ਵਿਧਾਨ ਸਭਾ ਬਜਟ ਸੈਸ਼ਨ ਦੇ ਬਾਈਕਾਟ ਨਾਲ ਅਕਾਲੀ ਦਲ ਦਾ ਦੋਹਰਾ ਚਿਹਰਾ ਬੇਨਕਾਬ ਹੋਇਆ : ਸੁਨੀਲ ਜਾਖੜ

Monday, Feb 24, 2020 - 01:43 AM (IST)

ਅਬੋਹਰ, (ਸੁਨੀਲ)— ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਦੇ ਆਗੂ ਤਰਲੋਮੱਛੀ ਹੋ ਰਹੇ ਸਨ ਕਿ ਬਜਟ ਸੈਸ਼ਨ ਦੀ ਮਿਆਦ ਵਧਾਈ ਜਾਵੇ ਪਰ ਹੁਣ ਅਕਾਲੀ ਦਲ ਦੇ ਆਗੂਆਂ ਵੱਲੋਂ ਸੈਸ਼ਨ ਦੇ ਬਾਈਕਾਟ ਦਾ ਕਥਿਤ ਫੈਸਲਾ ਉਨ੍ਹਾਂ ਦੇ ਦੋਹਰੇ ਚਿਹਰੇ ਨੂੰ ਬੇਨਕਾਬ ਕਰ ਰਿਹਾ ਹੈ। ਅੱਜ ਪਿੰਡ ਪੰਜਕੋਸੀ ਵਿਖੇ ਆਪਣੇ ਨਿਵਾਸ ਸਥਾਨ 'ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਾਖੜ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਤਿੰਨ ਸਾਲਾਂ ਦੌਰਾਨ ਲਏ ਗਏ ਲੋਕ ਪੱਖੀ ਫੈਸਲਿਆਂ ਕਾਰਣ ਹੁਣ ਅਕਾਲੀ ਦਲ ਕੋਲ ਹੋਰ ਕੋਈ ਠੋਸ ਮੁੱਦਾ ਨਹੀਂ ਰਿਹਾ, ਜਿਸ ਕਰ ਕੇ ਉਹ ਸੈਸ਼ਨ ਦੇ ਬਾਈਕਾਟ ਅਤੇ ਵਿਰੋਧ ਪ੍ਰਦਰਸ਼ਨ ਜਿਹੇ ਐਲਾਨ ਕਰ ਰਿਹਾ ਹੈ।
ਬਿਜਲੀ ਦਰਾਂ 'ਚ ਵਾਧੇ ਅਤੇ ਪਾਵਰ ਪਲਾਂਟਾਂ ਬਾਰੇ ਅਕਾਲੀ ਦਲ ਅਤੇ ਹੋਰ ਰਾਜਸੀ ਵਿਰੋਧੀਆਂ ਨੂੰ ਜਵਾਬ ਦਿੰਦੇ ਹੋਏ ਪ੍ਰਦੇਸ਼ ਕਾਂਗਰਸ ਪ੍ਰਧਾਨ ਜਾਖੜ ਨੇ ਕਿਹਾ ਕਿ ਇਹ ਕੰਡੇ ਅਕਾਲੀਆਂ ਅਤੇ ਉਨ੍ਹਾਂ ਦੀ ਭਾਈਵਾਲ ਭਾਜਪਾ ਦੀ ਸਰਕਾਰ ਦੇ ਹੀ ਬੀਜੇ ਹੋਏ ਹਨ। ਅਕਾਲੀ ਦਲ ਦੀ ਸਰਕਾਰ ਸਮੇਂ ਸਿਆਸੀ ਅਤੇ ਆਰਥਕ ਸਵਾਰਥਾਂ ਹੇਠ ਵੱਡੀਆਂ ਕੰਪਨੀਆਂ ਨੂੰ ਪਾਵਰ ਪਲਾਂਟ ਸਥਾਪਤ ਕਰ ਕੇ ਮਹਿੰਗੇ ਰੇਟ 'ਤੇ ਬਿਜਲੀ ਖਰੀਦ ਦੇ ਸਮਝੌਤੇ ਕੀਤੇ ਗਏ। ਉਸ ਦਾ ਖਮਿਆਜ਼ਾ ਵਰਤਮਾਨ ਸਰਕਾਰ ਅਤੇ ਕਰੋੜਾਂ ਖਪਤਕਾਰਾਂ ਨੂੰ ਭੁਗਤਣਾ ਪੈ ਰਿਹਾ ਹੈ। ਅਕਾਲੀਆਂ 'ਤੇ ਉਲਟਾ ਚੋਰ ਕੋਤਵਾਲ ਨੂੰ ਡਾਂਟੇ ਵਾਲੀ ਕਹਾਵਤ ਸਹੀ ਸਿੱਧ ਹੁੰਦੀ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਸਰਕਾਰ ਨੂੰ ਬੇਨਤੀ ਕੀਤੀ ਜਾ ਚੁੱਕੀ ਹੈ ਕਿ ਇਸ ਬਾਰੇ ਵ੍ਹਾਈਟ ਪੇਪਰ ਪੇਸ਼ ਕਰ ਕੇ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਉਜਾਗਰ ਕਰੇ।


KamalJeet Singh

Content Editor

Related News