ਪਾਣੀ ਨਾ ਮਿਲਣ ਕਾਰਨ ਟੈਂਕੀ 'ਤੇ ਚੜ੍ਹੇ ਪਿੰਡ ਵਾਸੀ
Wednesday, Apr 03, 2019 - 04:02 PM (IST)

ਬਰਨਾਲਾ (ਪੁਨੀਤ) : ਬਰਨਾਲਾ ਨੇੜਲੇ ਪਿੰਡ ਸ਼ੇਰ ਸਿੰਘ ਪੁਰਾ ਜਿਸ ਨੂੰ ਨਾਈਵਾਲਾ ਵੀ ਕਿਹਾ ਜਾਂਦਾ ਹੈ, ਦੇ ਨਿਵਾਸੀ ਅੱਜ ਪਿਛਲੇ ਕੁੱਝ ਦਿਨਾਂ ਤੋਂ ਪੀਣ ਵਾਲਾ ਪਾਣੀ ਨਾ ਮਿਲਣ ਕਾਰਨ ਟੈਂਕੀ 'ਤੇ ਚੜ੍ਹ ਗਏ ਹਨ, ਜਿਸ ਤੋਂ ਬਾਅਦ ਪ੍ਰਸ਼ਾਸਨ ਦੇ ਹੱਥ-ਪੈਰ ਫੁੱਲ ਗਏ। ਇਸ ਸਬੰਧੀ ਸੂਚਨਾ ਮਿਲਦੇ ਹੀ ਤੁਰੰਤ ਐਸ.ਐਸ.ਓ. ਅਤੇ ਨਾਇਬ ਤਹਿਸੀਲਦਾਰ ਨੇ ਮੌਕੇ 'ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ।
ਟੈਂਕੀ 'ਤੇ ਚੜ੍ਹੇ ਨੌਜਵਾਨਾਂ, ਬਜ਼ੁਰਗ ਔਰਤ ਨੇ ਕਿਹਾ ਕਿ ਪਿਛਲੇ 1 ਮਹੀਨੇ ਤੋਂ ਪਿੰਡ ਵਿਚ ਪਾਣੀ ਦੀ ਟੈਂਕੀ ਜੋ ਕਿ ਕਰੀਬ 40 ਸਾਲ ਪੁਰਾਣੀ ਹੈ ਦਾ ਟਿਊਬਵੈਲ ਖਰਾਬ ਹੈ ਅਤੇ ਪ੍ਰਸ਼ਾਸਨ ਚੋਣ ਜ਼ਾਬਦਾ ਲਾਗੂ ਹੋਣ ਦੀ ਦੁਹਾਈ ਦੇ ਰਿਹਾ ਹੈ। ਉਨ੍ਹਾਂ ਨੇ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਲੋਕ ਸਭਾ ਚੋਣਾਂ ਦੌਰਾਨ ਕਿਸੇ ਵੀ ਰਾਜਨੀਤਕ ਪਾਰਟੀ ਨੂੰ ਪਿੰਡ ਦਾਖਲ ਨਹੀਂ ਹੋਣ ਦਿੱਤਾ ਜਾਏਗਾ। ਉਨ੍ਹਾਂ ਕਿਹਾ ਕਿ ਜਦੋਂ ਤੱਕ ਉਨ੍ਹਾਂ ਨੂੰ ਪੀਣ ਵਾਲਾ ਪਾਣੀ ਉਪਲੱਬਧ ਨਹੀਂ ਕਰਾਇਆ ਜਾਂਦਾ ਇਹ ਸੰਘਰਸ਼ ਉਦੋਂ ਤੱਕ ਜਾਰੀ ਰਹੇਗਾ।
ਇਸ ਮਾਮਲੇ 'ਤੇ ਪਿੰਡ ਦੀ ਬਜ਼ੁਰਗ ਪ੍ਰਕਾਸ਼ ਕੌਰ ਨੇ ਦੱਸਿਆ ਕਿ ਉਨ੍ਹਾਂ ਨੂੰ ਅਤੇ ਪਿੰਡ ਦੀਆਂ ਹੋਰ ਔਰਤਾਂ ਨੂੰ ਪਾਣੀ ਲਈ ਦੂਰ-ਦੂਰ ਜਾਣਾ ਪੈਂਦਾ ਹੈ ਜਿਸ ਕਾਰਨ ਉਹ ਅੱਜ ਥੱਕ-ਹਾਰ ਕੇ ਟੈਂਕੀ 'ਤੇ ਚੜ੍ਹੇ ਹਨ। ਉਨ੍ਹਾਂ ਨੇ ਪਿੰਡ ਦੀ ਪੰਚਾਇਤ 'ਤੇ ਵੀ ਮਦਦ ਨਾ ਕਰਨ ਦਾ ਦੋਸ਼ ਲਗਾਇਆ ਹੈ।