ਹੁਣ ਹੋਰ ਝੂਠੇ ਐਲਾਨਾਂ ਨਾਲ ਲੋਕਾਂ ਨੂੰ ਗੁੰਮਰਾਹ ਨਾ ਕਰਨ ਕੈਪਟਨ : ਭਗਵੰਤ ਮਾਨ
Sunday, Mar 17, 2019 - 09:26 PM (IST)

ਚੰਡੀਗੜ੍ਹ, (ਰਮਨਜੀਤ)- ਆਪ ਪੰਜਾਬ ਦੇ ਪ੍ਰਧਾਨ ਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਕੈ. ਅਮਰਿੰਦਰ ਸਿੰਘ 'ਤੇ ਚੋਣ ਜ਼ਾਬਤੇ ਦੀ ਉਲੰਘਣਾ ਦੇ ਦੋਸ਼ ਲਾਉਂਦਿਆਂ ਕਿਹਾ ਕਿ ਚੋਣਾਂ ਮੌਕੇ ਮੁੱਖ ਮੰਤਰੀ ਜਿੱਥੇ ਹੋਰ ਝੂਠੇ ਵਾਅਦੇ ਕਰਕੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ, ਉਥੇ ਹੀ ਚੋਣ ਜ਼ਾਬਤੇ ਦੀ ਉਲੰਘਣਾ ਵੀ ਕਰ ਰਹੇ ਹਨ।
ਮਾਨ ਨੇ ਕਿਹਾ ਕਿ ਸ਼ਨੀਵਾਰ ਨੂੰ ਆਪਣੀ ਸਰਕਾਰ ਦੇ ਦੋ ਸਾਲ ਪੂਰੇ ਹੋਣ 'ਤੇ ਕੈਪਟਨ ਅਮਰਿੰਦਰ ਸਿੰਘ ਨੇ ਫੇਰ ਝੂਠਾ ਐਲਾਨ ਕੀਤਾ ਹੈ ਕਿ ਹੋਰ ਕਿਸਾਨੀ ਕਰਜ਼ੇ ਮੁਆਫ਼ ਕਰਨ, ਲੋਕਪਾਲ ਬਿੱਲ, ਹਿੱਤਾਂ ਦਾ ਟਕਰਾਅ ਬਿੱਲ ਅਤੇ ਪ੍ਰਵਾਸੀ ਭਾਰਤੀਆਂ ਦੀਆਂ ਜਾਇਦਾਦਾਂ ਸਬੰਧੀ ਬਿੱਲ ਅਗਲੇ ਵਿਧਾਨ ਸਭਾ ਸੈਸ਼ਨ ਵਿਚ ਲਿਆਉਣ ਵਰਗੇ ਲੋਕ ਲੁਭਾਊ ਐਲਾਨ ਕੀਤੇ ਹਨ, ਜੋ ਸਿੱਧੇ ਤੌਰ 'ਤੇ ਚੋਣ ਜ਼ਾਬਤੇ ਦੀ ਉਲੰਘਣਾ ਹੈ। ਇਸ ਦੀ ਚੋਣ ਕਮਿਸ਼ਨ ਕੋਲ ਸ਼ਿਕਾਇਤ ਕੀਤੀ ਜਾਵੇਗੀ।
ਭਗਵੰਤ ਮਾਨ ਨੇ ਕੈਪਟਨ ਅਮਰਿੰਦਰ ਸਿੰਘ ਤੇ ਕਾਂਗਰਸ ਦੀ ਚੋਣ ਮੈਨੀਫੈਸਟੋ ਕਮੇਟੀ ਦੇ ਮੁਖੀ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਬਹਿਸ ਦੀ ਚੁਣੌਤੀ ਦਿੰਦਿਆਂ ਕਿਹਾ ਕਿ ਦੋਵੇਂ ਲੋਕਾਂ ਦੀ ਹਾਜ਼ਰੀ 'ਚ ਮੇਰੇ ਨਾਲ ਬਹਿਸ ਕਰਨ ਅਤੇ ਚੋਣ ਮਨੋਰਥ ਪੱਤਰ 'ਚ ਲਿਖੇ ਕਿਸੇ ਇਕ ਵੀ ਵਾਅਦੇ ਬਾਰੇ ਦੱਸਣ, ਜੋ ਉਨ੍ਹਾਂ ਸੰਪੂਰਨ ਰੂਪ 'ਚ ਨਿਭਾਇਆ ਹੋਵੇ। ਮਾਨ ਨੇ ਭਾਰਤੀ ਚੋਣ ਕਮਿਸ਼ਨ ਤੋਂ ਮੰਗ ਕੀਤੀ ਹੈ ਕਿ ਚੋਣਾਂ ਤੋਂ ਪਹਿਲਾਂ ਸਿਆਸੀ ਪਾਰਟੀਆਂ ਵੱਲੋਂ ਚੋਣ ਮੈਨੀਫੈਸਟੋ ਰਾਹੀਂ ਕੀਤੇ ਜਾਂਦੇ ਗੁੰਮਰਾਹਕੁਨ ਪ੍ਰਚਾਰ ਨੂੰ ਬੰਦ ਕਰਨ ਲਈ ਕਮਿਸ਼ਨ ਚੋਣ ਮੈਨੀਫੈਸਟੋ ਨੂੰ ਕਾਨੂੰਨੀ ਦਸਤਾਵੇਜ਼ ਦਾ ਦਰਜਾ ਦੇਵੇ ਤਾਂ ਕਿ ਸੱਤਾ ਵਿਚ ਆਉਣ ਉਪਰੰਤ ਸਬੰਧਿਤ ਪਾਰਟੀਆਂ ਆਪਣੇ ਮੈਨੀਫੈਸਟੋ ਨੂੰ ਹਰ ਹੀਲੇ ਲਾਗੂ ਕਰਨ ਲਈ ਪਾਬੰਦ ਹੋਣ। ਅਜਿਹਾ ਨਾ ਕਰਨ ਦੀ ਸੂਰਤ 'ਚ ਸਬੰਧਿਤ ਸਿਆਸੀ ਪਾਰਟੀ ਦੀ ਮਾਨਤਾ ਖ਼ਤਮ ਹੋਵੇ ਅਤੇ ਅਜਿਹੇ ਆਗੂਆਂ 'ਤੇ ਭਵਿੱਖ 'ਚ ਚੋਣ ਲੜਨ 'ਤੇ ਕਾਨੂੰਨੀ ਤੌਰ 'ਤੇ ਪਾਬੰਦੀ ਲੱਗੇ।