ਵਿਧਾਇਕ ਉੱਗੋਕੇ ਨੇ ਪ੍ਰਬੰਧਕੀ ਕੰਪਲੈਕਸ ''ਚ ਮਾਰਿਆ ਛਾਪਾ

03/28/2022 4:43:15 PM

ਤਪਾ ਮੰਡੀ (ਮੇਸ਼ੀ) : ਅੱਜ ਸਰਕਾਰੀ ਸਮੇਂ ਮੁਤਾਬਕ ਹਲਕਾ ਭਦੌੜ ਦੇ ਵਿਧਾਇਕ ਲਾਭ ਸਿੰਘ ਉੱਗੋਕੇ ਵੱਲੋਂ ਆਪਣੀ ਟੀਮ ਸਮੇਤ ਪ੍ਰਬੰਧਕੀ ਕੰਪਲੈਕਸ 'ਚ ਅਚਾਨਕ ਛਾਪੇਮਾਰੀ ਕੀਤੀ ਗਈ, ਜਿਸ ਵਿਚ ਉਨ੍ਹਾਂ ਸਮੂਹ ਮੁਲਾਜ਼ਮਾਂ ਦੀ ਹਾਜ਼ਰੀ ਚੈੱਕ ਕੀਤੀ ਤੇ ਹੋਰ ਕਮੀਆਂ ਅਤੇ ਪ੍ਰਬੰਧਾਂ ਸਬੰਧੀ ਵੀ ਜਾਇਜ਼ਾ ਲਿਆ। ਇਸ ਦੌਰਾਨ ਵਿਧਾਇਕ ਉੱਗੋਕੇ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਇਲਾਕੇ ਦੇ ਸਮੂਹ ਵੱਖ-ਵੱਖ ਸਰਕਾਰੀ ਅਦਾਰਿਆਂ ਦੀ ਚੈਕਿੰਗ ਲਗਾਤਾਰ ਜਾਰੀ ਹੈ। ਅੱਜ ਉਨ੍ਹਾਂ ਵੱਲੋਂ ਐੱਸ. ਡੀ. ਐੱਮ. ਕੰਪਲੈਕਸ ਵਿਖੇ ਪਹੁੰਚ ਕੇ ਮੁਲਾਜ਼ਮਾਂ ਦੀ ਹਾਜ਼ਰੀ ਸਮੇਤ ਕੰਮਾਂ ਸਬੰਧੀ ਜਾਇਜ਼ਾ ਲਿਆ ਜਾ ਰਿਹਾ ਹੈ ਕਿਉਂਕਿ ਭ੍ਰਿਸ਼ਟਾਚਾਰ ਤੋਂ ਮੁਕਤ ਲੋਕਾਂ ਨੂੰ ਸਾਫ਼-ਸੁਥਰਾ ਪ੍ਰਸ਼ਾਸਨ ਦੇਣਾ 'ਆਪ' ਸਰਕਾਰ ਦਾ ਪਹਿਲਾ ਕਦਮ ਹੈ।

ਇਹ ਵੀ ਪੜ੍ਹੋ : ਖਹਿਰਾ ਨੇ ਭਾਜਪਾ ਸਰਕਾਰ ਵੱਲੋਂ ਪੰਜਾਬ ਦੇ ਸੰਘੀ ਅਧਿਕਾਰਾਂ ਨੂੰ ਖੋਰਾ ਲਾਉਣ ਦੇ ਕਦਮ ਦੀ ਕੀਤੀ ਨਿੰਦਾ

PunjabKesari

ਲੋਕਾਂ ਦੀ ਖੱਜਲ-ਖੁਆਰੀ ਨੂੰ ਰੋਕਣਾ ਅਤੇ ਸਮੇਂ 'ਤੇ ਸਮੂਹ ਅਧਿਕਾਰੀਆਂ ਤੇ ਕਰਮਚਾਰੀਆਂ ਦਾ ਪਹੁੰਚਣਾ ਯਕੀਨੀ ਬਣਾਇਆ ਜਾਵੇਗਾ, ਜਿਸ ਲਈ ਸਮੇਂ-ਸਮੇਂ 'ਤੇ ਸਮੂਹ ਦਫ਼ਤਰਾਂ ਦੀ ਚੈਕਿੰਗ ਕੀਤੀ ਜਾਵੇਗੀ। ਜੇਕਰ ਕੋਈ ਵੀ ਅਧਿਕਾਰੀ ਜਾਂ ਕਰਮਚਾਰੀ ਕਾਨੂੰਨਾਂ ਦੀ ਉਲੰਘਣਾ ਤਹਿਤ ਕਿਸੇ ਵਿਅਕਤੀ ਦੇ ਕੰਮ ਵਿਚ ਵਿਘਨ ਪਾਉਂਦਾ ਹੈ ਤਾਂ ਉਸ ਖ਼ਿਲਾਫ਼ ਵੀ ਬਣਦੀ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ : ਇਹ ਵੀ ਪੜ੍ਹੋ : ਪੰਜਾਬ 'ਚ 'ਆਪ' ਦੀ ਸਰਕਾਰ ਬਣਦਿਆਂ ਹੀ ਐਂਟੀ-ਕੁਰੱਪਸ਼ਨ ਸੈੱਲਾਂ ਦਾ ਕਰੰਟ ਹੋਇਆ ਖ਼ਤਮ

ਇੱਥੇ ਇਹ ਵੀ ਦੱਸਣਯੋਗ ਹੈ ਕਿ ਇਸ ਛਾਪੇਮਾਰੀ ਦੀ ਪਹਿਲਾਂ ਹੀ ਕੰਪਲੈਕਸ ਦੇ ਸਬੰਧਿਤ ਮੁਲਾਜ਼ਮਾਂ ਨੂੰ ਇਤਲਾਹ ਮਿਲ ਗਈ ਸੀ, ਜਿਸ ਕਰਕੇ ਵਿਧਾਇਕ ਦੇ ਛਾਪੇ ਤੋਂ ਪਹਿਲਾਂ ਹੀ ਸਮੂਹ ਮੁਲਾਜ਼ਮ ਹਾਜ਼ਰ ਦਿਖਾਈ ਦਿੱਤੇ, ਸਿਰਫ਼ ਇਕ ਸੁਖਵਿੰਦਰ ਸਿੰਘ ਕਾਨੂੰਨਗੋ ਜੋ ਸਵਾ 9 ਵਜੇ ਤੱਕ ਆਪਣੀ ਕੁਰਸੀ 'ਤੇ ਬਿਰਾਜਮਾਨ ਨਹੀਂ ਸੀ, ਜਿਸ ਕੋਲ ਬਾਕੀ ਖੇਤਰਾਂ ਦਾ ਵੀ ਵਾਧੂ ਚਾਰਜ ਦੱਸਿਆ ਜਾ ਰਿਹਾ ਹੈ। ਇਸ ਮੌਕੇ ਉਨ੍ਹਾਂ ਨਾਲ ਹਰਦੀਪ ਸਿੰਘ ਕੌਂਸਲਰ, ਜਸਵਿੰਦਰ ਸਿੰਘ ਚੱਠਾ, ਮਨੀਸ਼ ਗਰਗ, ਬਲਜੀਤ ਬਾਸੀ, ਨਰੈਣ ਸਿੰਘ, ਤੇਜਿੰਦਰ ਸਿੰਘ ਢਿੱਲਵਾਂ ਆਦਿ ਵੱਡੀ ਗਿਣਤੀ 'ਚ ਆਮ ਆਦਮੀ ਪਾਰਟੀ ਦੇ ਵਰਕਰ ਅਤੇ ਅਹੁਦੇਦਾਰ ਹਾਜ਼ਰ ਸਨ।


Anuradha

Content Editor

Related News