ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਮੋਹਾਲੀ ''ਚ ਕੀਤੀ ਮਹਾ ਰੈਲੀ, ਮੁੱਖ ਮੰਤਰੀ ਨੇ ਮੀਟਿੰਗ ਲਈ ਸੱਦਿਆ

02/25/2020 2:16:34 PM

ਮੋਹਾਲੀ (ਨਿਆਮੀਆਂ) : ਪੰਜਾਬ ਸਰਕਾਰ ਦੇ ਅੜੀਅਲ ਵਤੀਰੇ ਵਿਰੁੱਧ ਵੱਡੀ ਗਿਣਤੀ ਵਿਚ ਪੰਜਾਬ ਦੀ ਕਾਂਗਰਸ ਸਰਕਾਰ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੇ ਆਪਣੀਆਂ ਮੰਗਾਂ ਦੇ ਹੱਕ ਵਿਚ ਵਾਈ. ਪੀ. ਐੱਸ. ਗਰਾਊਂਡ ਮੋਹਾਲੀ ਵਿਖੇ ਮਹਾਰੈਲੀ ਕੀਤੀ। ਇਸ ਮੌਕੇ ਮੁਲਾਜ਼ਮਾਂ ਆਗੂਆਂ ਸੁਖਚੈਨ ਸਿੰਘ ਖਹਿਰਾ, ਸਤੀਸ਼ ਰਾਣਾ ਆਦਿ ਨੇ ਇਸ ਸਰਕਾਰ ਦੀ ਤੁਲਨਾ ਮੁਗਲ ਸਮਰਾਜ ਨਾਲ ਕਰਦੇ ਹੋਏ ਆਖਿਆ ਕਿ ਇਹ ਕਾਰਪੋਰੇਟ ਘਰਾਣਿਆਂ ਅਤੇ ਗੁੰਡੇ ਅਨਸਰਾਂ ਦੇ ਹੱਥਾਂ ਵਿਚ ਖੇਡ ਰਹੀ ਹੈ। ਉਨ੍ਹਾਂ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜਾਂ ਤਾਂ ਉਹ ਮੁਲਾਜ਼ਮਾਂ ਦੀਆਂ ਮੰਗਾਂ ਤੁਰੰਤ ਮੰਨਦੇ ਹੋਏ ਬਜਟ ਵਿਚ ਲੋੜੀਂਦੇ ਪ੍ਰਬੰਧ ਕਰੇ ਜਾਂ ਆਪਣੇ ਮਾੜੇ ਰਵੱਈਏ ਲਈ ਨਤੀਜੇ ਭੁਗਤਣ ਲਈ ਤਿਆਰ ਰਹੇ।

ਮੁਲਾਜ਼ਮ ਅਤੇ ਪੈਨਸ਼ਨਰਜ਼ ਵਰਗ ਦੀਆਂ ਭਖਵੀਆਂ ਮੰਗਾਂ 'ਚ ਤਨਖਾਹ ਕਮਿਸ਼ਨ ਦੀ ਰਿਪੋਰਟ ਤੁਰੰਤ ਜਾਰੀ ਕਰ ਕੇ ਲਾਗੂ ਕਰਵਾਉਣਾ, ਕੱਚੇ ਮੁਲਾਜ਼ਮਾਂ ਅਤੇ ਸਕੀਮ ਵਰਕਰਾਂ ਦੀਆਂ ਸੇਵਾਵਾਂ ਨੂੰ ਰੈਗੂਲਰ ਕਰਵਾਉਣਾ ਸ਼ਾਮਲ ਹਨ। ਇਸ ਤੋਂ ਇਲਾਵਾ 1 ਜਨਵਰੀ 2004 ਤੋਂ ਬਾਅਦ ਭਰਤੀ ਮੁਲਾਜ਼ਮਾਂ ਲਈ ਪੁਰਾਣੀ ਪੈਨਸ਼ਨ ਲਾਗੂ ਕਰਵਾਉਣਾ ਅਤੇ ਰਹਿੰਦੇ ਬੋਰਡ ਅਤੇ ਕਾਰਪੋਰੇਸ਼ਨਾਂ/ਲੋਕਲ ਬਾਡੀਜ਼ ਅਤੇ ਸਹਿਕਾਰੀ ਅਦਾਰਿਆਂ 'ਤੇ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਵਾਉਣਾ, ਮਹਿੰਗਾਈ ਭੱਤੇ ਦੀਆਂ ਰਹਿੰਦੀਆਂ 4 ਕਿਸ਼ਤਾਂ ਅਤੇ 133 ਮਹੀਨਿਆਂ ਦਾ ਬਕਾਇਆ ਤੁਰੰਤ ਜਾਰੀ ਕਰਵਾਉਣਾ, ਬੱਝਵਾਂ ਮੈਡੀਕਲ ਭੱਤਾ 2000 ਰੁਪਏ ਪ੍ਰਤੀ ਮਹੀਨਾ ਕਰਵਾਉਣਾ, ਬਕਾਇਆ ਮੈਡੀਕਲ ਬਿੱਲਾਂ ਦੇ ਭੁਗਤਾਨ ਕਰਵਾਉਣਾ, ਪਰਖਕਾਲ ਦਾ ਸਮਾਂ 3 ਸਾਲ ਤੋਂ ਘਟਾ ਕੇ 2 ਸਾਲ ਕਰਨਾ ਅਤੇ ਪਰਖਕਾਲ ਦੌਰਾਨ ਕੀਤੀ ਸੇਵਾ ਨੂੰ ਹਰ ਮੰਤਵ ਲਈ ਗਿਣਨਾ, ਮੁਲਾਜ਼ਮਾਂ ਅਤੇ ਪੈਨਸ਼ਨਰਜ਼ ਤੇ ਕੈਸ਼ਲੈੱਸ ਹੈਲਥ ਸਕੀਮ ਨੂੰ ਸੋਧ ਕੇ ਮੁੜ ਲਾਗੂ ਕਰਵਾਉਣਾ, ਮੁਲਾਜ਼ਮਾਂ ਅਤੇ ਪੈਨਸ਼ਨਰਜ਼ ਦੇ ਹੱਕ ਵਿਚ ਹੋਏ ਕੋਰਟ ਕੇਸ ਦੇ ਫੈਸਲਿਆਂ ਨੂੰ ਤੁਰੰਤ ਲਾਗੂ ਕਰਵਾਉਣਾ, ਡਿਵੈੱਲਪਮੈਂਟ ਦੇ ਨਾਂ 'ਤੇ ਲਾਇਆ 2400 ਰੁਪਏ ਸਾਲਾਨਾ ਜਜੀਆ ਟੈਕਸ ਬੰਦ ਕਰਵਾਉਣਾ, ਯੂ. ਟੀ. ਦੇ ਮ੍ਰਿਤਕ ਮੁਲਾਜ਼ਮਾਂ ਦੇ ਵਾਰਸਾਂ ਨੂੰ ਤਰਸ ਦੇ ਆਧਾਰ 'ਤੇ ਨੌਕਰੀ ਦਿਵਾਉਣਾ, ਦਰਜਾ-4 ਕਰਮਚਾਰੀਆਂ ਦੀ ਰੈਗੂਲਰ ਭਰਤੀ ਕਰਨਾ ਆਦਿ ਸ਼ਾਮਲ ਹਨ। ਧਰਨਾਕਾਰੀਆਂ ਤੋਂ ਮੰਗ ਪੱਤਰ ਪ੍ਰਾਪਤ ਕਰਨ ਲਈ ਆਏ ਮੁੱਖ ਮੰਤਰੀ ਦੇ ਓ. ਐੱਸ. ਡੀ. ਗੁਰਪ੍ਰੀਤ ਸਿੰਘ ਢੇਸੀ ਨੇ ਮੌਕੇ 'ਤੇ ਹੀ ਮੁੱਖ ਮੰਤਰੀ ਨਾਲ ਗੱਲਬਾਤ ਕਰ ਕੇ ਉਨ੍ਹਾਂ ਨੂੰ 2 ਮਾਰਚ ਦਾ ਸਮਾਂ ਮੀਟਿੰਗ ਲਈ ਦੇ ਦਿੱਤਾ ਹੈ । ਇਹ ਮੀਟਿੰਗ ਮੁੱਖ ਮੰਤਰੀ ਨਿਵਾਸ ਵਿਖੇ ਸਾਢੇ 12 ਵਜੇ ਹੋਵੇਗੀ।

 


Anuradha

Content Editor

Related News