ਪੰਜਾਬ ਲਈ ਕੇਂਦਰ ਵੱਲੋਂ ਝੋਨੇ ਦੀ ਖਰੀਦ ਲਈ 29695.40 ਕਰੋੜ ਰੁਪਏ ਦੀ ਸੀ. ਸੀ. ਲਿਮਿਟ ਮਨਜ਼ੂਰ

Wednesday, Oct 10, 2018 - 01:07 AM (IST)

ਪੰਜਾਬ ਲਈ ਕੇਂਦਰ ਵੱਲੋਂ ਝੋਨੇ ਦੀ ਖਰੀਦ ਲਈ 29695.40 ਕਰੋੜ ਰੁਪਏ ਦੀ ਸੀ. ਸੀ. ਲਿਮਿਟ ਮਨਜ਼ੂਰ

ਚੰਡੀਗੜ੍ਹ,(ਅਸ਼ਵਨੀ)—ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਿੱਜੀ ਦਖਲ ਤੋਂ ਬਾਅਦ ਕੇਂਦਰ ਨੇ 2018-19 ਦੇ ਮੰਡੀ ਸੀਜ਼ਨ ਵਾਸਤੇ ਸੂਬੇ ਨੂੰ ਝੋਨੇ ਦੀ ਖਰੀਦ ਲਈ ਲੋੜੀਂਦੇ 40,300 ਕਰੋੜ ਰੁਪਏ 'ਚੋਂ 29695.40 ਕਰੋੜ ਰੁਪਏ ਦੇ ਨਕਦ ਹੱਦ ਕਰਜ਼ੇ (ਸੀ. ਸੀ. ਐੱਲ) ਦੀ ਪ੍ਰਵਾਨਗੀ ਦੇ ਦਿੱਤੀ ਹੈ।
ਇਸ ਦਾ ਪ੍ਰਗਟਾਵਾ ਕਰਦੇ ਹੋਏ ਮੰਗਲਵਾਰ ਇੱਥੇ ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਅਕਤੂਬਰ ਤੱਕ ਝੋਨੇ ਦੀ ਖਰੀਦ ਵਾਸਤੇ ਆਰ. ਬੀ. ਆਈ ਵੱਲੋਂ ਇਹ ਰਾਸ਼ੀ ਜਾਰੀ ਕੀਤੀ ਗਈ ਹੈ । 10604.60 ਕਰੋੜ ਰੁਪਏ ਦੀ ਬਕਾਇਆ ਕਿਸ਼ਤ ਬਾਅਦ 'ਚ ਜਾਰੀ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਨੇ ਸੀ. ਸੀ. ਐੱਲ ਜਲਦੀ ਤੋਂ ਜਲਦੀ ਜਾਰੀ ਕਰਨ ਵਾਸਤੇ ਲਗਾਤਾਰ ਇਸ ਮੁੱਦੇ ਨੂੰ ਉਠਾਇਆ ਹੈ ਤਾਂ ਜੋ ਝੋਨੇ ਦੀ ਖਰੀਦ ਵਾਸਤੇ ਕਿਸਾਨਾਂ ਨੂੰ ਸਮੇਂ ਸਿਰ ਭੁਗਤਾਨ ਨੂੰ ਯਕੀਨੀ ਬਣਾਇਆ ਜਾ ਸਕੇ ।
ਇਸੇ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਦੀਆਂ ਸਾਰੀਆਂ ਖਰੀਦ ਏਜੰਸੀਆਂ ਨੂੰ ਝੋਨੇ ਦੀ ਚੁਕਾਈ ਨੂੰ ਯਕੀਨੀ ਬਣਾਉਣ ਅਤੇ ਕਿਸਾਨਾਂ ਨੂੰ ਸਮੇਂ ਸਿਰ ਭੁਗਤਾਨ ਕਰਨ ਵਾਸਤੇ ਤੁਰੰਤ ਕਦਮ ਚੁਕਣ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਨੇ ਦੁਹਰਾਇਆ ਕਿ ਉਨ੍ਹਾਂ ਦੀ ਸਰਕਾਰ ਸੂਬੇ ਭਰ ਦੀਆਂ ਮੰਡੀਆਂ 'ਚੋਂ ਬਿਨ੍ਹਾ ਅੜਚਨ ਖਰੀਦ ਨੂੰ ਯਕੀਨੀ ਬਣਾਉਣ ਲਈ ਵਚਨਬੱਧ ਹੈ। ਸੂਬਾ ਸਰਕਾਰ ਨੇ ਇਸ ਸਾਲ ਮੰਡੀਆਂ 'ਚ ਆਉਣ ਵਾਲੇ ਅੰਦਾਜਨ 200 ਲੱਖ ਮੀਟਰਕ ਟਨ ਝੋਨੇ ਦੀ ਖਰੀਦ ਵਾਸਤੇ ਪਹਿਲਾਂ ਹੀ ਵਿਸ਼ਾਲ ਪ੍ਰਬੰਧ ਕੀਤੇ ਹੋਏ ਹਨ।


Related News