ਕੈਪਟਨ ਸਾਹਿਬ ਨੇ ਸਹੁੰ ਖਾ ਕੇ ਵੀ ਪੂਰੇ ਨਹੀਂ ਕੀਤੇ ਵਾਅਦੇ: ਬੀਬੀ ਜਗੀਰ ਕੌਰ
Thursday, Feb 07, 2019 - 05:51 PM (IST)

ਬਾਘਾਪੁਰਾਣਾ (ਰਾਕੇਸ਼) - ਸ਼੍ਰੋਮਣੀ ਅਕਾਲੀ ਦਲ 'ਚ ਔਰਤਾਂ ਨੂੰ ਲਾਮਬੰਦ ਕਰਨ ਲਈ ਅਕਾਲੀ ਦਲ ਵਲੋਂ ਛੇੜੀ ਮੁਹਿੰਮ ਤਹਿਤ ਪਿੰਡ ਜੈਮਲ ਵਾਲਾ ਦੇ ਗੁਰਦੁਆਰਾ ਸਾਹਿਬ ਵਿਖੇ ਇਕ ਕੀਰਤਨ ਦਰਬਾਰ ਸਮਾਗਮ ਦਾ ਆਯੋਜਨ ਕਰਵਾਇਆ ਗਿਆ। ਹਲਕਾ ਇੰਚਾਰਜ ਜਥੇਦਾਰ ਤੀਰਥ ਸਿੰਘ ਮਾਹਲਾ ਦੀ ਅਗਵਾਈ ਹੇਠ ਹੋਏ ਇਸ ਸਮਾਗਮ 'ਚ ਇਸਤਰੀ ਅਕਾਲੀ ਦਲ ਦੀ ਸੂਬਾ ਪ੍ਰਧਾਨ ਬੀਬੀ ਜਗੀਰ ਕੌਰ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਈ। ਇਸ ਮੌਕੇ ਮਨਦੀਪ ਕੌਰ ਖੰਭੇ ਜ਼ਿਲਾ ਪ੍ਰਧਾਨ, ਗੁਰਦਾਸ ਕੌਰ ਸਰਕਲ ਪ੍ਰਧਾਨ, ਵੀਰਪਾਲ ਕੌਰ ਸਮੇਤ ਹੋਰਨਾਂ ਮਹਿਲਾਵਾਂ ਨੇ ਸੰਬੋਧਨ ਕੀਤਾ ਅਤੇ ਅਕਾਲੀ ਦਲ ਦੀਆਂ ਨੀਤੀਆਂ ਪ੍ਰਤੀ ਮਹਿਲਾਵਾਂ ਦੇ ਵੱਡੇ ਇਕੱਠ 'ਤੇ ਚਾਨਣਾ ਪਾਇਆ।
ਬੀਬੀ ਜਗੀਰ ਕੌਰ ਨੇ ਇਸ ਮੌਕੇ ਗੱਲਬਾਤ ਕਰਦਿਆਂ ਕਿਹਾ ਕਿ ਕੈਪਟਨ ਸਾਹਿਬ ਨੇ ਸਹੁੰ ਖਾ ਕੇ ਲੋਕਾਂ ਨਾਲ ਵਾਅਦੇ ਪੂਰੇ ਕਰਨ ਦੀ ਗੱਲ ਕਹੀ ਸੀ ਪਰ 2 ਸਾਲਾਂ 'ਚ ਉਹ ਖਰੇ ਨਹੀਂ ਉਤਰੇ, ਜਿਸ ਕਾਰਨ ਲੋਕਾਂ ਦਾ ਕੈਪਟਨ ਦੀ ਸਰਕਾਰ 'ਤੇ ਕੋਈ ਵਿਸ਼ਵਾਸ ਨਹੀਂ ਰਿਹਾ। ਉਨਾਂ ਨੇ ਕਿਹਾ ਕਿ ਜਿਹੜੀ ਸਰਕਾਰ ਲੋਕਾਂ ਨਾਲ ਵਾਅਦੇ ਕਰਕੇ ਭੱਜ ਜਾਂਦੀ ਹੈ, ਉਸ ਸਰਕਾਰ 'ਤੇ ਕਦੇ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ। ਮੈਂ ਕੈਪਟਨ ਸਰਕਾਰ ਨੂੰ ਪੁੱਛਣਾ ਚਾਹੁੰਦੀ ਹਾਂ ਕਿ ਤੁਹਾਡੇ ਸਮਾਰਟ ਫੋਨ, ਗਰੀਬਾਂ ਲਈ ਪਲਾਂਟ, ਸ਼ਗਨ, ਆਟਾ-ਦਾਲ ਸਕੀਮਾ 'ਚ ਵਾਧੇ, ਕਿਸਾਨਾਂ ਦੇ ਸਾਰੇ ਕਰਜ਼ੇ ਮੁਆਫ ਕਰਨ ਵਾਲੇ ਸਾਰੇ ਵਾਅਦੇ ਕਿਥੇ ਗਏ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦਾ ਇਤਿਹਾਸ ਸੱਚ ਅਤੇ ਸਚਾਈ 'ਤੇ ਖੜ੍ਹਾ ਹੈ, ਜਿਸ ਕਰਕੇ ਇਸ ਦੀ ਵੱਖਰੀ ਪਛਾਣ ਬਣ ਚੁੱਕੀ ਹੈ। ਸਾਰਾ ਪੰਜਾਬ ਜਾਣਦਾ ਹੈ ਕਿ ਜਦੋਂ ਅਕਾਲੀ ਦਲ ਦੀ ਸੱਤਾ ਆਉਂਦੀ ਹੈ ਤਾਂ ਲੋਕ ਚਿੰਤਾ ਮੁਕਤ ਹੋ ਜਾਂਦੇ ਹਨ, ਕਿਉਂਕਿ ਅਕਾਲੀ ਸਰਕਾਰ ਲੋਕਾਂ ਦੀਆਂ ਲੋੜਾਂ ਨੂੰ ਜਾਣਦੀ ਹੈ। ਇਸ ਮੌਕੇ ਬਲਤੇਜ ਸਿੰਘ ਲੰਗੇਆਨਾ, ਜਗਦੀਸ਼ ਸਿੰਘ ਚੋਟੀਆਂ, ਹਰਚਰਨ ਸਿੰਘ, ਜਰਨੈਲ ਸਿੰਘ, ਸੰਜੀਵ ਬਿੱਟੂ ਰੋਡੇ ਆਦਿ ਸ਼ਾਮਲ ਸਨ।