''ਰਿਸ਼ਵਤ ਵੀਡੀਓ ਮਾਮਲੇ ''ਚ ਸਹਾਇਕ ਥਾਣੇਦਾਰ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ''

12/25/2019 1:02:29 PM

ਪਾਤੜਾਂ (ਸਨੇਹੀ) : ਇਰਾਦਾ ਕਤਲ ਕੇਸ ਮਾਮਲੇ ਵਿਚ ਜ਼ਮਾਨਤ ਕਰਵਾਉਣ ਬਦਲੇ ਪੈਸੇ ਲੈਣ ਦੀ ਬਣੀ ਵੀਡੀਓ ਦੇ ਆਧਾਰ 'ਤੇ ਪਾਤੜਾਂ ਦੇ ਇਕ ਸਹਾਇਕ ਥਾਣੇਦਾਰ ਖਿਲਾਫ਼ ਵਿਜੀਲੈਂਸ ਨੂੰ ਕੀਤੀ ਸ਼ਿਕਾਇਤ ਦੌਰਾਨ ਉਸ 'ਤੇ ਕੀਤੇ ਗਏ ਦਰਜ ਕੇਸ ਅਤੇ ਉਸ ਵੱਲੋਂ ਪਹਿਲਾਂ ਸੈਸ਼ਨ ਜੱਜ ਪਟਿਆਲਾ ਵਿਚ ਲਾਈ ਅਗੇਤੀ ਜ਼ਮਾਨਤ ਰੱਦ ਹੋਣ ਉਪਰੰਤ ਹੁਣ ਹਾਈ ਕੋਰਟ ਵਿਚ ਵੀ ਜ਼ਮਾਨਤ ਰੱਦ ਹੋਣ ਦੇ ਮੱਦੇਨਜ਼ਰ ਉਸ ਨੂੰ ਤੁਰੰਤ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਗਈ ਹੈ ।

ਪਿੰਡ ਦੁਗਾਲ ਦੇ ਪੀੜਤ ਹਰਪਾਲ ਸਿੰਘ ਨੇ ਦੱਸਿਆ ਕਿ 5 ਮਈ 2018 ਨੂੰ ਮੇਰੇ ਅਤੇ ਮੇਰੇ ਪੁੱਤਰ ਵਿਕਰਮਜੀਤ ਸਿੰਘ, ਚਚੇਰੇ ਭਰਾ ਤਰਲੋਚਨ ਸਿੰਘ, ਭਤੀਜੇ ਹਰਮਨਦੀਪ ਸਿੰਘ ਅਤੇ ਸਿਕੰਦਰ ਸਿੰਘ ਖਿਲਾਫ਼ ਪੁਲਸ ਨੇ ਇਰਾਦਾ ਕਤਲ ਅਤੇ ਹੋਰ ਧਾਰਾਵਾਂ ਲਾ ਕੇ ਝੂਠਾ ਕੇਸ ਦਰਜ ਕੀਤਾ ਸੀ, ਜਿਸ ਕਾਰਣ ਮੇਰੇ ਪੁੱਤਰ ਵਿਕਰਮਜੀਤ ਸਿੰਘ ਨੂੰ ਪੁਲਸ ਨੇ ਗ੍ਰਿਫ਼ਤਾਰ ਕਰ ਕੇ ਜੇਲ ਭੇਜ ਦਿੱਤਾ ਸੀ। ਉਸ ਦੀ ਜ਼ਮਾਨਤ ਕਰਵਾਉਣ ਬਦਲੇ ਸਹਾਇਕ ਥਾਣੇਦਾਰ ਸਤਪਾਲ ਨੇ ਜਦੋਂ ਰਿਸ਼ਵਤ ਦੀ ਮੰਗ ਕੀਤੀ ਤਾਂ ਰਿਸ਼ਵਤ ਲੈਂਦਿਆਂ ਉਸ ਦੀ ਬਣੀ ਵੀਡੀਓ ਦੇ ਆਧਾਰ 'ਤੇ ਵਿਜੀਲੈਂਸ ਨੇ ਉਸ ਖਿਲਾਫ਼ ਕੇਸ ਦਰਜ ਕੀਤਾ ਸੀ। ਨਤੀਜੇ ਵਜੋਂ ਉਸ ਨੇ ਪਹਿਲਾਂ ਮਾਣਯੋਗ ਸੈਸ਼ਨ ਜੱਜ ਪਟਿਆਲਾ ਨੂੰ ਅਗੇਤੀ ਜ਼ਮਾਨਤ ਦੀ ਗੁਹਾਰ ਲਾਈ ਜੋ ਸੈਸ਼ਨ ਜੱਜ ਵਲੋਂ ਰੱਦ ਕਰ ਦਿੱਤੀ ਗਈ ਸੀ। ਹੁਣ ਉਸ ਵੱਲੋਂ ਹਾਈ ਕੋਰਟ ਵਿਚ ਲਾਈ ਗਈ ਜ਼ਮਾਨਤ ਵੀ ਰੱਦ ਹੋ ਗਈ ਹੈ। ਪੀੜਤ ਹਰਪਾਲ ਸਿੰਘ ਅਤੇ ਉਸ ਦੇ ਪਰਿਵਾਰ ਨੇ ਹਾਈ ਕੋਰਟ ਦੇ ਹੁਕਮਾਂ ਦੀ ਕਾਪੀ ਦਿਖਾਉਂਦਿਆਂ ਸਹਾਇਕ ਥਾਣੇਦਾਰ ਸਤਪਾਲ ਨੂੰ ਤੁਰੰਤ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਹੈ।


Shyna

Content Editor

Related News