ਬਹਿਬਲਕਲਾਂ ਗੋਲੀ ਕਾਂਡ : 2 ਸਾਲਾਂ ਦੇ ਵਕਫੇ ਮਗਰੋਂ ਸੁਣਵਾਈ ਮੁੜ ਸ਼ੁਰੂ

Wednesday, Oct 20, 2021 - 10:32 AM (IST)

ਫਰੀਦਕੋਟ (ਜਗਦੀਸ਼): ਬਹਿਬਲਕਲਾਂ ਗੋਲੀਕਾਂਡ ਵਿਚ ਕਰੀਬ 2 ਸਾਲਾਂ ਦੇ ਲੰਮੇ ਵਕਫੇ ਮਗਰੋਂ ਅੱਜ ਵਧੀਕ ਸ਼ੈਸ਼ਨ ਜੱਜ ਹਰਬੰਸ ਸਿੰਘ ਲੇਖੀ ਦੀ ਅਦਾਲਤ ਵਿਚ ਸੁਣਵਾਈ ਸ਼ੁਰੂ ਹੋ ਗਈ ਹੈ। ਇਸ ਮਾਮਲੇ ਦੀ ਸੁਣਵਾਈ ਕਰ ਰਹੇ ਵਧੀਕ ਸੈਸ਼ਨ ਜੱਜ ਹਰਬੰਸ ਸਿੰਘ ਲੇਖੀ ਨੇ ਪੁਲਸ ਅਧਿਕਾਰੀਆਂ ਦੀ ਉਸ ਅਰਜ਼ੀ ਦਾ ਨਿਪਟਾਰਾ ਕਰ ਦਿੱਤਾ, ਜਿਸ ਵਿਚ ਉਨ੍ਹਾਂ ਨੇ ਐੱਸ. ਆਈ. ਟੀ. ਤੋਂ ਚਲਾਨ ਨਾਲ ਨੱਥੀ ਕੀਤੇ ਗਏ ਦਸਤਾਵੇਜ਼ਾਂ ਦੀ ਮੰਗ ਕੀਤੀ ਸੀ। ਜਿਸ ’ਤੇ ਸਰਕਾਰੀ ਪੱਖ ਵੱਲੋਂ ਮੁਲਜ਼ਮਾਂ ਨੂੰ ਲੋੜੀਂਦੇ ਦਸਤਾਵੇਜਾਂ ਦੀਆਂ ਨਕਲਾਂ ਤਿਆਰ ਕਰਕੇ ਮੁਹੱਈਆ ਕਰਵਾਈਆਂ ਗਈਆਂ। ਪੰਜਾਬ ਸਰਕਾਰ ਨੇ ਇਨ੍ਹਾਂ ਮਾਮਲਿਆਂ ਦੀ ਪ੍ਰਭਾਵਸ਼ਾਲੀ ਸੁਣਵਾਈ ਲਈ 1 ਅਕਤੂਬਰ ਨੂੰ ਸੀਨੀਅਰ ਐਡਵੋਕੇਟ ਰਾਜਵਿੰਦਰ ਸਿੰਘ ਬੈਂਸ ਨੂੰ ਸਪੈਸ਼ਲ ਪਬਲਿਕ ਪ੍ਰਾਸੀਕਿਊਟਰ ਨਿਯੁਕਤ ਕੀਤਾ ਸੀ, ਜੋ ਅੱਜ ਅਦਾਲਤ ਵਿੱਚ ਸੁਣਵਾਈ ਦੌਰਾਨ ਖੁਦ ਹਾਜ਼ਰ ਸਨ।

ਅੱਜ ਅਦਾਲਤ ਵਿੱਚ ਕਰੀਬ 4 ਘੰਟੇ ਚੱਲੀ ਸੁਣਵਾਈ ਦੌਰਾਨ ਸਾਬਕਾ ਆਈ. ਜੀ. ਪਰਮਰਾਜ ਸਿੰਘ ਉਮਰਾਨੰਗਲ ਅਦਾਲਤ ਵਿਚ ਪੇਸ਼ ਨਹੀਂ ਹੋਏ, ਜਿਸ ’ਤੇ ਅਦਾਲਤ ਨੇ ਹਾਜ਼ਰੀ ਤੋਂ ਛੋਟ ਦੇ ਦਿੱਤੀ ਜਦਕਿ ਸਾਬਕਾ ਐੱਸ. ਐੱਸ. ਪੀ. ਚਰਨਜੀਤ ਸ਼ਰਮਾ, ਬਾਜਾਖਾਨਾ ਦੇ ਤਤਕਾਲੀ ਐੱਸ. ਐੱਚ. ਓ. ਅਮਰਜੀਤ ਸਿੰਘ ਕੁਲਾਰ, ਐੱਸ. ਪੀ. ਬਿਕਰਮਜੀਤ ਸਿੰਘ, ਕਾਰੋਬਾਰੀ ਪੰਕਜ ਕੁਮਾਰ ਅਤੇ ਸੁਹੇਲ ਸਿੰਘ ਬਰਾਡ਼, ਅਦਾਲਤ ’ਚ ਹਾਜ਼ਰ ਸਨ।

ਕੁਝ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਰ. ਐੱਸ. ਬੈਂਸ ਨੇ ਆਖਿਆ ਕਿ ਅੱਜ ਉਨ੍ਹਾਂ ਦੇ ਆਉਣ ਦਾ ਮਕਸਦ ਸਿਰਫ ਇਹੋ ਸੀ ਕਿ ਉਕਤ ਮਾਮਲੇ ਦੀ ਸੁਣਵਾਈ ’ਚ ਤੇਜ਼ੀ ਲਿਆਉਣ ਸਬੰਧੀ ਮਾਣਯੋਗ ਅਦਾਲਤ ਨੂੰ ਬੇਨਤੀ ਕੀਤੀ ਜਾਵੇ। ਉਨ੍ਹਾਂ ਦੱਸਿਆ ਕਿ ਉਹ ਸਿਟੀ ਥਾਣਾ ਕੋਟਕਪੂਰਾ ਅਤੇ ਥਾਣਾ ਬਾਜਾਖਾਨਾ ਵਿਖੇ ਦਰਜ ਕੇਸਾਂ ਦੀ ਪੈਰਵਾਈ ਲਈ ਆਏ ਹਨ।


Shyna

Content Editor

Related News