ਵਿਜੀਲੈਂਸ ਦੀ ਟੀਮ ਨੇ ਥਾਣਾ ਸੰਦੌੜ ਦੇ ASI ਨੂੰ ਰਿਸ਼ਵਤ ਲੈਂਦੇ ਕੀਤਾ ਕਾਬੂ

8/14/2020 10:15:24 PM

ਸੰਦੌੜ/ਸੰਗਰੂਰ(ਰਿਖੀ) : ਥਾਣਾ ਸੰਦੌੜ ਵਿਖੇ ਅੱਜ ਵਿਜੀਲੈਂਸ ਬਿਊਰੋ ਮੋਹਾਲੀ ਦੀ ਟੀਮ ਨੇ ਅਚਨਚੇਤ ਛਾਪੇਮਾਰੀ ਕਰਕੇ ਇਕ ਏ. ਐਸ. ਆਈ ਨੂੰ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਫੜਨ 'ਚ ਵੱਡੀ ਸਫਲਤਾ ਪ੍ਰਾਪਤ ਕੀਤੀ ਹੈ। ਵਿਜੀਲੈਂਸ ਬਿਊਰੋ ਦੇ ਇੰਸਪੈਕਟਰ ਅਵਤਾਰ ਸਿੰਘ ਦੀ ਅਗਵਾਈ ਹੇਠ ਆਈ ਟੀਮ ਨੇ ਪੁਲਿਸ ਥਾਣਾ ਸੰਦੌੜ ਵਿਖੇ ਤਾਇਨਾਤ ਏ.ਐਸ.ਆਈ ਅਨਾਇਤ ਖਾਂ ਨੂੰ 23,500 ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀ ਫੜਿਆ ਹੈ। ਜਾਣਕਾਰੀ ਮੁਤਾਬਕ ਥਾਣਾ ਸੰਦੌੜ ਅਧੀਨ ਪੈਂਦੇ ਪਿੰਡ ਧਨੋਂ ਦੇ ਵਾਸੀ ਤਰਨਦੀਪ ਸਿੰਘ ਕੋਲੋਂ ਇਕ ਲੜਾਈ ਦੇ ਮਾਮਲੇ ਵਿਚ ਏ.ਐਸ.ਆਈ ਅਨਾਇਤ ਖਾਂ ਵੱਲੋਂ ਰਿਸ਼ਵਤ ਮੰਗੀ ਗਈ ਸੀ।

ਮਦੁੱਈ ਤਰਨਦੀਪ ਸਿੰਘ ਨੇ ਉਕਤ ਏ.ਐਸ.ਆਈ ਨੂੰ ਪਹਿਲਾਂ 8 ਹਜ਼ਾਰ ਅਤੇ ਬਾਅਦ ਵਿਚ 10 ਹਜ਼ਾਰ ਰੁਪਏ ਦੇ ਦਿੱਤੇ ਸਨ ਅਤੇ ਅੱਜ ਮਦੁੱਈ ਵੱਲੋਂ ਉਸ ਏ.ਐਸ.ਆਈ ਨੂੰ 23,500 ਹਜ਼ਾਰ ਰੁਪਏ ਹੋਰ ਦੇਣੇ ਸਨ। ਮੁਦੱਈ ਨੇ ਇਸ ਦੀ ਸੂਚਨਾ ਵਿਜੀਲੈਂਸ ਨੂੰ ਦਿੱਤੀ, ਜਿਸ 'ਤੇ ਕਾਰਵਾਈ ਕਰਦੇ ਹੋਏ ਏ. ਆਈ. ਜੀ ਅਸ਼ੀਸ਼ ਕਪੂਰ ਦੇ ਹੁਕਮਾਂ 'ਤੇ ਇੰਸਪੈਕਟਰ ਅਵਤਾਰ ਸਿੰਘ ਦੀ ਅਗਵਾਈ ਹੇਠ ਵਿਜੀਲੈਂਸ ਦੀ ਟੀਮ ਨੇ ਥਾਣਾ ਸੰਦੌੜ ਵਿਖੇ ਛਾਪੇਮਾਰੀ ਕਰਕੇ ਉਕਤ ਏ. ਐਸ. ਆਈ. ਨੂੰ ਰਿਸ਼ਵਤ ਲੈਂਦੇ ਹੋਏ ਕਾਬੂ ਕੀਤਾ ਹੈ।ਦੱਸਣਯੋਗ ਹੈ ਕਿ ਜਿਸ ਵਿਅਕਤੀ ਤੋਂ ਰਿਸ਼ਵਤ ਮੰਗੀ ਗਈ ਸੀ, ਉਸ ਖਿਲਾਫ ਥਾਣਾ ਸੰਦੌੜ ਵਿਖੇ ਇਕ ਲੜਾਈ ਦਾ ਮਾਮਲਾ ਦਰਜ ਕੀਤਾ ਹੋਇਆ ਹੈ। ਇਸ ਸਬੰਧੀ ਜਦੋਂ ਥਾਣਾ ਸੰਦੌੜ ਦੇ ਮੁਖੀ ਨਾਲ ਗੱਲਬਾਤ ਕਰਨੀ ਚਾਹੀ ਤਾਂ ਉਹਨਾਂ ਨਾਲ ਸਪੰਰਕ ਨਹੀਂ ਹੋ ਸਕਿਆ।


Deepak Kumar

Content Editor Deepak Kumar