ਮਕਾਨ ਦੇ ਕਬਜ਼ੇ ਨੂੰ ਲੈ ਕੇ ਖੂਨੀ ਟਕਰਾਅ, 5 ਜ਼ਖਮੀ
Tuesday, Oct 16, 2018 - 01:04 AM (IST)

ਬਰਨਾਲਾ, (ਵਿਵੇਕ ਸਿੰਧਵਾਨੀ, ਰਵੀ)– ਬੱਸ ਸਟੈਂਡ ਪੁਲਸ ਚੌਕੀ ਤੋਂ ਮਹਿਜ਼ 200 ਗਜ਼ ਦੀ ਦੂਰੀ ’ਤੇ ਦਿਨ-ਦਿਹਾਡ਼ੇ ਗੁੰਡਾਗਰਦੀ ਦਾ ਨੰਗਾ ਨਾਚ ਹੋਇਆ, ਜੋ ਕਿ ਕਰੀਬ ਇਕ ਘੰਟਾ ਚੱਲਦਾ ਰਿਹਾ।
30-40 ਦੇ ਕਰੀਬ ਹਥਿਆਰਾਂ ਨਾਲ ਲੈਸ ਅਣਪਛਾਤੇ ਵਿਅਕਤੀਅਾਂ ਨੇ ਇਕ ਘਰ ’ਚ ਹਮਲਾ ਕਰ ਦਿੱਤਾ ਅਤੇ ਘਰੇਲੂ ਸਾਮਾਨ ਦੀ ਬੁਰੀ ਤਰ੍ਹਾਂ ਭੰਨ-ਤੋਡ਼ ਕੀਤੀ ਅਤੇ ਦੋ ਅੌਰਤਾਂ ਸਣੇ 5 ਵਿਅਕਤੀਆਂ ਨੂੰ ਜ਼ਖਮੀ ਕਰ ਦਿੱਤਾ। ਪੁਲਸ ਨੇ 2 ਵਿਅਕਤੀਆਂ ਨੂੰ ਪੁੱਛਗਿੱਛ ਲਈ ਹਿਰਾਸਤ ’ਚ ਲਿਆ ਹੈ।
ਜ਼ਬਰਦਸਤੀ ਘਰ ਖਾਲੀ ਕਰਵਾਉਣ ਲਈ ਕੀਤਾ ਹਮਲਾ
ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਹਸਪਤਾਲ ’ਚ ਇਲਾਜ ਅਧੀਨ ਸੋਨੂੰ, ਵਿਕਰਮ ਅਤੇ ਵਿਜੈ ਨੇ ਦੱਸਿਆ ਕਿ ਅਸੀਂ 30 ਸਾਲਾਂ ਤੋਂ ਬੱਸ ਸਟੈਂਡ ਨੇੜੇ ਘਰ ’ਚ ਰਹਿ ਰਹੇ ਹਾਂ। ਇਕ ਗੋਬਿੰਦ ਨਾਂ ਦਾ ਵਿਅਕਤੀ ਕੁਝ ਦਿਨ ਪਹਿਲਾਂ ਘਰ ’ਚ ਆਇਆ ਅਤੇ ਧਮਕੀ ਭਰੇ ਅੰਦਾਜ਼ ’ਚ ਕਹਿਣ ਲੱਗਾ ਕਿ ਇਹ ਘਰ ਮੇਰਾ ਹੈ। ਇਸ ਨੂੰ ਤੁਸੀਂ ਖਾਲੀ ਕਰ ਦਿਓ। ਉਸ ਤੋਂ ਬਾਅਦ ਉਸ ਨੇ ਪੁਲਸ ਨੂੰ ਸ਼ਿਕਾਇਤ ਕਰ ਦਿੱਤੀ। ਥਾਣਾ ਸਿਟੀ ’ਚ ਸਾਨੂੰ ਰੋਜ਼ਾਨਾ ਸਵੇਰੇ ਬੁਲਾ ਲਿਆ ਜਾਂਦਾ ਸੀ ਅਤੇ ਸ਼ਾਮ ਨੂੰ ਘਰ ਭੇਜ ਦਿੱਤਾ ਜਾਂਦਾ ਸੀ। ਇਸ ਸੰਬੰਧੀ ਅਸੀਂ 181 ਨੰਬਰ ’ਤੇ ਸ਼ਿਕਾਇਤ ਕਰ ਦਿੱਤੀ। ਫਿਰ ਉਸ ਨੇ ਬੱਸ ਸਟੈਂਡ ਚੌਕੀ ’ਚ ਸਾਡੇ ਖਿਲਾਫ ਸ਼ਿਕਾਇਤ ਕਰ ਦਿੱਤੀ ਅਤੇ ਚੌਕੀ ਇੰਚਾਰਜ ਸਾਨੂੰ ਘਰ ਆ ਕੇ ਧਮਕਾਉਣ ਲੱਗਾ। ਇਸ ਤੋਂ ਤੰਗ ਆ ਕੇ ਅਸੀਂ ਕੋਰਟ ’ਚ ਕੇਸ ਕਰ ਦਿੱਤਾ। ਅੱਜ ਗੋਬਿੰਦ ਅਤੇ 30-40 ਅਣਪਛਾਤੇ ਵਿਅਕਤੀ ਤੇਜ਼ਧਾਰ ਹਥਿਆਰ ਲੈ ਕੇ ਘਰ ’ਚ ਦਾਖਲ ਹੋ ਗਏ ਅਤੇ ਸਾਡੀਆਂ ਅੌਰਤਾਂ ਅਤੇ ਬੱਚਿਆਂ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਗੁਆਂਢੀਆਂ ਨੇ ਸਾਨੂੰ ਇਸ ਸਬੰਧੀ ਜਾਣਕਾਰੀ ਦਿੱਤੀ। ਜਦੋਂ ਅਸੀਂ ਘਰ ਆਏ ਤਾਂ ਉਕਤ ਵਿਅਕਤੀ ਨੇ ਸਾਨੂੰ ਵੀ ਕੁੱਟਿਆ। ਹਮਲਾਵਰ ਸ਼ਰੇਆਮ ਘਰ ’ਚ ਭੰਨ-ਤੋੜ ਕਰਦੇ ਰਹੇ। ਇਸ ਦੇ ਬਾਵਜੂਦ ਪੁਲਸ ਇਕ ਘੰਟੇ ਬਾਅਦ ਮੌਕੇ ’ਤੇ ਪਹੁੰਚੀ।
ਗਰਭਵਤੀ ਦੇ ਪੇਟ ’ਚ ਮਾਰੀਆਂ ਲੱਤਾਂ
ਸਿਵਲ ਹਸਪਤਾਲ ’ਚ ਇਲਾਜ ਅਧੀਨ ਗਰਭਵਤੀ ਅੌਰਤ ਮਿਨਾਕਸ਼ੀ ਨੇ ਦੱਸਿਆ ਕਿ ਮੈਂ 9 ਮਹੀਨੇ ਦੀ ਗਰਭਵਤੀ ਹਾਂ। ਇਸ ਦੇ ਬਾਵਜੂਦ ਹਮਲਾਵਰਾਂ ਨੇ ਮੇਰੇ ਪੇਟ ’ਚ ਲੱਤਾਂ ਮਾਰੀਆਂ। ਮੈਂ ਗਿਡ਼ਗਡ਼ਾਉਂਦੀ ਰਹੀ ਕਿ ਮੈਂ ਗਰਭਵਤੀ ਹਾਂ ਇਸ ਦੇ ਬਾਵਜੂਦ ਉਨ੍ਹਾਂ ਦਾ ਮਨ ਨਹੀਂ ਪਸੀਜਿਆ। ਜ਼ਖਮੀ ਅੌਰਤ ਮਮਤਾ ਨੇ ਕਿਹਾ ਕਿ ਹਮਲਾਵਰਾਂ ਨੇ ਮੈਨੂੰ ਵੀ ਬੁਰੀ ਤਰ੍ਹਾਂ ਨਾਲ ਕੁੱÎਟਿਆ।
ਸਾਡੇ ਕੋਲ ਲਿਖਤੀ ਸ਼ਿਕਾਇਤ ਸੀ, ਦੇਖਣ ਗਿਆ ਸੀ ਮੌਕਾ
ਇਸ ਸਬੰਧੀ ਬੱਸ ਸਟੈਂਡ ਚੌਕੀ ਦੇ ਇੰਚਾਰਜ ਚਰਨਜੀਤ ਸਿੰਘ ਨੇ ਕਿਹਾ ਕਿ ਗੋਬਿੰਦ ਨਾਂ ਦੇ ਵਿਅਕਤੀ ਨੇ ਸਾਨੂੰ ਲਿਖਤੀ ਸ਼ਿਕਾਇਤ ਦਿੱਤੀ ਸੀ ਕਿ ਮੈਂ ਇਕ ਕਮਰਾ ਕਿਰਾਏ ’ਤੇ ਦਿੱਤਾ ਹੋਇਆ ਸੀ, ਜਿਸ ਦਾ ਕਿਰਾਇਆ ਇਨ੍ਹਾਂ ਲੋਕਾਂ ਨੇ ਦੇਣਾ ਬੰਦ ਕਰ ਦਿੱਤਾ ਹੈ ਅਤੇ ਇਕ ਕਮਰੇ ’ਚ ਉਨ੍ਹਾਂ ਨੇ ਧੱਕੇ ਨਾਲ ਕਬਜ਼ਾ ਕਰ ਲਿਆ ਹੈ। ਮੈਂ ਮੌਕਾ ਦੇਖਣ ਲਈ ਘਰ ਗਿਆ ਸੀ। ਅੱਜ ਇਨ੍ਹਾਂ ਦੋਵਾਂ ਪੱਖਾਂ ਦੇ ਲੋਕ ਆਪਸ ’ਚ ਭਿਡ਼ ਗਏ।
2 ਵਿਅਕਤੀਆਂ ਨੂੰ ਪੁੱਛਗਿਛ ਲਈ ਲਿਆ ਹਿਰਾਸਤ ’ਚ
ਜਦੋਂ ਇਸ ਸਬੰਧੀ ਥਾਣਾ ਸਿਟੀ ਦੇ ਇੰਚਾਰਜ ਗੁਰਵੀਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਪੁਲਸ ਜ਼ਖਮੀਆਂ ਦੇ ਬਿਆਨ ਦਰਜ ਕਰ ਰਹੀ ਹੈ। ਬਿਆਨਾਂ ਦੇ ਆਧਾਰ ’ਤੇ ਪੁਲਸ ਵੱਲੋਂ ਅਗਲੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ। ਉਨ੍ਹਾਂ ਮੰਨਿਆ ਕਿ ਦੋ ਲੋਕਾਂ ਨੂੰ ਪੁਲਸ ਨੇ ਪੁੱਛਗਿਛ ਲਈ ਹਿਰਾਸਤ ’ਚ ਲਿਆ ਹੈ। ਜਦੋਂ ਇਸ ਸਬੰਧੀ ਗੋਬਿੰਦ ਨਾਂ ਦੇ ਵਿਅਕਤੀ ਨਾਲ ਉਨ੍ਹਾਂ ਦਾ ਪੱਖ ਜਾਨਣ ਲਈ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਸ ਨਾਲ ਸੰਪਰਕ ਨਹੀਂ ਹੋ ਸਕਿਆ।