ਹੋ : ਮੇਰਾ ਤਾਂ ਘਰ ਵੀ ਪਲੱਸਤਰ ਨੀਂ ਹੋਇਆ ਪਰ ਮੇਰੇ ਲੋਕਾਂ ਨੇ ਚੰਨੀ ਦੀਆਂ ਨੀਹਾਂ ਉਖਾੜ ਦਿੱਤੀਆਂ : ਉੱਗੋਕੇ (ਵੀਡੀਓ)

ਮੁੱਖ ਮੰਤਰੀ ਨੇ ਕਿਹਾ, “ਹੁਣ ਵੀ ਸੂਬੇ ਦੇ ਬਹਾਦਰ ਨੌਜਵਾਨ ਦੇਸ਼ ਦੀ ਰੱਖਿਆ ਲਈ ਫੌਜ ’ਚ ਸੇਵਾਵਾਂ ਦੇ ਕੇ ਆਪਣੀ ਵਿਰਾਸਤ ਨੂੰ ਅੱਗੇ ਵਧਾ ਰਹੇ ਹਨ।’’ ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਦਾ ਧਿਆਨ ਸਕੂਲਾਂ, ਕਾਲਜਾਂ ਤੋਂ ਇਲਾਵਾ ਸਰਹੱਦੀ ਖੇਤਰਾਂ ’ਚ ਸਨਅਤ ਲਿਆਉਣ ਅਤੇ ਹੁਨਰ ਵਿਕਾਸ ਸੰਸਥਾਵਾਂ ਦੀ ਸਥਾਪਨਾ ’ਤੇ ਹੈ ਤਾਂ ਜੋ ਉਨ੍ਹਾਂ ਨੌਜਵਾਨਾਂ ਨੂੰ ਰੁਜ਼ਗਾਰ ਦੇ ਮੌਕੇ ਪ੍ਰਦਾਨ ਕੀਤੇ ਜਾ ਸਕਣ, ਜਿਨ੍ਹਾਂ ਕੋਲ ਬਹੁਤਾਤ ’ਚ ਪ੍ਰਤਿਭਾ ਹੈ ਪਰ ਉਨ੍ਹਾਂ ਨੂੰ ਵਰਤਣ ਦਾ ਕੋਈ ਸਾਧਨ ਨਹੀਂ ਹੈ। ਭਗਵੰਤ ਮਾਨ ਨੇ ਅੱਗੇ ਕਿਹਾ, ‘‘ਸੂਬਾ ਸਰਕਾਰ ਦੇਸ਼ ਦੀਆਂ ਹਥਿਆਰਬੰਦ ਸੈਨਾਵਾਂ ਲਈ ਭਵਿੱਖ ਦੇ ਅਧਿਕਾਰੀ ਪੈਦਾ ਕਰਨ ਦੇ ਉਦੇਸ਼ ਨਾਲ ਪੰਜਾਬ ’ਚ ਸੈਨਿਕ ਸਕੂਲਾਂ ਨੂੰ ਲਿਆਉਣ ਲਈ ਵੀ ਕੋਈ ਕਸਰ ਬਾਕੀ ਨਹੀਂ ਛੱਡ ਰਹੀ ਹੈ।’’

ਇਹ ਵੀ ਪੜ੍ਹੋ : ਲੁਧਿਆਣਾ ਤੋਂ ਬਾਅਦ ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ ਦੇ ਪੁਲਸ ਕਮਿਸ਼ਨਰਾਂ ਤੇ SSPs ਦੇ ਹੋਏ ਤਬਾਦਲੇ

ਕੌਮੀ ਸੁਰੱਖਿਆ ਦੇ ਮੁੱਦੇ ’ਤੇ ਕੋਈ ਸਮਝੌਤਾ ਨਾ ਕਰਨ ’ਤੇ ਜ਼ੋਰ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਹ 12 ਅਪ੍ਰੈਲ ਨੂੰ ਉਹ ਕੇਂਦਰੀ ਗ੍ਰਹਿ ਮੰਤਰੀ ਨੂੰ ਮਿਲਣਗੇ ਤਾਂ ਜੋ ਪੰਜਾਬ ਪੁਲਸ ਨੂੰ ਅਤਿ-ਆਧੁਨਿਕ ਤਕਨੀਕੀ ਉਪਕਰਨ ਮੁਹੱਈਆ ਕਰਵਾਉਣ ਦਾ ਮੁੱਦਾ ਉਠਾਇਆ ਜਾ ਸਕੇ। ਇਸੇ ਤਰ੍ਹਾਂ ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਕੰਡਿਆਲੀ ਤਾਰ ਤੋਂ ਪਾਰ ਜ਼ਮੀਨਾਂ ਵਾਲੇ ਕਿਸਾਨਾਂ ਦਾ ਮਾਮਲਾ ਵੀ ਜਲਦ ਹੀ ਹੱਲ ਕਰ ਲਿਆ ਜਾਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਵਿਧਾਇਕ (ਫਾਜ਼ਿਲਕਾ) ਨਰਿੰਦਰਪਾਲ ਸਿੰਘ ਸਵਨਾ, ਵਿਧਾਇਕ (ਜਲਾਲਾਬਾਦ) ਜਗਦੀਪ ਕੰਬੋਜ, ਵਿਧਾਇਕ (ਬੱਲੂਆਣਾ) ਅਮਨਦੀਪ ਸਿੰਘ ਗੋਲਡੀ ਮੁਸਾਫਿਰ, ਮੁੱਖ ਸਕੱਤਰ ਅਨਿਰੁਧ ਤਿਵਾੜੀ, ਡੀ. ਜੀ. ਪੀ ਵੀ. ਕੇ. ਭਾਵੜਾ, ਪ੍ਰਮੁੱਖ ਸਕੱਤਰ (ਯੋਜਨਾ) ਰਾਜ ਕਮਲ ਚੌਧਰੀ, ਰਾਜਪਾਲ ਦੇ ਪ੍ਰਮੁੱਖ ਸਕੱਤਰ ਜੇ. ਐੱਮ. ਬਾਲਾਮੁਰੂਗਨ, ਫਿਰੋਜ਼ਪੁਰ ਡਵੀਜ਼ਨ ਦੇ ਕਮਿਸ਼ਨਰ ਡੀ. ਐੱਸ. ਮਾਂਗਟ, ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ, ਵਧੀਕ ਡਿਪਟੀ ਕਮਿਸ਼ਨਰ ਜਨਰਲ ਅਭੀਜੀਤ ਕਪਲਿਸ਼, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸਾਗਰ ਸੇਤੀਆ, ਐੱਸ.ਡੀ.ਐੱਮ. ਰਵਿੰਦਰ ਸਿੰਘ ਅਰੋੜਾ, ਅਮਿਤ ਗੁਪਤਾ, ਦੇਵਦਰਸ਼ ਦੀਪ ਸਿੰਘ ਵੀ ਹਾਜ਼ਰ ਸਨ।

ਇਹ ਵੀ ਪੜ੍ਹੋ : ਗੁਰਬਾਣੀ ਦੇ ਪ੍ਰਸਾਰਣ ਨੂੰ ਲੈ ਕੇ ਜਥੇਦਾਰ ਹਰਪ੍ਰੀਤ ਸਿੰਘ ਦਾ ਬਿਆਨ, ਕਿਹਾ-SGPC ਲਾਂਚ ਕਰੇ ਆਪਣਾ ਚੈਨਲ


Manoj

Content Editor

Related News