ਜ਼ਿਲ੍ਹਾ ਡਿਪਟੀ ਕਮਿਸ਼ਨਰ ਵੱਲੋਂ ਚਲਾਈ ਮੁਹਿੰਮ “ਮੇਰਾ ਪਿੰਡ, ਮੇਰਾ ਮਾਣ“ ਰੰਗ ਲਿਆਉਣ ਲੱਗੀ
Sunday, Oct 06, 2019 - 09:16 PM (IST)

ਮਾਨਸਾ,(ਮਿੱਤਲ)- ਸਮੁੱਚੇ ਪੰਜਾਬ 'ਚੋਂ ਮਾਨਸਾ ਜ਼ਿਲ੍ਹੇ ਦੇ ਨੌਜਵਾਨਾਂ ਨੂੰ ਪਿੰਡਾਂ ਦੀ ਸੇਵਾ ਸੰਭਾਲ ਕਰਨ ਲਈ ਜ਼ਿਲ੍ਹਾ ਡਿਪਟੀ ਕਮਿਸ਼ਨਰ ਮਾਨਸਾ ਸ਼੍ਰੀਮਤੀ ਅਪਨੀਤ ਰਿਆਤ ਨੇ “ਮੇਰਾ ਪਿੰਡ, ਮੇਰਾ ਮਾਣ“ ਮੁੰਹਿਮ ਦਾ ਅਗਾਜ ਕਰਕੇ ਨੌਜਵਾਨ ਵਰਗ ਨੂੰ ਇੱਕ ਨਵੀਂ ਊਰਜਾ ਪ੍ਰਦਾਨ ਕੀਤੀ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪੰਚਾਇਤ ਸਰਪੰਚ ਯੂਨੀਅਨ ਬਲਾਕ ਮਾਨਸਾ ਦੇ ਪ੍ਰਧਾਨ ਸਰਪੰਚ ਜਗਦੀਪ ਸਿੰਘ ਬੁਰਜ ਢਿੱਲਵਾਂ ਨੇ ਕਰਦਿਆਂ ਕਿਹਾ ਕਿ ਇਸ ਮੁੰਹਿਮ ਨਾਲ ਨੌਜਵਾਨ ਆਪਣੇ ਤੌਰ ਤੇ ਹੀ ਪਿੰਡਾਂ 'ਚ ਪੌਦੇ ਲਗਾ ਕੇ ਜਿੱਥੇ ਸ਼ੁੱਧ ਵਾਤਾਵਰਣ ਪ੍ਰਦਾਨ ਕਰ ਰਹੇ ਹਨ। ਉੱਥੇ ਹੀ ਪਿੰਡਾਂ ਨੂੰ ਇੱਕ ਨਵੀਂ ਸੁੰਦਰਤਾ ਮਿਲ ਰਹੀ ਹੈ। ਇਸ ਦੇ ਨਾਲ ਗਲੀਆਂ, ਨਾਲੀਆਂ ਵਿੱਚ ਪਿਆ ਕੂੜਾ ਕਰਕਟ ਵੀ ਇੱਕਠਾ ਕਰਕੇ ਇੱਕ ਜਗ੍ਹਾ ਤੇ ਸੁੱਟ ਕੇ ਪਿੰਡ ਦੇ ਲੋਕਾਂ ਨੂੰ ਸਫਾਈ ਲਈ ਪ੍ਰੇਰਿਤ ਕਰ ਰਹੇ ਹਨ। ਉਕਤ ਆਗੂ ਨੇ ਕਿਹਾ ਕਿ ਨੌਜਵਾਨਾਂ ਦਾ ਜੀਵਨ ਇੱਕ ਮੌਮ ਦੀ ਤਰ੍ਹਾਂ ਹੁੰਦਾ ਹੈ। ਇਸ ਨੂੰ ਜਿਸ ਪਾਸੇ ਢਾਲ ਲਿਆ ਜਾਵੇ, ਉਸ ਪਾਸੇ ਹੀ ਤੋਰਿਆ ਜਾ ਸਕਦਾ ਹੈ। ਜ਼ਿਲ੍ਹਾ ਪ੍ਰਸ਼ਾਸ਼ਨ ਦੀ ਇਹ ਮੁਹਿੰਮ ਭਾਵੇਂ ਪੰਜਾਬ 'ਚੋਂ ਨਿਵੇਕਲੀ ਮੁਹਿੰਮ ਹੈ। ਪਰ ਇਸ ਦੇ ਸਾਰਥਕ ਅਤੇ ਠੋਸ ਨਤੀਜੇ ਪ੍ਰਸ਼ਾਸ਼ਨ ਅਤੇ ਸਰਕਾਰ ਸਾਹਮਣੇ ਆਉਣਗੇ। ਪਿੰਡਾਂ ਦੀ ਮਿੱਟੀ ਨਾਲ ਪਿਆਰ ਕਰਨ ਵਾਲੇ ਇਹ ਨੌਜਵਾਨ ਖੁਦ ਨਸ਼ਿਆਂ ਤੋਂ ਦੂਰ ਰਹਿ ਕੇ ਨਸ਼ਿਆਂ ਖਿਲਾਫ ਪ੍ਰਚਾਰ ਕਰਕੇ ਲੋਕਾਂ ਨੂੰ ਜਾਗਰੂਕ ਕਰ ਰਹੇ ਹਨ ਅਤੇ ਪਿੰਡਾਂ ਵਿੱਚ ਸਿਹਤ ਨੂੰ ਤੰਦਰੁਸਤ ਰੱਖਣ ਲਈ ਯੋਗਾ ਅਤੇ ਕਸਰਤ ਬਾਰੇ ਆਪਣੇ ਅਹਿਮ ਰੋਲ ਅਦਾ ਕਰਕੇ ਜਾਗੋ ਰੈਲੀਆਂ ਕੱਢ ਰਹੇ ਹਨ। ਸਰਪੰਚ ਨੇ ਦੱਸਿਆ ਕਿ ਇਸ ਮੁਹਿੰਮ ਤਹਿਤ ਪਿੰਡ ਦੇ ਨੌਜਵਾਨਾਂ ਅਤੇ ਭਾਈ ਘਨੱਈਆ ਸਪੋਰਟਸ ਕਲੱਬ, ਬੁਰਜ ਢਿੱਲਵਾਂ ਵੱਲੋਂ ਪਿੰਡ ਵਿੱਚ ਸਮਾਜ ਵਿਰੁੱਧ ਫੈਲੀਆਂ ਬਿਮਾਰੀਆਂ ਦੇ ਖਿਲਾਫ ਲੋਕਾਂ ਨੂੰ ਜਾਗਰੂਕ ਕਰਨ ਲਈ ਇੱਕ ਜਾਗੋ ਰੈਲੀ ਕੱਢੀ ਗਈ। ਜਿਸ ਵਿੱਚ ਨੌਜਵਾਨ ਅਤੇ ਪਿੰਡ ਵਾਸੀ ਭਾਗ ਲੈ ਕੇ
ਉਤਸ਼ਾਹਿਤ ਨਜਰ ਆਏ। ਇਸ ਸੰਬੰਧੀ ਡਿਪਟੀ ਕਮਿਸ਼ਨਰ ਮਾਨਸਾ ਸ਼੍ਰੀਮਤੀ ਅਪਨੀਤ ਰਿਆਤ ਆਈ.ਏ.ਐੱਸ ਨੇ ਗੱਲਬਾਤ ਕਰਦਿਆਂ ਕਿਹਾ ਕਿ “ਮੇਰਾ ਪਿੰਡ, ਮੇਰਾ ਮਾਣ“ ਮੁੰਹਿੰਮ ਵਿੱਚ ਕਲੱਬ ਅਹਿੰਮ ਰੋਲ ਅਦਾ ਕਰਨਗੇ। ਉਨ੍ਹਾਂ ਦਾ ਵਿਸ਼ੇਸ਼ ਸਨਮਾਨ ਕਰਨਗੇ ਅਤੇ ਹੋਣ ਵਾਲੇ ਮੁਕਾਬਲਿਆਂ ਵਿੱਚ ਉਨ੍ਹਾਂ ਨੂੰ ਨਕਦ ਇਨਾਮ ਦਿੱਤਾ ਜਾਵੇਗਾ।