ਆਂਗਣਵਾੜੀ ਵਰਕਰਾਂ ਨੇ ਫੂਕਿਆ ਪੰਜਾਬ ਸਰਕਾਰ ਦਾ ਪੁਤਲਾ

04/18/2018 12:06:05 PM

ਬਠਿੰਡਾ (ਸੁਖਵਿੰਦਰ) - 79 ਦਿਨਾਂ ਤੋਂ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਦਫਤਰ ਸਾਹਮਣੇ ਧਰਨੇ 'ਤੇ ਬੈਠੇ ਆਂਗਣਵਾਂੜੀ ਵਰਕਰਾਂ ਵੱਲੋਂ ਅੱਜ ਪੰਜਾਬ ਸਰਕਾਰ ਦਾ ਪੁਤਲਾ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ। 
ਇਸ ਮੌਕੇ ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੀ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਨੇ ਕਿਹਾ ਕਿ ਸਰਕਾਰ ਵੱਲੋਂ ਜਾਣ ਬੁੱਝ ਕੇ ਉਨ੍ਹਾਂ ਦੀਆਂ ਮੰਗਾਂ ਨੂੰ ਅਣਗੌਲਿਆ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੀ ਅਣਦੇਖੀ ਕਾਰਨ ਆਂਗਣਵਾੜੀ ਵਰਕਰਾਂ 'ਚ ਸਰਕਾਰ ਪ੍ਰਤੀ ਰੋਸ ਵਧਦਾ ਜਾ ਰਿਹਾ ਹੈ। ਆਗੂਆਂ ਨੇ ਮੰਗ ਕੀਤੀ ਕਿ ਪੰਜਾਬ ਸਰਕਾਰ ਪੰਜਾਬ ਦੀਆਂ 54 ਹਜ਼ਾਰ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਨੂੰ ਹਰਿਆਣਾ ਪੈਟਰਨ 'ਤੇ ਮਾਣ ਭੱਤਾ ਦਿੱਤਾ ਜਾਵੇ, ਸਕੂਲਾਂ 'ਚ ਪੜ੍ਹਦੇ 3-6 ਸਾਲ ਦੇ ਬੱਚਿਆਂ ਨੂੰ ਆਂਗਣਵਾੜੀ ਸੈਂਟਰਾਂ ਵਿਚ ਭੇਜਿਆ ਜਾਵੇ, ਬਕਾਇਆ ਕਿਰਾਇਆ ਜਾਰੀ ਕੀਤਾ ਜਾਵੇ, ਵਰਕਰਾਂ ਅਤੇ ਹੈਲਪਰਾਂ ਨੂੰ ਵਰਦੀਆ ਦੇ ਪੈਸੇ ਜਾਰੀ ਕੀਤੇ ਜਾਣ ਦੀ ਮੰਗ ਕੀਤੀ।
ਇਸ ਮੌਕੇ ਧਰਨੇ 'ਤੇ ਬੈਠੀਆਂ ਆਗੂਆਂ ਕੋਲੋਂ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਵੱਲੋਂ ਮੰਗ ਪੱਤਰ ਵੀ ਲਿਆ ਗਿਆ। ਇਸ ਮੌਕੇ ਜਸਵੀਰ ਕੌਰ ਬਠਿੰਡਾ, ਸਤਵੀਰ ਕੌਰ ਬਠਿੰਡਾ, ਜਗਮੇਲ ਕੌਰ,ਰਾਜ ਰਾਣੀ , ਜੋਗਿੰਦਰ ਕੌਰ, ਸਰਬਜੀਤ ਕੌਰ, ਗੁਰਜੀਤ ਕੌਰ, ਕਮਲਜੀਤ ਕੌਰ ਤੇ ਰੁਪਿੰਦਰ ਕੌਰ ਆਦਿ ਆਗੂ ਮੌਜੂਦ ਸਨ।


Related News