ਅਬੋਹਰ ਨੇੜੇ ਬੀਐੱਸਐੱਫ ਦੇ ਜਵਾਨ ਨਾਲ ਵਾਪਰ ਗਿਆ ਭਿਆਨਕ ਹਾਦਸਾ
Friday, May 08, 2026 - 06:22 PM (IST)
ਅਬੋਹਰ (ਸੁਨੀਲ) : ਨੇੜਲੇ ਪਿੰਡ ਧਰਾਂਗਵਾਲਾ ਵਾਸੀ ਅਤੇ ਬੀਐੱਸਐੱਫ ਵਿਚ ਹੈੱਡ ਕਾਂਸਟੇਬਲ ਅੱਜ ਆਪਣੇ ਦੋਸਤ ਨਾਲ ਐਕਟਿਵਾ ’ਤੇ ਪਿੰਡ ਤੋਂ ਸ਼ਹਿਰ ਕਿਸੇ ਕੰਮ ਲਈ ਆ ਰਿਹਾ ਸੀ ਕਿ ਟਰੱਕ ਯੂਨੀਅਨ ਨੇੜੇ ਟਰੱਕ ਦੀ ਚਪੇਟ ਵਿਚ ਆਉਣ ਨਾਲ ਬੀਐੱਸਐੱਫ ਜਵਾਨ ਬੁਰੀ ਤਰ੍ਹਾ ਜ਼ਖਮੀ ਹੋ ਗਿਆ, ਜਦੋਂ ਕਿ ਉਸਦਾ ਦੋਸਤ ਮਾਮੂਲੀ ਜ਼ਖਮੀ ਹੋ ਗਿਆ। ਜ਼ਖਮੀ ਜਵਾਨ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਲਿਜਾਇਆ ਗਿਆ, ਜਿੱਥੇ ਮੁੱਢਲੀ ਸਹਾਇਤਾ ਤੋਂ ਬਾਅਦ ਉਸਨੂੰ ਫਰੀਦਕੋਟ ਰੈਫਰ ਕਰ ਦਿੱਤਾ ਗਿਆ। ਹਾਲਾਂਕਿ, ਉਸਦੇ ਪਰਿਵਾਰ ਨੇ ਉਸਨੂੰ ਸ਼੍ਰੀ ਗੰਗਾਨਗਰ ਦੇ ਮੈਦਾਂਤਾ ਹਸਪਤਾਲ ਲੈ ਗਏ।
ਜਾਣਕਾਰੀ ਅਨੁਸਾਰ ਪਿੰਡ ਧਰਾਂਗਵਾਲਾ ਵਾਸੀ ਸ਼ਿਵ ਪੁੱਤਰ ਧਰਮਪਾਲ ਉਮਰ ਲਗਭਗ 30 ਸਾਲ ਬੀਐੱਸਐੱਫ ਵਿਚ ਹੈੱਡ ਕਾਂਸਟੇਬਲ ਹੈ। ਉਹ ਅੱਜ ਆਪਣੇ ਦੋਸਤ ਸੁਨੀਲ ਕੁਮਾਰ ਨਾਲ ਐਕਟਿਵਾ ’ਤੇ ਪਿੰਡ ਤੋਂ ਸ਼ਹਿਰ ਆ ਰਿਹਾ ਸੀ ਕਿ ਜਦੋਂ ਉਹ ਮਲੋਟ ਰੋਡ ਟਰੱਕ ਯੂਨੀਅਨ ਨੇੜੇ ਪਹੁੰਚੇ ਤਾਂ ਇਸੇ ਦੌਰਾਨ ਇੱਕ ਤੇਜ ਰਫ਼ਤਾਰ ਟਰੱਕ ਨੇ ਉਨ੍ਹਾਂ ਨੂੰ ਚਪੇਟ ਵਿੱਚ ਲੈ ਲਿਆ। ਹਾਦਸਾ ਇੰਨਾ ਭਿਆਨਕ ਸੀ ਕਿ ਉਨ੍ਹਾਂ ਦੀ ਐਕਟਿਵਾ ਟਰੱਕ ਹੇਠ ਕੁਚਲ ਦਿੱਤੀ ਗਈ, ਅਤੇ ਸ਼ਿਵ ਅਤੇ ਸੁਨੀਲ ਸੜਕ ’ਤੇ ਡਿੱਗ ਕੇ ਜ਼ਖਮੀ ਹੋ ਗਏ। ਇਸ ਹਾਦਸੇ ਵਿਚ ਸ਼ਿਵ ਦੇ ਸਿਰ ਅਤੇ ਚਿਹਰੇ ’ਤੇ ਗੰਭੀਰ ਸੱਟਾਂ ਲੱਗੀਆਂ, ਜਦੋਂ ਕਿ ਸੁਨੀਲ ਦੇ ਹੱਥ ਅਤੇ ਸਰੀਰ ਦੇ ਹੋਰ ਹਿੱਸਿਆਂ ’ਤੇ ਸੱਟਾਂ ਲੱਗੀਆਂ।
ਉਥੋਂ ਲੰਘ ਰਹੇ ਲੋਕਾਂ ਨੇ ਤੁਰੰਤ ਦੋਵਾਂ ਨੂੰ ਈ-ਰਿਕਸ਼ਾ ਰਾਹੀਂ ਸਿਵਲ ਹਸਪਤਾਲ ਪਹੁੰਚਾਇਆ। ਸ਼ਿਵ ਦੀ ਹਾਲਤ ਗੰਭੀਰ ਦੇਖ ਕੇ ਡਾਕਟਰਾਂ ਨੇ ਉਸਨੂੰ ਰੈਫਰ ਕਰ ਦਿੱਤਾ। ਇਸ ਤੋਂ ਬਾਅਦ ਉਸਦੇ ਪਰਿਵਾਰ ਵਾਲੇ ਉਸਨੂੰ ਸ਼੍ਰੀ ਗੰਗਾਨਗਰ ਲੈ ਗਏ। ਸਿਟੀ ਥਾਣਾ ਨੰਬਰ 1 ਦੀ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਟਰੱਕ ਅਤੇ ਸਕੂਟੀ ਨੂੰ ਕਬਜ਼ੇ ਵਿੱਚ ਲੈ ਲਿਆ ਅਤੇ ਜਾਂਚ ਸ਼ੁਰੂ ਕਰ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਘਟਨਾ ਤੋਂ ਤੁਰੰਤ ਬਾਅਦ ਟਰੱਕ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ। ਪੁਲਸ ਉਸਦੀ ਭਾਲ ਕਰ ਰਹੀ ਹੈ।
