ਹਮਲੇ ਦਾ ਸ਼ਿਕਾਰ ਹੋਏ ਭਾਈ ਰੇਸ਼ਮ ਸਿੰਘ ਦਾ ਪਤਾ ਲੈਣ ਹਸਪਤਾਲ ਪੁੱਜੇ ਦਾਦੂਵਾਲ

10/17/2018 5:05:12 PM

ਬਠਿੰਡਾ (ਮੁਨੀਸ਼)— ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਭਾਈ ਬਲਜੀਤ ਸਿੰਘ ਦਾਦੂਵਾਲ ਹਮਲੇ ਦਾ ਸ਼ਿਕਾਰ ਹੋਏ ਭਾਈ ਰੇਸ਼ਮ ਸਿੰਘ ਨਿਆਮੀ ਵਾਲਾ ਦਾ ਪਤਾ ਲੈਣ ਲਈ ਅੱਜ ਨਿੱਜੀ ਹਸਪਤਾਲ 'ਚ ਪੁੱਜੇ, ਜਿੱਥੇ ਉਨ੍ਹਾਂ ਨੇ ਰੇਸ਼ਮ ਸਿੰਘ ਦਾ ਹਾਲ ਜਾਣਿਆ। ਦੱਸ ਦੇਈਏ ਕਿ ਭਾਈ ਰੇਸ਼ਮ ਸਿੰਘ ਨਿਆਮੀ ਵਾਲਾ 14 ਅਕਤੂਬਰ 2015 ਨੂੰ ਬਹਿਬਲ ਕਲਾਂ ਗੋਲੀ ਕਾਂਡ 'ਚ ਸ਼ਹੀਦ ਹੋਏ ਭਾਈ ਕ੍ਰਿਸ਼ਨ ਭਗਵਾਨ ਸਿੰਘ ਨਿਆਮੀ ਵਾਲਾ ਦੇ ਛੋਟੇ ਭਰਾ ਹਨ ਅਤੇ ਕੁਝ ਦਿਨ ਪਹਿਲਾਂ ਅਣਪਛਾਤੇ ਵਿਅਕਤੀਆਂ ਨੇ ਇਨ੍ਹਾਂ 'ਤੇ ਹਮਲਾ ਕਰ ਦਿੱਤਾ ਸੀ, ਜਿਸ ਦੌਰਾਨ ਸਿਰ 'ਚ ਸੱਟਾਂ ਲੱਗਣ ਕਰਕੇ ਗੰਭੀਰ ਰੂਪ 'ਚ ਜ਼ਖਮੀ ਹੋ ਗਏ ਸਨ। ਜ਼ਖਮੀ ਹਾਲਤ 'ਚ ਉਨ੍ਹਾਂ ਨੂੰ ਬਠਿੰਡਾ ਦੇ ਇਕ ਪ੍ਰਾਈਵੇਟ ਹਸਪਤਾਲ 'ਚ ਜ਼ੇਰੇ ਇਲਾਜ ਲਈ ਲਿਜਾਇਆ ਗਿਆ ਸੀ, ਜਿੱਥੇ ਉਨ੍ਹਾਂ ਦੇ ਇਲਾਜ ਚੱਲ ਰਿਹਾ ਹੈ। 

ਜ਼ਿਕਰਯੋਗ ਹੈ ਕਿ ਭਾਈ ਰੇਸ਼ਮ ਸਿੰਘ ਨੇ 14 ਅਕਤੂਬਰ 2015 ਨੂੰ ਬਹਿਬਲ ਕਲਾਂ ਗੋਲੀ ਕਾਂਡ ਦੇ ਦੋਸ਼ੀ ਪੁਲਸ ਅਫਸਰਾਂ 'ਤੇ ਹਾਈਕੋਰਟ ਦੇ 'ਚ ਕੇਸ ਫਾਈਲ ਕੀਤਾ ਹੋਇਆ ਹੈ, ਜੋ ਸੁਣਵਾਈ ਦੇ ਅਧੀਨ ਹੈ ਅਤੇ ਆਉਂਦੀ 29 ਨਵੰਬਰ ਨੂੰ ਉਸ ਕੇਸ ਦੀ ਸੁਣਵਾਈ ਹੋਣੀ ਹੈ। ਭਾਈ ਰੇਸ਼ਮ ਸਿੰਘ ਨੇ ਕੁਝ ਸਬੂਤ ਕੋਰਟ ਨੂੰ ਪੇਸ਼ ਕਰਨੇ ਹਨ। ਭਾਈ ਰੇਸ਼ਮ ਸਿੰਘ ਨੇ ਜਥੇਦਾਰ ਦਾਦੂਵਾਲ ਜੀ ਨੂੰ ਦੱਸਦਿਆਂ ਕਿਹਾ ਕਿ ਜਦੋਂ ਇਕ ਪੁਲਸ ਅਫਸਰ ਉਨ੍ਹਾਂ ਦੇ ਬਿਆਨ ਲੈਣ ਲਈ ਹਸਪਤਾਲ ਪੁੱਜਾ ਤਾਂ ਉਨ੍ਹਾਂ ਨੇ ਦੋਸ਼ੀ ਪੁਲਸ ਅਫਸਰਾਂ ਵੱਲ ਇਸ਼ਾਰਾ ਕੀਤਾ ਕਿ ਮੈਨੂੰ ਸਬੂਤ ਦੇ ਤੌਰ 'ਤੇ ਖਤਮ ਕਰਨ ਵਾਸਤੇ ਉਨ੍ਹਾਂ ਦਾ ਵੀ ਇਸ ਘਟਨਾ ਪਿੱਛੇ ਹੱਥ ਹੋ ਸਕਦਾ ਹੈਂ ਤਾਂ ਉਸ ਪੁਲਸ ਅਫਸਰ ਨੇ ਬਹਿਬਲ ਕਾਂਡ ਦੇ ਦੋਸ਼ੀ ਪੁਲਸ ਅਫਸਰਾਂ ਦਾ ਨਾਂ ਸੁਣ ਕੇ ਬਿਆਨ ਦਰਜ ਨਹੀਂ ਕੀਤੇ ਅਤੇ ਵਾਪਸ ਚਲਾ ਗਿਆ। ਜਥੇਦਾਰ ਦਾਦੂਵਾਲ ਜੀ ਨੇ ਇਸ ਸਮੇਂ ਕਿਹਾ ਕਿ ਸੁਖਬੀਰ ਬਾਦਲ ਦੀ ਗੱਡੀ 'ਤੇ ਕੋਈ ਬੇਅਦਬੀ ਦੇ ਰੋਸ ਵਜੋ ਜੁੱਤੀ ਸਿੱਟ ਦੇਵੇ ਤਾਂ 307 ਦਾ ਮੁਕੱਦਮਾ ਦਰਜ ਹੋ ਜਾਂਦਾ ਹੈ। ਪ੍ਰਕਾਸ਼ ਸਿੰਘ ਬਾਦਲ ਦੇ ਜੁੱਤੀ ਸਿੱਟ ਦੇਵੇ ਤਾਂ ਦੋ ਸਾਲ ਦੀ ਸਜਾ ਹੋ ਜਾਂਦੀ ਹੈ ਪਰ ਗਰੀਬ ਪੀੜਤ ਲੋਕਾਂ ਦੀ ਕੋਈ ਵੀ ਸੁਣਵਾਈ ਨਹੀਂ ਹੁੰਦੀ। 

ਉਨ੍ਹਾਂ ਕਿਹਾ ਕਿ ਭਾਈ ਰੇਸ਼ਮ ਸਿੰਘ ਨਿਆਮੀਵਾਲਾ 'ਤੇ ਜਿਨ੍ਹਾਂ ਵੀ ਦੋਸ਼ੀਆਂ ਨੇ ਹਮਲਾ ਕੀਤਾ ਹੈ, ਉਨ੍ਹਾਂ ਉੱਪਰ ਤੁਰੰਤ ਕੇਸ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫਤਾਰ ਕਰਕੇ ਜੇਲ ਦੀਆਂ ਸਲਾਖਾਂ ਪਿੱਛੇ ਡੱਕਣਾ ਚਾਹੀਦਾ ਹੈ ਤਾਂ ਕਿ ਆਮ ਲੋਕਾਂ ਨੂੰ ਇਨਸਾਫ ਮਿਲ ਸਕੇ ਕਿਉਂਕਿ ਇਥੇ ਕਾਨੂੰਨ ਸਰਮਾਏਦਾਰਾਂ ਦੇ ਹੱਕ 'ਚ ਭੁਗਤਦਾ ਹੈ। ਗਰੀਬ ਆਮ ਪੀੜਤ ਲੋਕਾਂ ਨੂੰ ਇਨਸਾਫ ਨਹੀਂ ਮਿਲ ਰਿਹਾ।


Related News