ਸੜਕ ਹਾਦਸੇ ''ਚ 4 ਲੋਕ ਜ਼ਖਮੀ

11/10/2019 9:31:09 AM

ਭਵਾਨੀਗੜ੍ਹ (ਵਿਕਾਸ) : ਸ਼ਨੀਵਾਰ ਦੇਰ ਸ਼ਾਮ ਇਥੇ ਪਟਿਆਲਾ ਰੋਡ 'ਤੇ ਪਿੰਡ ਬਾਲਦ ਕਲਾਂ ਨੇੜੇ ਵਾਪਰੇ ਸੜਕ ਹਾਦਸੇ ਵਿਚ ਕਾਰ ਸਵਾਰ 4 ਵਿਅਕਤੀ ਜ਼ਖਮੀ ਹੋ ਗਏ। ਜ਼ਖ਼ਮੀਆਂ 'ਚੋਂ 2 ਵਿਅਕਤੀਆਂ ਨੂੰ ਮੌਕੇ 'ਤੇ ਪਟਿਆਲਾ ਲਿਜਾਇਆ ਗਿਆ ਜਦੋਂਕਿ ਦੋ ਵਿਅਕਤੀਆਂ ਨੂੰ ਭਵਾਨੀਗੜ੍ਹ ਦੇ ਸਰਕਾਰੀ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ।

ਜਾਣਕਾਰੀ ਅਨੁਸਾਰ ਭਾਨਰਾਂ ਪਿੰਡ ਦੇ ਰਹਿਣ ਵਾਲੇ ਲਾਭਜੀਤ ਸਿੰਘ, ਨਛੱਤਰ ਸਿੰਘ, ਬਲਕਾਰ ਸਿੰਘ ਸਮੇਤ ਦੋ ਸਕੇ ਭਰਾ ਰਫ਼ੀਕ ਖ਼ਾਨ ਅਤੇ ਲਖਵੀਰ ਖਾਨ ਸ਼ਨੀਵਾਰ ਨੂੰ ਦੇਰ ਸ਼ਾਮ ਇਕ ਵਿਆਹ ਸਮਾਗਮ ਵਿਚ ਸ਼ਾਮਲ ਹੋ ਕੇ ਕਾਰ ਰਾਹੀਂ ਆਪਣੇ ਪਿੰਡ ਵਾਪਸ ਜਾ ਰਹੇ ਸਨ ਕਿ ਨੈਸ਼ਨਲ ਹਾਈਵੇ 'ਤੇ ਪਿੰਡ ਬਾਲਦ ਕਲਾਂ ਨੇੜੇ ਢਾਬੇ ਤੋਂ ਨਿਕਲਦੇ ਸਮੇਂ ਇਕ ਟਰੈਕਟਰ-ਟਰਾਲੀ ਨੇ ਇਨ੍ਹਾਂ ਦੀ ਕਾਰ ਨੂੰ ਪਿੱਛੋਂ ਟੱਕਰ ਮਾਰ ਦਿੱਤੀ। ਘਟਨਾ ਵਿਚ ਕਾਰ ਸਵਾਰ ਬਲਕਾਰ ਸਿੰਘ ਨੂੰ ਮਾਮੂਲੀ ਸੱਟਾਂ ਲੱਗੀਆਂ, ਜਦੋਂਕਿ ਬਾਕੀ ਸਾਰੇ ਵਿਅਕਤੀ ਜ਼ਖਮੀ ਹੋ ਗਏ। ਜ਼ਖ਼ਮੀ ਹਾਲਤ 'ਚ ਲਖਵੀਰ ਖਾਨ ਅਤੇ ਰਫ਼ੀਕ ਖਾਨ ਨੂੰ ਐਂਬੂਲੈਂਸ ਰਾਹੀਂ ਸਿੱਧਾ ਪਟਿਆਲਾ ਇਲਾਜ ਲਈ ਲਿਜਾਇਆ ਗਿਆ ਜਦੋਂਕਿ ਲਾਭਜੀਤ ਸਿੰਘ ਅਤੇ ਨਛੱਤਰ ਸਿੰਘ ਨੂੰ ਹਾਈਵੇ ਪੈਟਰੋਲਿੰਗ ਪੁਲਸ ਦੀ ਸਹਾਇਤਾ ਨਾਲ ਭਵਾਨੀਗੜ੍ਹ ਹਸਪਤਾਲ ਵਿਖੇ ਲਿਆਂਦਾ ਗਿਆ ਜਿਥੇ ਦੋਵਾਂ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਉੱਧਰ, ਹਾਦਸੇ ਤੋਂ ਬਾਅਦ ਟਰੈਕਟਰ-ਟਰਾਲੀ ਸਮੇਤ ਚਾਲਕ ਮੌਕੇ ਤੋਂ ਫਰਾਰ ਦੱਸਿਆ ਜਾ ਰਿਹਾ ਹੈ।


cherry

Content Editor

Related News