ਹਰਿਆਣਾ ਮਾਰਕਾ ਸ਼ਰਾਬ ਤੇ ਲਾਹਣ ਸਣੇ 6 ਕਾਬੂ, 4 ਫਰਾਰ

Saturday, Dec 01, 2018 - 02:31 AM (IST)

ਹਰਿਆਣਾ ਮਾਰਕਾ ਸ਼ਰਾਬ ਤੇ ਲਾਹਣ ਸਣੇ 6 ਕਾਬੂ, 4 ਫਰਾਰ

ਬਠਿੰਡਾ, (ਸੁਖਵਿੰਦਰ)- ਜ਼ਿਲਾ ਪੁਲਸ ਨੇ ਵੱਖ-ਵੱਖ ਥਾਵਾਂ ਤੋਂ ਲਾਹਣ ਅਤੇ ਨਾਜਾਇਜ਼ ਸ਼ਰਾਬ ਬਰਾਮਦ ਕਰਕੇ 6 ਵਿਅਕਤੀਅਾਂ ਨੂੰ ਕਾਬੂ ਕਰ ਲਿਆ ਜਦਕਿ 4 ਮੁਲਜ਼ਮ ਪੁਲਸ ਦੇ ਹੱਥ ਨਹੀਂ ਲੱਗ ਸਕੇ ਹਨ। ਜਾਣਕਾਰੀ ਅਨੁਸਾਰ ਥਾਣਾ ਕੈਂਟ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਭੁੱਚੋ ਕਲਾਂ ਵਿਖੇ ਇਕ ਵਿਅਕਤੀ ਵਲੋਂ ਨਾਜਾਇਜ਼ ਸ਼ਰਾਬ ਕੱਢਕੇ ਵੇਚੀ ਜਾ ਰਹੀ ਹੈ। ਸੂਚਨਾ ਦੇ ਆਧਾਰ ’ਤੇ ਸਹਾਇਕ ਥਾਣੇਦਾਰ ਨਛੱਤਰ ਸਿੰਘ ਵਲੋਂ ਕਕਨਾ ਸਿੰਘ ਵਾਸੀ ਭੁੱਚੋ ਕਲਾ ਦੇ ਠਿਕਾਣੇ ’ਤੇ ਛਾਪੇਮਾਰੀ ਕੀਤੀ ਗਈ। ਇਸ ਦੌਰਾਨ ਪੁਲਸ ਨੇ 15 ਲੀਟਰ ਲਾਹਣ ਬਰਾਮਦ ਕਰਕੇ ਮੁਲਜ਼ਮ ਨੂੰ ਮੌਕੇ ਤੋਂ ਗ੍ਰਿਫਤਾਰ ਕੀਤਾ ਹੈ। ਉਧਰ, ਸਦਰ ਪੁਲਸ ਵਲੋਂ ਸੂਚਨਾ ਦੇ ਆਧਾਰ ’ਤੇ ਕ੍ਰਿਸ਼ਨ ਸਿੰਘ ਵਾਸੀ ਕੋਟਸ਼ਮੀਰ ਦੇ ਠਿਕਾਣੇ ’ਤੇ ਛਾਪੇਮਾਰੀ ਕੀਤੀ ਗਈ। ਇਸ ਦੌਰਾਨ ਪੁਲਸ ਨੇ 17 ਬੋਤਲਾਂ ਹਰਿਆਣਾ ਸ਼ਰਾਬ ਦੀਅਾਂ ਬਰਾਮਦ ਕੀਤੀਅਾਂ ਹਨ ਪਰ ਮੁਲਜ਼ਮ ਪੁਲਸ ਦੇ ਹੱਥ ਨਹੀਂ ਲੱਗ ਸਕਿਆ। ਪੁਲਸ ਨੇ ਦੋਵਾਂ ਮੁਲਜ਼ਮਾਂ ਖਿਲਾਫ ਐਕਸਾਈਜ ਐਕਟ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸੇ ਤਰ੍ਹਾਂ ਪੁਲਸ ਵਲੋਂ ਹਰਿਆਣਾ ਸ਼ਰਾਬ ਬਰਾਮਦ ਕਰਕੇ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਜਦਕਿ ਇਕ ਵਿਅਕਤੀ ਪੁਲਸ ਦੇ ਹੱਥ ਨਹੀਂ ਲੱਗ ਸਕਿਆ। ਜਾਣਕਾਰੀ ਅਨੁਸਾਰ ਸੀ. ਆਈ. ਏ. ਪੁਲਸ ਨੂੰ ਸੂਚਨਾ ਮਿਲੀ ਸੀ ਕਿ ਕੁਝ ਵਿਅਕਤੀ ਕਾਰ ਰਾਹੀਂ ਹਰਿਆਣਾ ਸ਼ਰਾਬ ਦੀ ਸਮੱਗਲਿੰਗ ਕਰ ਰਹੇ ਹਨ। ਸਹਾਇਕ ਥਾਣੇਦਾਰ ਮੋਹਨਦੀਪ ਸਿੰਘ ਵਲੋਂ ਸੂਚਨਾ ਦੇ ਆਧਾਰ ’ਤੇ ਪਿੰਡ ਕੋਟਫੱਤਾ ਵਿਖੇ ਨਾਕੇਬੰਦੀ ਕੀਤੀ ਗਈ ਸੀ। ਇਸ ਦੌਰਾਨ ਪੁਲਸ ਵਲੋਂ ਸ਼ੱਕ ਦੇ ਆਧਾਰ ’ਤੇ ਇਕ ਜੈਨ ਕਾਰ ਨੂੰ ਰੋਕਿਆ ਤਾਂ ਕਾਰ ਸਵਾਰ ਰੋਸ਼ਨ ਸਿੰਘ ਮੌਕੇ ਤੋਂ ਫਰਾਰ ਹੋ ਗਿਆ ਜਦਕਿ ਪੁਲਸ ਵਲੋਂ ਜਸਵਿੰਦਰ ਸਿੰਘ ਅਤੇ ਸੇਵਕ ਸਿੰਘ ਵਾਸੀ ਜੋਧਪੁਰ ਪਾਖਰ ਨੂੰ ਗ੍ਰਿਫਤਾਰ ਕਰ ਲਿਆ। ਤਲਾਸੀ ਦੌਰਾਨ ਪੁਲਸ ਨੇ ਕਾਰ ’ਚੋਂ 216 ਬੋਤਲਾਂ ਹਰਿਆਣਾ ਸ਼ਰਾਬ ਦੀਅਾਂ ਬਰਾਮਦ ਕਰਕੇ ਉਕਤ ਮੁਲਜ਼ਮਾਂ ਖਿਲਾਫ ਐਕਸਾਈਜ਼ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ।
 ਮਾਨਸਾ, (ਜੱਸਲ)- ਜ਼ਿਲਾ ਪੁਲਸ ਵਲੋਂ ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਪੁਲਸ ਨੇ ਵੱਖ-ਵੱਖ ਥਾਵਾਂ ਤੋਂ 840 ਬੋਤਲਾਂ ਸ਼ਰਾਬ ਸਮੇਤ 3 ਵਿਅਕਤੀਆਂ ਨੂੰ ਕਾਬੂ ਕਰਨ ਦਾ ਸਮਾਚਾਰ ਹੈ। ਜਦੋਂ ਕਿ 2 ਵਿਅਕਤੀ ਭੱਜਣ ’ਚ ਸਫਲ ਹੋ ਗਏ। ਜ਼ਿਲਾ ਪੁਲਸ ਮੁਖੀ ਮਨਧੀਰ ਸਿੰਘ ਨੇ ਦੱਸਿਆ ਕਿ ਥਾਣਾ ਬੋਹਾ ਦੀ ਪੁਲਸ ਨੇ ਮੋਟਰਸਾਈਕਲ ਸਵਾਰ ਦੋੋ ਵਿਅਕਤੀਆਂ ਗੁਰਲਾਲ ਸਿੰਘ ਉਰਫ ਗੁਰੀ ਪੁੱਤਰ ਭੀਮ ਸਿੰਘ ਵਾਸੀ ਅਹਿਮਦਪੁਰ ਅਤੇ ਗੁਰਪ੍ਰੀਤ ਸਿੰਘ ਪੁੱਤਰ ਰੂਪ ਸਿੰਘ ਵਾਸੀ ਸਰਦਾਰੇਵਾਲਾ (ਰਤੀਆ) ਨੂੰ ਕਾਬੂ ਕਰਕੇ ਉਨ੍ਹਾਂ  ਕੋਲੋਂ  60 ਬੋੋਤਲਾਂ ਸ਼ਰਾਬ ਠੇਕਾ ਦੇਸੀ ਮਾਰਕਾ ਸਹਿਨਾਈ (ਹਰਿਆਣਾ) ਬਰਾਮਦ ਕਰਕੇ ਮਾਮਲਾ ਦਰਜ ਕਰ ਲਿਆ। ਇਸ ਤੋਂ ਇਲਾਵਾ ਆਬਕਾਰੀ ਵਿਭਾਗ ਮਾਨਸਾ ਦੀ ਟੀਮ ਨੇ ਮੋਟਰਸਾਈਕਲ ਸਵਾਰ ਦੋ ਵਿਅਕਤੀਆਂ ਸੋਨੂੰ ਸਿੰਘ ਅਤੇ ਜੱਸਾ ਸਿੰਘ ਪੁੱਤਰਾਨ ਜਰਨੈਲ ਸਿੰਘ ਵਾਸੀਆਨ ਮਲਕੋ  ਕੋਲੋਂ 180 ਬੋਤਲਾਂ ਸ਼ਰਾਬ ਠੇਕਾ ਦੇਸੀ ਮਾਰਕਾ ਸ਼ਹਿਨਾਈ (ਹਰਿਆਣਾ) ਬਰਾਮਦ ਕਰਕੇ ਥਾਣਾ ਸਦਰ ਵਿਖੇ ਮਾਮਲਾ ਦਰਜ ਕਰ ਲਿਆ ਪਰ ਇਨ੍ਹਾਂ ’ਚੋਂ ਸੋਨੂੰ ਸਿੰਘ ਨੂੰ ਮੌਕੇ ’ਤੇ ਗ੍ਰਿਫਤਾਰ ਕਰ ਲਿਆ। ਜਦੋਂ ਕਿ ਜੱਸਾ ਸਿੰਘ ਭੱਜਣ ਵਿਚ ਸਫਲ ਹੋ ਗਿਆ। ਇਸੇ ਤਰ੍ਹਾਂ ਜਟਾਣਾ ਕੈਂਚੀਆਂ ’ਤੇ ਆਬਕਾਰੀ ਵਿਭਾਗ ਅਤੇ ਪੁਲਸ ਟੀਮ ਨੇ ਇਕ ਬਲੈਰੋ ਪਿਕਅੱਪ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਡਰਾਈਵਰ ਗੱਡੀ ਰੋਕ ਕੇ ਮੌਕੇ ’ਤੇ ਭੱਜ ਗਿਆ। ਜਦੋਂ ਸਬੰਧਤ ਟੀਮ ਨੇ ਗੱਡੀ ਦੀ ਤਲਾਸ਼ੀ ਲਈ ਤਾਂ ਉਸ ’ਚੋਂ 600 ਬੋਤਲਾਂ ਸ਼ਰਾਬ ਦੇਸੀ ਮਾਰਕਾ ਸ਼ਹਿਨਾਈ ਹਰਿਆਣਾ ਬਰਾਮਦ ਕਰਕੇ ਭੱਜੇ ਵਿਅਕਤੀ ਖਿਲਾਫ ਮਾਮਲਾ ਦਰਜ ਕਰਕੇ ਗੱਡੀ ਨੂੰ ਆਪਣੇ ਕਬਜ਼ੇ ’ਚ ਲੈ ਲਿਆ। 
 


Related News