ਪਰਮਿਦਰ ਢੀਂਡਸਾ ਨੇ ਘੇਰੇ ਅਕਾਲੀ, ਕਿਹਾ- ਹਮੇਸ਼ਾ ਕਿਸਾਨ ਵਿਰੋਧੀ ਰਿਹਾ ਬਾਦਲ ਪਰਿਵਾਰ
Saturday, Jul 10, 2021 - 06:18 PM (IST)
ਲਹਿਰਾਗਾਗਾ (ਗਰਗ /ਜਿੰਦਲ): ਪੰਜਾਬ ਅੰਦਰ ਸਰਕਾਰ ਨਾਂ ਦੀ ਕੋਈ ਚੀਜ਼ ਨਹੀਂ, ਮੰਤਰੀਆਂ ,ਵਿਧਾਇਕਾਂ ਦੀ ਵੀ ਕਿਸੇ ਪੱਧਰ ਤੇ ਕੋਈ ਸੁਣਵਾਈ ਨਹੀਂ, ਜਿਸ ਤੋਂ ਸਪੱਸ਼ਟ ਹੁੰਦਾ ਹੈ ਕਿ ਪੰਜਾਬ ਰੱਬ ਆਸਰੇ ਚੱਲ ਰਿਹਾ ਹੈ। ਉਕਤ ਵਿਚਾਰ ਹਲਕਾ ਵਿਧਾਇਕ ਤੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਹਲਕੇ ਦੇ ਵੱਖ-ਵੱਖ ਪਰਿਵਾਰਾਂ ਦੇ ਦੁੱਖ ਸੁਖ ਵਿੱਚ ਸ਼ਰੀਕ ਹੋਣ ਉਪਰੰਤ ਪੱਤਰਕਾਰਾਂ ਦੇ ਰੂਬਰੂ ਹੁੰਦਿਆਂ ਕੀਤਾ।ਢੀਂਡਸਾ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਕਿਸਾਨਾਂ ਦੀ ਮੌਤ ਦੇ ਵਾਰੰਟ ‘ਕਾਲੇ ਖੇਤੀ ਕਾਨੂੰਨਾਂ’ ਉੱਪਰ ਹਰਸਿਮਰਤ ਕੌਰ ਵੱਲੋਂ ਦਸਤਖਤ ਕੀਤੇ ਗਏ ਸਨ, ਪਰ ਹੁਣ ਸੁਖਬੀਰ ਸਿੰਘ ਬਾਦਲ ਕਿਸਾਨਾਂ ਨਾਲ ਝੂਠੀ ਹਮਦਰਦੀ ਦਿਖਾਉਂਦਾ ਹੋਇਆ ਮਗਰਮੱਛ ਦੇ ਹੰਝੂ ਵਹਾ ਰਿਹਾ ਹੈ, ਜਦੋਂਕਿ ਹਕੀਕਤ ਇਹ ਹੈ ਕਿ ਬਾਦਲ ਪਰਿਵਾਰ ਹਮੇਸ਼ਾ ਕਿਸਾਨ ਵਿਰੋਧੀ ਰਿਹਾ ਹੈ।
ਇਹ ਵੀ ਪੜ੍ਹੋ: ਸੰਗਰੂਰ: ਭਿਆਨਕ ਸੜਕ ਹਾਦਸੇ ਨੇ ਪਰਿਵਾਰ 'ਚ ਵਿਛਾਏ ਸੱਥਰ, ਮਾਂ ਸਮੇਤ ਦੋ ਪੁੱਤਰਾਂ ਦੀ ਮੌਤ
ਬਾਦਲ ਪਰਿਵਾਰ ਨੇ ਅੱਜ ਤੱਕ ਨਿੱਜੀ ਤੌਰ ’ਤੇ ਇਕ ਵੀ ਰੁਪਿਆ ਕਿਸਾਨ ਅੰਦੋਲਨ ਲਈ ਜਾਂ ਕਿਸੇ ਸ਼ਹੀਦ ਪਰਿਵਾਰ ਲਈ ਨਹੀਂ ਦਿੱਤਾ,ਜਿਸ ਤੋਂ ਸਪੱਸ਼ਟ ਹੁੰਦਾ ਹੈ ਕਿ ਬਾਦਲ ਪਰਿਵਾਰ ਸਭ ਤੋਂ ਵੱਡਾ ਪਾਖੰਡੀ ਹੈ। ਉਨ੍ਹਾਂ ਬਾਦਲ ਪਰਿਵਾਰ ਵੱਲੋਂ ਲਹਿਰਾ ਹਲਕੇ ਤੋਂ ਚੋਣ ਲੜਨ ਦੀਆਂ ਚੱਲ ਰਹੀਆਂ ਚਰਚਾਵਾਂ ਤੇ ਕਿਹਾ ਕਿ ਜੇਕਰ ਬਾਦਲ ਪਰਿਵਾਰ ਲਹਿਰਾ ਹਲਕੇ ਤੋਂ ਚੋਣ ਲੜਦਾ ਹੈ ਤਾਂ ਉਹ ਉਨ੍ਹਾਂ ਦਾ ਵੈੱਲਕਮ ਕਰਨਗੇ । ਉਨ੍ਹਾਂ ਨਾਮ ਨਾ ਲਏ ਬਗੈਰ ਆਮ ਆਦਮੀ ਪਾਰਟੀ ਨਾਲ ਸਮਝੌਤੇ ਦੇ ਸੰਕੇਤ ਦਿੰਦਿਆਂ ਕਾਂਗਰਸ ,ਅਕਾਲੀ ਦਲ (ਬਾਦਲ) ਅਤੇ ਭਾਜਪਾ ਉਪਰ ਖੂਬ ਸਿਆਸੀ ਹਮਲੇ ਕੀਤੇ ਅਤੇ ਕਿਹਾ ਕਿ ਪੰਜਾਬ ਦੇ ਲੋਕ ਇਨ੍ਹਾਂ ਤਿੰਨਾਂ ਪਾਰਟੀਆਂ ਤੋਂ ਅੱਕ ਅਤੇ ਥੱਕ ਚੁੱਕੇ ਹਨ, ਉਕਤ ਤਿੰਨੋਂ ਹੀ ਪਾਰਟੀਆਂ ਵੱਲੋਂ ਪੰਜਾਬ ਨੂੰ ਧਰਮ ਅਤੇ ਜਾਤ ਦੇ ਨਾਂ ਤੇ ਵੰਡਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ,ਜਿਸ ਦੇ ਚੱਲਦੇ ਇਨ੍ਹਾਂ ਫਿਰਕਾਪ੍ਰਸਤ ਪਾਰਟੀਆਂ ਨੂੰ ਸੱਤਾ ਤੋਂ ਦੂਰ ਰੱਖਣਾ ਸਮੇਂ ਦੀ ਲੋੜ ਹੈ ਤੇ ਪੰਜਾਬ ਦੇ ਭਲੇ ਲਈ ਜ਼ਰੂਰੀ ਹੈ।
ਇਹ ਵੀ ਪੜ੍ਹੋ: ਨਵਜਨਮੇ ਬੱਚੇ ਲਈ ਖ਼ੂਨ ਲੈਣ ਗਏ ਪਿਓ ਨੂੰ ਸ਼ਰਾਬੀ ਤਕਨੀਸ਼ੀਅਨ ਕਹਿੰਦਾ 'ਦਫ਼ਾ ਹੋ ਜਾਓ', ਬੱਚੇ ਦੀ ਮੌਤ
ਅਕਾਲੀ ਦਲ (ਸੰਯੁਕਤ) ਵੱਲੋਂ ਕਾਂਗਰਸ ,ਭਾਜਪਾ ਤੇ ਬਾਦਲ ਦਲ ਨਾਲ ਕਿਸੇ ਵੀ ਕੀਮਤ ਤੇ ਕੋਈ ਸਿਆਸੀ ਗੱਠਜੋੜ ਨਹੀਂ ਕੀਤਾ ਜਾਵੇਗਾ ਤੇ ਨਾ ਹੀ ਸੂਬੇ ਦੇ ਲੋਕਾਂ ਨਾਲ ਝੂਠੇ ਵਾਅਦੇ ਕਰੇਗਾ, ਉਨ੍ਹਾਂ ਕਿਹਾ ਕਿ ਸੂਬੇ ਦੇ ਲੋਕਾਂ ਨੂੰ ਪਾਰਦਰਸ਼ੀ ਤੇ ਜਵਾਬ ਦੇਹ ਪ੍ਰਸ਼ਾਸਨ ਦੇਣਾ ਸਭ ਤੋਂ ਪਹਿਲਾਂ ਕੰਮ ਹੋਵੇਗਾ।ਪੰਜਾਬ ਸਰਕਾਰ ਜੇਕਰ ਆਪਣੇ ਚਹੇਤਿਆਂ ਤੋਂ ਜੀ ਐੱਸ ਟੀ, ਐਕਸਾਈਜ਼ ,ਰੇਤਾ ਬਜਰੀ ਤੇ ਹੋਰ ਟੈਕਸ ਵਸੂਲੇ ਤਾਂ ਲਗਭਗ ਦੱਸ ਹਜ਼ਾਰ ਕਰੋੜ ਰੁਪਿਆ ਪੰਜਾਬ ਦੇ ਖਜ਼ਾਨੇ ’ਚ ਆ ਸਕਦਾ ਹੈ, ਪਰ ਸਰਕਾਰ ਨੇ ਆਪਣੇ ਚਹੇਤਿਆਂ ਨੂੰ ਪੰਜਾਬ ਨੂੰ ਲੁੱਟਣ ਦੀ ਖੁੱਲ੍ਹ ਦੇ ਰੱਖੀ ਹੈ।ਢੀਂਡਸਾ ਨੇ ਕਿਹਾ ਕਿ ਜੇਕਰ ਸੂਬੇ ਅੰਦਰ ਅਕਾਲੀ ਦਲ (ਸੰਯੁਕਤ )ਜਾਂ ਗਠਬੰਧਨ ਸਰਕਾਰ ਬਣਦੀ ਹੈ ਤਾਂ ਸਭ ਤੋਂ ਪਹਿਲਾਂ ਵਿਧਾਨ ਸਭਾ ਵਿੱਚ ਅਜਿਹੇ ਖੇਤੀ ਕਾਨੂੰਨ ਲਿਆਂਦੇ ਜਾਣਗੇ, ਜਿਸ ਨਾਲ ਪੰਜਾਬ ਦੇ ਕਿਸਾਨਾਂ ਉਪਰ ਕੇਂਦਰੀ ਖੇਤੀ ਕਾਨੂੰਨਾਂ ਦਾ ਕੋਈ ਅਸਰ ਨਹੀਂ ਹੋਵੇਗਾ ,ਕਿਉਂਕਿ ਵਿਧਾਨ ਸਭਾ ਵਿੱਚ ਕੇਂਦਰ ਵੱਲੋਂ ਲਾਗੂ ਕੀਤੇ ਖੇਤੀ ਕਾਨੂੰਨਾਂ ਨੂੰ ਰੱਦ ਨਹੀਂ ਕੀਤਾ ਜਾ ਸਕਦਾ।
ਇਹ ਵੀ ਪੜ੍ਹੋ: ਸ਼ਰਮਨਾਕ! ਅੰਮ੍ਰਿਤਸਰ 'ਚ ਮਿਲੀਆਂ ਦੋ ਨਵ-ਜਨਮੀਆਂ ਬੱਚੀਆਂ ਦੀਆਂ ਲਾਸ਼ਾਂ, ਕੁੱਤਿਆਂ ਨੇ ਨੋਚ-ਨੋਚ ਖਾਧੀਆਂ
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।