ਨਾਕਾਬੰਦੀ ਦੌਰਾਨ 20 ਪੇਟੀਆਂ ਅੰਗਰੇਜ਼ੀ ਸ਼ਰਾਬ ਸਮੇਤ 1 ਕਾਬੂ
Wednesday, Apr 02, 2025 - 05:56 PM (IST)

ਬਰਨਾਲਾ (ਵਿਵੇਕ ਸਿੰਧਵਾਨੀ, ਰਵੀ) : ਸੀ. ਆਈ. ਏ. ਸਟਾਫ ਬਰਨਾਲਾ ਨੇ ਕਾਰਵਾਈ ਦੌਰਾਨ 20 ਪੇਟੀਆਂ ਅੰਗਰੇਜ਼ੀ ਸ਼ਰਾਬ ਸਮੇਤ ਸੁਖਮੰਦਰ ਸਿੰਘ ਉਰਫ ਸੁੱਖਾ ਨਾਮਕ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਜਾਣਕਾਰੀ ਅਨੁਸਾਰ ਸੀ. ਆਈ. ਏ. ਸਟਾਫ ਦੇ ਸਹਾਇਕ ਥਾਣੇਦਾਰ ਸੁਖਚੈਨ ਸਿੰਘ ਨੂੰ ਇਕ ਮੁਖਬਰ ਨੇ ਇਤਲਾਹ ਦਿੱਤੀ ਸੀ ਕਿ ਸੁਖਮੰਦਰ ਸਿੰਘ ਪੁੱਤਰ ਰੂਪ ਸਿੰਘ ਵਾਸੀ ਬੂਟੇਵਾਲਾ, ਕੁਲਗੜੀ ਫਿਰੋਜ਼ਪੁਰ ਆਪਣੀ ਬੋਲੈਰੋ ਪਿੱਕਅਪ ਗੱਡੀ ਨੰਬਰ PB 10 HR 5126 ’ਚ ਬਾਹਰੋਂ ਦੇਸੀ ਅਤੇ ਅੰਗਰੇਜ਼ੀ ਸ਼ਰਾਬ ਲਿਆ ਕੇ ਵੇਚਣ ਦਾ ਆਦੀ ਹੈ। ਮੁਖਬਰ ਨੇ ਦੱਸਿਆ ਕਿ ਉਕਤ ਵਿਅਕਤੀ ਅੱਜ ਵੀ ਆਪਣੀ ਗੱਡੀ ’ਚ ਭਾਰੀ ਮਾਤਰਾ ’ਚ ਸ਼ਰਾਬ ਲਿਆ ਕੇ ਥਾਣਾ ਸਿਟੀ 2 ਬਰਨਾਲਾ ਦੇ ਇਲਾਕੇ ’ਚ ਵੇਚਣ ਦੀ ਤਾਕ ਵਿਚ ਹੈ।
ਇਸ ਇਤਲਾਹ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਪੁਲਸ ਨੇ ਤੁਰੰਤ ਕਾਰਵਾਈ ਕੀਤੀ ਅਤੇ ਉਕਤ ਇਲਾਕੇ ’ਚ ਨਾਕਾਬੰਦੀ ਕਰ ਦਿੱਤੀ। ਨਾਕਾਬੰਦੀ ਦੌਰਾਨ ਪੁਲਸ ਨੇ ਸ਼ੱਕ ਦੇ ਆਧਾਰ ’ਤੇ ਉਕਤ ਬੋਲੈਰੋ ਪਿੱਕਅਪ ਗੱਡੀ ਨੂੰ ਰੋਕ ਕੇ ਤਲਾਸ਼ੀ ਲਈ। ਤਲਾਸ਼ੀ ਦੌਰਾਨ ਗੱਡੀ ’ਚੋਂ 20 ਪੇਟੀਆਂ ਅੰਗਰੇਜ਼ੀ ਸ਼ਰਾਬ ਮਾਰਕਾ (BAGPIPER) ਬਰਾਮਦ ਹੋਈਆਂ। ਪੁਲਸ ਨੇ ਮੌਕੇ ’ਤੇ ਹੀ ਸੁਖਮੰਦਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਅਤੇ ਉਸ ਦੀ ਗੱਡੀ ਨੂੰ ਕਬਜ਼ੇ ’ਚ ਲੈ ਲਿਆ। ਮੁਲਜ਼ਮ ਖਿਲਾਫ ਥਾਣਾ ਸਿਟੀ 2 ਬਰਨਾਲਾ ਵਿਖੇ ਆਬਕਾਰੀ ਐਕਟ ਤਹਿਤ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਵਿਅਕਤੀ ਤੋਂ ਸ਼ਰਾਬ ਦੀ ਸਪਲਾਈ ਚੇਨ ਬਾਰੇ ਪੁੱਛ-ਗਿੱਛ ਕੀਤੀ ਜਾ ਰਹੀ ਹੈ ਅਤੇ ਇਸ ਧੰਦੇ ’ਚ ਸ਼ਾਮਲ ਹੋਰ ਵਿਅਕਤੀਆਂ ਦੀ ਵੀ ਭਾਲ ਜਾਰੀ ਹੈ।