ਬਰਨਾਲਾ: ਝੋਨੇ ਦੀ ਫਸਲ ਦੇ ਘਟੀਆ ਖਰੀਦ ਪ੍ਰਬੰਧਾਂ ਨੂੰ ਲੈ ਕੇ ਕਿਸਾਨਾਂ ਨੇ ਕੀਤਾ ਰੋਸ ਪ੍ਰਦਰਸ਼ਨ

10/18/2018 12:30:40 PM

ਬਰਨਾਲਾ(ਪੁਨੀਤ)— ਸੱਤਾ ਵਿਚ ਆਉਣ ਤੋਂ ਪਹਿਲਾਂ ਕੈਪਟਨ ਸਰਕਾਰ ਨੇ ਕਿਸਾਨਾਂ ਨਾਲ ਵੱਡੇ-ਵੱਡੇ ਵਾਅਦੇ ਕੀਤੇ ਸਨ ਚਾਹੇ ਉਹ ਕਰਜ਼ਾ ਮੁਆਫੀ ਦੇ ਹੋਣ ਜਾਂ ਫਿਰ ਕਿਸਾਨਾਂ ਦੀ ਫਸਲ ਦੇ ਚੰਗੇ ਖਰੀਦ ਪ੍ਰਬੰਧਾਂ ਨੂੰ ਲੈ ਕੇ ਹੋਣ। ਇਸੇ ਤਰ੍ਹਾਂ ਬਰਨਾਲਾ ਜ਼ਿਲੇ ਦੀ ਸਬ-ਤਹਿਸੀਲ ਤਪਾ ਅਤੇ ਢਿੱਲਵਾਂ ਆਦਿ ਖਰੀਦ ਕੇਂਦਰਾਂ 'ਤੇ ਝੋਨੇ ਦੀ ਫਸਲ ਦੇ ਘਟੀਆ ਖਰੀਦ ਪਬੰਧਾਂ ਨੂੰ ਲੈ ਕੇ ਕਿਸਾਨਾਂ, ਆੜ੍ਹਤੀਆਂ ਅਤੇ ਲੇਬਰ ਵਿਚ ਨਿਰਾਸ਼ਾ ਪਾਈ ਜਾ ਰਹੀ ਹੈ। ਪੰਜਾਬ ਸਰਕਾਰ ਨੇ ਚਾਹੇ 1 ਅਕਤੂਬਰ ਤੋਂ ਝੋਨੇ ਦੀ ਫਸਲ ਖਰੀਦਣ ਦੀ ਘੋਸ਼ਣਾ ਕਰ ਦਿੱਤੀ ਹੈ ਪਰ ਕਰੀਬ 18 ਦਿਨ ਬੀਤ ਜਾਣ ਤੋਂ ਬਾਅਦ ਵੀ ਕਿਸਾਨ ਮੰਡੀਆਂ ਵਿਚ ਰੁਲਣ ਲਈ ਮਜਬੂਰ ਹੈ। ਤਪਾ, ਢਿੱਲਵਾਂ ਆਦਿ ਮੰਡੀਆਂ ਵਿਚ ਆਏ ਕਿਸਾਨਾਂ ਨੇ ਸਰਕਾਰ, ਮਾਰਕੀਟ ਕਮੇਟੀ ਤਪਾ ਅਤੇ ਅਧਿਕਾਰੀਆਂ ਵਿਰੁੱਧ ਨਾਅਰੇਬਾਜ਼ੀ ਕਰਦਿਆਂ ਰੋਸ ਪ੍ਰਗਟ ਕੀਤਾ ਕਿ ਪਹਿਲਾਂ ਤਾਂ ਉਹ ਕਰਜ਼ਾ ਲੈ ਕੇ ਫਸਲ ਬੀਜਦੇ ਹਨ ਅਤੇ ਫਿਰ ਬੱਚਿਆਂ ਵਾਂਗ ਪਾਲਦੇ ਹਨ ਪਰ ਸਰਕਾਰ ਅਤੇ ਅਧਿਕਾਰੀ ਹੁਣ ਫਸਲ ਖਰੀਦਣ ਦੀ ਥਾਂ ਉਨ੍ਹਾਂ ਨੂੰ ਪਰੇਸ਼ਾਨ ਕਰ ਰਹੇ ਹਨ।

ਕਿਸਾਨਾਂ ਨੇ ਦੱਸਿਆ ਕਿ ਉਹ ਪਿਛਲੇ 8 ਦਿਨਾਂ ਤੋਂ ਸੁੱਕਾ ਝੋਨਾ ਲੈ ਕੇ ਮੰਡੀਆਂ ਵਿਚ ਬੋਲੀ ਲੱਗਣ ਦਾ ਇੰਤਜ਼ਾਰ ਕਰ ਰਹੇ ਹਨ ਪਰ ਖਰੀਦ ਅਧਿਕਾਰੀ ਨਮੀ ਜ਼ਿਆਦਾ ਹੋਣ ਦਾ ਬਹਾਨਾ ਕਰਕੇ ਝੋਨੇ ਦੀ ਖਰੀਦ ਨਹੀਂ ਕਰ ਰਹੇ। ਕਿਸਾਨਾਂ ਨੇ ਮੰਡੀਆਂ ਵਿਚ ਸਫਾਈ ਪ੍ਰਬੰਧਾਂ 'ਤੇ ਨਾਰਾਜ਼ਗੀ ਪ੍ਰਗਟ ਕਰਦੇ ਹੋਏ ਕਿਹਾ ਕਿ ਮੰਡੀਆਂ ਵਿਚ ਜਗ੍ਹਾ-ਜਗ੍ਹਾ ਕੂੜੇ ਦੇ ਢੇਰ ਲੱਗੇ ਹੋਏ ਹਨ ਅਤੇ ਉਥੇ ਹੀ ਕਿਸਾਨਾਂ ਅਤੇ ਲੇਬਰ ਨੂੰ ਬੈਠ ਕੇ ਭੋਜਨ ਕਰਨਾ ਪੈ ਰਿਹਾ ਹੈ। ਮਾਰਕੀਟ ਕਮੇਟੀ ਦੇ ਅਧਿਕਾਰੀ ਅਤੇ ਖਰੀਦ ਇੰਸਪੈਕਟਰ ਸਿਰਫ 10 ਮਿੰਟ ਲਈ ਮੰਡੀਆਂ ਵਿਚ ਆਉਂਦੇ ਹਨ ਅਤੇ ਚਲੇ ਜਾਂਦੇ ਹਨ। ਜਦੋਂ ਇਸ ਸਬੰਧੀ ਮਾਰਕੀਟ ਕਮੇਟੀ ਤਪਾ ਦੇ ਸੈਕਟਰੀ ਨਛੱਤਰ ਸਿੰਘ ਧਾਲੀਵਾਲ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਮੰਡੀਆਂ ਵਿਚ ਸਫਾਈ ਦੇ ਸਹੀ ਪ੍ਰਬੰਧ ਨਾ ਹੋਣ ਦੀ ਗੱਲ ਦਾ ਕੋਈ ਜਵਾਬ ਦੇਣ ਦੀ ਥਾਂ ਇਹ ਕਿਹਾ ਕਿ ਮੰਡੀਆਂ ਵਿਚ ਸਫਾਈ, ਪੀਣ ਵਾਲੇ ਪਾਣੀ, ਰੋਸ਼ਨੀ ਆਦਿ ਦੇ ਪ੍ਰਬੰਧ ਮੁਕੰਮਲ ਹਨ।


Related News