ਗੰਨਾ ਕਾਸ਼ਤਕਾਰਾਂ ਦੇ ਹੱਕ ''ਚ ਭਾਕਿਊ ਨੇ ਕੀਤੀ ਰੋਹ ਭਰਪੂਰ ਰੈਲੀ

Tuesday, Mar 19, 2019 - 05:30 PM (IST)

ਗੰਨਾ ਕਾਸ਼ਤਕਾਰਾਂ ਦੇ ਹੱਕ ''ਚ ਭਾਕਿਊ ਨੇ ਕੀਤੀ ਰੋਹ ਭਰਪੂਰ ਰੈਲੀ

ਭਵਾਨੀਗੜ੍ਹ(ਕਾਂਸਲ,ਵਿਕਾਸ) : ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋਂ ਬਲਾਕ ਪ੍ਰਧਾਨ ਅਜੈਬ ਸਿੰਘ ਲੱਖੇਵਾਲ ਦੀ ਅਗਵਾਈ ਹੇਠ ਅੱਜ ਪੰਜਾਬ ਕਮੇਟੀ ਦੇ ਸੱਦੇ 'ਤੇ ਪਿਛਲੇ ਕਰੀਬ ਦੋ ਹਫ਼ਤਿਆਂ ਤੋਂ ਧੂਰੀ ਵਿਖੇ ਚੱਲ ਰਹੇ ਗੰਨਾ ਕਾਸ਼ਤਕਾਰਾਂ ਦੇ ਧਰਨੇ ਦੀ ਹਿਮਾਇਤ ਕਰਦਿਆਂ ਨਵੀਂ ਅਨਾਜ ਮੰਡੀ ਵਿਖੇ ਰੋਹ ਭਰਪੂਰ ਰੈਲੀ ਕੀਤੀ ਗਈ। ਰੈਲੀ ਉਪਰੰਤ ਭਾਰੀ ਗਿਣਤੀ ਵਿਚ ਕਿਸਾਨਾਂ ਨੇ ਸ਼ਹਿਰ ਵਿਚ ਰੋਸ ਮਾਰਚ ਕਰ ਕੇ ਪੰਜਾਬ ਸਰਕਾਰ ਖਿਲਾਫ਼ ਅਰਥੀ ਫ਼ੂਕ ਮੁਜ਼ਾਹਰਾ ਕੀਤਾ।

PunjabKesari

ਇਸ ਤੋਂ ਪਹਿਲਾਂ ਰੈਲੀ ਦੌਰਾਨ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਜ਼ਿਲਾ ਪ੍ਰੈੱਸ ਸਕੱਤਰ ਜਗਤਾਰ ਸਿੰਘ ਕਾਲਾਝਾੜ ਤੇ ਬਲਾਕ ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਘਰਾਚੋਂ ਨੇ ਕਿਹਾ ਕਿ ਚੋਣਾਂ ਵੇਲੇ ਕੈਪਟਨ ਸਰਕਾਰ ਵਲੋਂ ਕਿਸਾਨਾਂ ਨਾਲ ਵੱਡੇ-ਵੱਡੇ ਵਾਅਦੇ ਕੀਤੇ ਗਏ ਸਨ, ਜੋ ਕਿ ਅਜੇ ਤੱਕ ਪੂਰੇ ਨਹੀਂ ਕੀਤੇ ਗਏ, ਜਿਸ ਕਾਰਨ ਅੱਜ ਕਿਸਾਨਾਂ ਤੇ ਮਜ਼ਦੂਰਾਂ ਨੂੰ ਧਰਨੇ ਮੁਜ਼ਾਹਰੇ ਕਰਕੇ ਸੜਕਾਂ ਜਾਮ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਸ਼ੂਗਰ ਮਿੱਲ ਧੂਰੀ ਵੱਲੋਂ ਗੰਨਾ ਕਾਸ਼ਤਕਾਰਾਂ ਦਾ ਲਗਭਗ 80 ਕਰੋੜ ਰੁਪਏ ਪਿਛਲੇ ਸਾਲ ਦਾ ਖੜ੍ਹਾ ਬਕਾਇਆ ਕਿਸਾਨਾਂ ਨੂੰ ਨਾ ਦੇਣਾ ਕਿਸਾਨਾਂ ਨਾਲ ਸ਼ਰੇਆਮ ਧੱਕਾ ਹੈ। ਉਨਾਂ ਦੋਸ਼ ਲਾਇਆ ਕਿ ਸਰਕਾਰਾਂ ਦੀਆਂ ਅਜਿਹੀਆਂ ਗਲਤ ਨੀਤੀਆਂ ਕਰਕੇ ਹੀ ਕਿਸਾਨ ਵਰਗ ਕਰਜ਼ੇ ਦੀ ਦਲ-ਦਲ ਵਿਚ ਫਸ ਕੇ ਖੁਦਕੁਸ਼ੀਆ ਦਾ ਰਾਹ ਅਖਤਿਆਰ ਕਰਨ ਲਈ ਮਜਬੂਰ ਹੋ ਰਿਹਾ ਹੈ।

ਕਿਸਾਨ ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਗੰਨਾ ਕਾਸ਼ਤਕਾਰਾਂ ਦੀ ਪੇਮੈਂਟ ਜਲਦ ਨਹੀਂ ਕੀਤੀ ਜਾਂਦੀ ਤਾਂ ਆਉਂਦੇ ਦਿਨਾਂ ਵਿਚ ਕਿਸਾਨ ਅਪਣਾ ਸੰਘਰਸ਼ ਹੋਰ ਤੇਜ਼ ਕਰਨ ਲਈ ਮਜ਼ਬੂਰ ਹੋਣਗੇ। ਇਸ ਮੌਕੇ ਗੁਰਦੇਵ ਸਿੰਘ ਆਲੌਅਰਖ, ਹਰਪਾਲ ਸਿੰਘ ਕਾਲਾਝਾੜ, ਰਘਬੀਰ ਸਿੰਘ ਆਦਿ ਕਿਸਾਨ ਆਗੂਆਂ ਤੋਂ ਇਲਾਵਾ ਵੱਡੀ ਗਿਣਤੀ ਵਿਚ ਕਿਸਾਨ ਹਾਜ਼ਰ ਸਨ।


author

cherry

Content Editor

Related News