ਕੈਪਟਨ ਦੀ ਰੈਲੀ ਦੌਰਾਨ 2 ਮੋਟਰਸਾਈਕਲ ਚੋਰੀ
Tuesday, Jan 29, 2019 - 09:48 PM (IST)

ਨਥਾਣਾ,(ਬੱਜੋਆਣੀਆਂ)—ਬੀਤੇ ਦਿਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਿੰਡ ਮਹਿਰਾਜ ਵਿਚ ਹੋਈ ਰੈਲੀ ਦੌਰਾਨ ਜਿਥੇ ਸਰਕਾਰ ਵੱਲੋਂ ਮਹਿਰਾਜ ਵਾਸੀਆਂ ਨੂੰ ਨਗਰ ਦੇ ਵਿਕਾਸ ਕੰਮਾਂ ਲਈ ਕਰੋੜਾਂ ਰੁਪਏ ਜਾਰੀ ਕੀਤੇ ਜਾਣ ਦਾ ਐਲਾਨ ਕੀਤਾ ਗਿਆ ਉਥੇ ਹੀ ਇਸ ਰੈਲੀ ਵਿਚ ਪੁੱਜੇ ਦੋ ਕਾਂਗਰਸੀ ਵਰਕਰਾਂ ਦੇ ਮੋਟਰਸਾਈਕਲ ਚੋਰੀ ਹੋ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਗੰਗਾ ਵਾਸੀ ਹਰਭਜਨ ਸਿੰਘ ਪੁੱਤਰ ਹਰਦੇਵ ਸਿੰਘ ਨੇ ਦੱਸਿਆ ਕਿ ਉਹ ਜਦੋਂ ਰੈਲੀ ਵਾਲੇ ਪੰਡਾਲ ਵਿਚੋਂ ਬਾਹਰ ਆਇਆ ਤਾਂ ਉਸਦਾ ਸਪਲੈਂਡਰ ਮੋਟਰਸਾਈਕਲ ਕੋਈ ਅਣਪਛਾਤਾ ਵਿਅਕਤੀ ਚੋਰੀ ਕਰਕੇ ਲੈ ਗਿਆ ਸੀ। ਉਸ ਨੇ ਦੋਸ਼ ਲਾਇਆ ਕਿ ਰੈਲੀ ਦੌਰਾਨ ਪ੍ਰਸ਼ਾਸਨ ਵੱਲੋਂ ਪਾਰਕਿੰਗ ਦੇ ਪੁਖਤਾ ਪ੍ਰਬੰਧ ਨਾ ਕੀਤੇ ਹੋਣ ਕਰਕੇ ਅਜਿਹਾ ਵਾਪਰਿਆ ਹੈ। ਉਸਨੇ ਦੱਸਿਆ ਕਿ ਜਦੋਂ ਉਹ ਆਪਣੇ ਮੋਟਰਸਾਈਕਲ ਦੀ ਭਾਲ ਕਰ ਰਿਹਾ ਸੀ ਤਾਂ ਇਕ ਹੋਰ ਵਿਅਕਤੀ ਨੇ ਵੀ ਆਪਣਾ ਮੋਟਰਸਾਈਕਲ ਚੋਰੀ ਹੋਣ ਬਾਰੇ ਉਸਨੂੰ ਦੱਸਿਆ ਤਾਂ ਉਨ੍ਹਾਂ ਦੋਵਾਂ ਨੇ ਕਾਫੀ ਸਮਾਂ ਇਧਰ-ਓਧਰ ਮੋਟਰਸਾਈਕਲਾਂ ਦੀ ਭਾਲ ਕੀਤੀ ਪਰ ਨਿਰਾਸ਼ਾ ਹੀ ਪੱਲੇ ਪਈ।