ਮਾਮਲਾ ਸਕੂਲ ’ਚ ਬੱਚੀ ਨਾਲ ਹੋਏ ਜ਼ਬਰ ਜਿਨਾਹ ਦਾ : ਸਕੂਲ ਐਸੋਸੀਏਸ਼ਨ ਤੇ ਪੇਰੈਂਟਸ ਐਸੋਸੀਏਸ਼ਨ ਹੋਈਆਂ ਆਹਮਣੇ-ਸਾਹਮਣੇ

04/10/2022 4:31:13 PM

ਸੰਗਰੂਰ (ਵਿਜੈ ਕੁਮਾਰ ਸਿੰਗਲਾ ) : ਗੁਰਦਾਸਪੁਰ ਵਿੱਚ ਪ੍ਰਾਈਵੇਟ ਸਕੂਲ ਦੇ ਕੰਪਲੈਕਸ ਅੰਦਰ ਛੋਟੀ ਬੱਚੀ ਨਾਲ ਹੋਏ ਜ਼ਬਰ ਜ਼ਿਨਾਹ ਨੂੰ ਗ਼ਲਤ ਕਹਿਣ ਦੀ ਥਾਂ ਪ੍ਰਾਈਵੇਟ ਸਕੂਲ ਐਸੋਸੀਏਸ਼ਨ ਵੱਲੋਂ ਮਿਤੀ 11/04/2022 ਉਸ ਸਕੂਲ ਦੀ ਮੈਨੇਜਮੈਂਟ ਦੇ ਹੱਕ ਵਿੱਚ ਦਿੱਤਾ ਬੰਦ ਦਾ ਸੱਦਾ ਬਿਲਕੁਲ ਗ਼ਲਤ ਹੈ। ਪ੍ਰਾਈਵੇਟ ਸਕੂਲ ਫੈਡਰੇਸ਼ਨ ਆਫ ਪ੍ਰਾਈਵੇਟ ਸਕੂਲ ਐਂਡ ਐਸੋਸੀਏਸ਼ਨ ਦੇ ਪ੍ਰਧਾਨ ਨੂੰ ਪੁੱਛਣਾ ਚਾਹੁੰਦੇ ਹਾਂ ਕਿ ਜੇਕਰ ਉਨ੍ਹਾਂ ਨਾਲ ਅਜਿਹੀ ਘਟਨਾ ਹੁੰਦੀ ਕੀ ਤਾਂ ਵੀ ਉਨ੍ਹਾਂ ਦਾ ਇਹੋ ਸਟੈਂਡ ਹੁੰਦਾ ? ਫੈਡਰੇਸ਼ਨ ਦੇ ਪ੍ਰਧਾਨ ਅਤੇ ਸਾਰੇ ਅਹੁਦੇਦਾਰਾਂ ਨੂੰ ਬੇਨਤੀ ਵੀ ਕਰਦੇ ਹਾਂ ਕਿ ਦੋਸ਼ੀਆਂ ਨੂੰ ਸਜਾ ਦਿਵਾਉਣ ਲਈ ਸਹਿਯੋਗ ਕਰਨ। ਜਿਸ ਪ੍ਰਾਈਵੇਟ ਸਕੂਲ ਮਾਲਕ/ਮੈਨੇਜਮੈਂਟ ਨੂੰ ਇਹ ਨਹੀਂ ਪਤਾ ਕਿ ਉਨ੍ਹਾਂ ਦੇ ਸਕੂਲ ਦੇ ਕੰਪਲੈਕਸ ਵਿੱਚ ਕੀ ਵਾਪਰ ਰਿਹਾ ਹੈ, ਉਨ੍ਹਾਂ ਨੂੰ ਸਕੂਲ ਚਲਾਉਣ ਦਾ ਕੋਈ ਅਧਿਕਾਰ ਨਹੀਂ।

ਇਹ ਵੀ ਪੜ੍ਹੋ : ਮਿੱਡੂਖੇੜਾ ਕਤਲ ਕਾਂਡ : ਸ਼ਾਰਪ ਸ਼ੂਟਰਾਂ ਦੀ ਗ੍ਰਿਫ਼ਤਾਰੀ ਤੋਂ 7 ਦਿਨਾਂ ਬਾਅਦ ਹੋਏ ਅਹਿਮ ਖ਼ੁਲਾਸੇ

ਇਸੇ ਮਸਲੇ ਨੂੰ ਲੈ ਕੇ ਕੈਂਬਰਿਜ ਇੰਟਰਨੈਸ਼ਨਲ ਸਕੂਲ, ਸੰਗਰੂਰ ਦੀ ਪੇਰੈਂਟਸ ਐਸੋਸੀਏਸ਼ਨ (ਰਜਿ:) ਦੀ ਹੰਗਾਮੀ ਮੀਟਿੰਗ ਪ੍ਰਧਾਨ ਗੁਰਸੇਵਕ ਸਿੰਘ ਕਲੇਰ ਦੀ ਪ੍ਰਧਾਨਗੀ ਵਿੱਚ ਕੀਤੀ ਗਈ। ਮੀਟਿੰਗ ਵਿੱਚ ਪ੍ਰਾਈਵੇਟ ਸਕੂਲਾਂ ਅੰਦਰ ਅਸਮਾਜਿਕ ਤੱਤਾਂ ਵੱਲੋਂ ਕੀਤੀਆਂ ਜਾਂਦੀਆਂ ਅਜਿਹੀਆਂ ਘਿਨਾਉਣੀਆਂ ਹਰਕਤਾਂ ਲਈ ਜਿੱਥੇ ਘਟਨਾ ਨੂੰ ਅੰਜਾਮ ਦੇਣ ਵਾਲੇ ਜ਼ਿੰਮੇਵਾਰ ਹਨ, ਉਸ ਤੋਂ ਜ਼ਿਆਦਾ ਉਨ੍ਹਾਂ ਸਕੂਲਾਂ ਦੇ ਮਾਲਕ ਅਤੇ ਮੈਨੇਜਮੈਂਟ ਵੀ ਜ਼ਿੰਮੇਵਾਰ ਹਨ। ਐਸੋਸੀਏਸ਼ਨ ਦੇ ਮੈਂਬਰਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਅਜਿਹੇ ਸਕੂਲਾਂ ’ਤੇ ਸ਼ਿਕੰਜਾ ਕੱਸਣ ਲਈ ਸਖ਼ਤ ਕਾਨੂੰਨ ਬਣਾਏ ਜਾਣ ਅਤੇ ਵਾਪਰੀ ਘਟਨਾ ਦੇ ਸਬੰਧ ਵਿੱਚ ਮਾਲਕ, ਮੈਨੇਜਮੈਂਟ ਅਤੇ ਘਟਨਾ ਨੂੰ ਅੰਜਾਮ ਦੇਣ ਵਾਲੇ ਵਿਅਕਤੀਆਂ ਨੂੰ ਫੜ੍ਹ ਕੇ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ। ਸਾਰੇ ਹੀ ਪ੍ਰਾਈਵੇਟ ਸਕੂਲ ਮਾਲਕਾਂ ਦੀ ਜ਼ਿਮੇਵਾਰੀ ਫਿਕਸ ਕਰਕੇ ਉਨ੍ਹਾਂ ਸਕੂਲਾਂ ਦੀ ਮਾਨਤਾ ਰੱਦ ਕੀਤੀ ਜਾਵੇ, ਜਿਨ੍ਹਾਂ ਸਕੂਲਾਂ ਵਿੱਚ ਅਜਿਹੀਆਂ ਘਟਨਾਵਾਂ ਵਾਪਰਦੀਆਂ ਹਨ।

ਇਹ ਵੀ ਪੜ੍ਹੋ : ਪੰਜਾਬ ਦੇ ਲੋਕਾਂ ’ਤੇ ਪਿਆ ਇਕ ਹੋਰ ਵੱਡਾ ਬੋਝ,ਖੱਡਾਂ ਬੰਦ ਹੋਣ ਕਾਰਨ ਮਹਿੰਗੀ ਹੋਈ ਰੇਤ

ਐਸੋਸੀਏਸ਼ਨ ਨੇ ਸਰਕਾਰ ਤੋਂ ਮੰਗ ਕੀਤੀ ਕਿ ਪ੍ਰਾਈਵੇਟ ਸਕੂਲਾਂ ਵੱਲੋਂ ਹਰ ਸਾਲ ਪੁਰਾਣੇ ਵਿਦਿਆਰਥੀਆਂ ਤੋਂ ਲਈ ਜਾਂਦੀ ਦਾਖ਼ਲਾ ਫੀਸ ਬੰਦ ਕਰਵਾ ਕੇ ਇਨ੍ਹਾਂ ਸਕੂਲਾਂ ਨੂੰ ਬਿਜ਼ਨੈੱਸ ਹੱਬ ਬਣਨ ਤੋਂ ਰੋਕਿਆ ਜਾਵੇ। ਐਸੋਸੀਏਸ਼ਨ ਦੇ ਪ੍ਰਧਾਨ ਅਤੇ ਮੈਂਬਰਾਂ ਵੱਲੋਂ ਦੋਸ਼ੀਆਂ ’ਤੇ ਸਖਤ ਕਾਰਵਾਈ ਦੀ ਮੰਗ ਕਰਦੇ ਹੋਏ ਆਉਣ ਵਾਲੇ ਦਿਨਾਂ ਵਿੱਚ ਪ੍ਰਾਈਵੇਟ ਸਕੂਲ ਮੈਨੇਜਮੈਂਟਾਂ ਦੀਆਂ ਆਪਹੁਦਰੀਆਂ ਦੇ ਵਿਰੋਧ ਵਿਚ ਸਖ਼ਤ ਸੰਘਰਸ਼ ਵਿੱਢਣ ਦੀ ਰਣਨੀਤੀ ਤਹਿ ਕਰਨ ਲਈ ਪੂਰੇ ਪੰਜਾਬ ਦੀਆਂ ਪੇਰੈਂਟਸ ਐਸੋਸੀਏਸ਼ਨਾ ਨੂੰ ਬੇਨਤੀ ਕੀਤੀ। ਮੀਟਿੰਗ ਵਿੱਚ ਕ੍ਰਿਸ਼ਨਜੀਤ ਸਿੰਘ ਜੱਸੀ (ਮੀਤ ਪ੍ਰਧਾਨ) ,ਬਲਵਿੰਦਰ ਸਿੰਘ (ਜਨਰਲ ਸਕੱਤਰ),ਲਾਲਜੀਤ ਸਿੰਘ (ਖਜਾਨਚੀ), ਬਲਵਿੰਦਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਮਾਪੇ ਸ਼ਾਮਲ ਹੋਏ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


Anuradha

Content Editor

Related News