ਕੀ ਇਕੱਠੇ ਹੋਣਗੇ ਬਾਦਲ ਤੇ ਢੀਂਡਸਾ ?
Tuesday, Sep 08, 2020 - 06:06 PM (IST)
ਲਹਿਰਾਗਾਗਾ (ਗਰਗ): ਬੇਸ਼ੱਕ ਵਿਧਾਨ ਸਭਾ ਚੋਣਾਂ 'ਚ ਸਵਾ ਸਾਲ ਦਾ ਸਮਾਂ ਬਾਕੀ ਹੈ, ਬਾਵਜੂਦ ਇਸਦੇ ਸਾਰੀਆਂ ਹੀ ਪਾਰਟੀਆਂ ਦੇ ਵਰਕਰ ਆਪੋ-ਆਪਣੇ ਤਰੀਕੇ ਨਾਲ ਚੋਣਾਂ ਦੀਆਂ ਤਿਆਰੀਆਂ 'ਚ ਜੁੱਟ ਕੇ ਆਪੋ-ਆਪਣੇ ਸਿਆਸੀ ਅਕਾਵਾਂ ਅੱਗੇ ਵਫ਼ਾਦਾਰੀ ਸਿੱਧ ਕਰਨ ਲੱਗੇ ਹੋਏ ਹਨ ਪਰ ਬਾਦਲ ਦਲ ਦੀਆਂ ਗਤੀਵਿਧੀਆਂ ਨਾ-ਮਾਤਰ ਹੀ ਦਿਖਾਈ ਦੇ ਰਹੀਆਂ ਹਨ ਕਿਉਂਕਿ ਹਲਕਾ ਵਿਧਾਇਕ ਤੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਦੇ ਅਕਾਲੀ ਦਲ ਬਾਦਲ ਤੋਂ ਵੱਖ ਹੋਣ ਤੋਂ ਬਾਅਦ ਬਾਦਲ ਦਲ ਵਲੋਂ ਅਜੇ ਤੱਕ ਕਿਸੇ ਵੀ ਆਗੂ ਨੂੰ ਹਲਕਾ ਇੰਚਾਰਜ ਨਿਯੁਕਤ ਨਾ ਕਰਨਾ ਸਿਆਸੀ ਗਲਿਆਰਿਆਂ ਅਤੇ ਆਮ ਜਨਤਾ 'ਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਦੇ ਚੱਲਦੇ ਬਾਦਲ ਦਲ ਨਾਲ ਸਬੰਧਤ ਆਗੂ ਤੇ ਵਰਕਰ ਸਸੋਪੰਜ 'ਚ ਹਨ ਕਿ ਉਹ ਕਰਨ ਤਾਂ ਕੀ ਕਰਨ ਅਤੇ ਕਿਸ ਦੀ ਅਗਵਾਈ 'ਚ ਪਾਰਟੀ ਲਈ ਕੰਮ ਕਰਨ? ਕਿਉਂਕਿ ਹਲਕੇ ਦੇ ਜ਼ਿਆਦਾਤਰ ਅਕਾਲੀ ਆਗੂਆਂ ਅਤੇ ਵਰਕਰਾਂ ਦੀ ਪਹੁੰਚ ਸਿਰਫ ਢੀਂਡਸਾ ਪਰਿਵਾਰ ਤੱਕ ਹੀ ਸੀਮਿਤ ਸੀ, ਅੱਜ ਵੀ ਹਲਕੇ 'ਚ ਜ਼ਿਆਦਾਤਰ ਅਕਾਲੀ ਆਗੂ ਤੇ ਵਰਕਰ ਢੀਂਡਸਾ ਨਾਲ ਚੱਟਾਨ ਦੀ ਤਰ੍ਹਾਂ ਖੜ੍ਹੇ ਹਨ ਪਰ ਜੋ ਢੀਂਡਸਾ ਨੂੰ ਛੱਡ ਕੇ ਖੁੱਲ੍ਹੇ ਰੂਪ 'ਚ ਬਾਦਲ ਦਲ ਨਾਲ ਜੁੜ ਗਏ, ਉਹ ਆਪਣੇ ਆਪ ਨੂੰ ਅਪਹਾਜ ਮਹਿਸੂਸ ਕਰਨ ਲੱਗੇ ਹਨ ਜੋ ਆਉਣ ਵਾਲੇ ਸਮੇਂ 'ਚ ਅਕਾਲੀ ਦਲ ਬਾਦਲ ਲਈ ਖਤਰੇ ਦੀ ਘੰਟੀ ਹੈ।
ਇਹ ਵੀ ਪੜ੍ਹੋ: ਪਤੀ ਹੱਥੋਂ ਤੰਗ ਆਈ 2 ਬੱਚਿਆਂ ਦੀ ਮਾਂ, ਤਲਾਕ ਦਿੱਤੇ ਬਿਨਾਂ ਦੂਜੀ ਵਾਰ ਪਾਇਆ ਸ਼ਗਨਾਂ ਦਾ ਚੂੜਾ
ਉਕਤ ਮਾਮਲੇ 'ਤੇ ਜਦੋਂ ਤਹਿਕੀਕਾਤ ਕਰਦਿਆਂ ਹਲਕੇ ਦੇ ਅਕਾਲੀ ਦਲ (ਬਾਦਲ) ਅਤੇ ਅਕਾਲੀ ਦਲ (ਡੀ) ਦੇ ਆਗੂਆਂ ਨਾਲ ਗੱਲਬਾਤ ਕੀਤੀ ਗਈ ਤਾਂ ਇਹ ਗੱਲ ਸਾਹਮਣੇ ਆਈ ਕਿ ਕਿਤੇ ਨਾ ਕਿਤੇ ਢੀਂਡਸਾ ਤੇ ਬਾਦਲ ਪਰਿਵਾਰ ਨੂੰ ਇਕੱਠੇ ਕਰਨ 'ਚ ਬਾਦਲ ਦਲ ਦੇ ਇਕ ਦਿੱਗਜ਼ ਆਗੂ ਵਲੋਂ ਜੰਗੀ ਪੱਧਰ 'ਤੇ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਕਿ ਜਿਵੇਂ ਵੀ ਹੋਵੇ ਅਕਾਲੀ ਦਲ ਦੀ ਬਿਹਤਰੀ ਲਈ ਬਾਦਲ ਅਤੇ ਢੀਂਡਸਾ ਪਰਿਵਾਰਾਂ ਨੂੰ ਇਕੱਠਾ ਕੀਤਾ ਜਾਵੇ।ਇਸ ਸਬੰਧੀ ਦਿੱਲੀ 'ਚ ਮੀਟਿੰਗ ਹੋਣ ਦੀਆਂ ਚਰਚਾਵਾਂ ਵੀ ਹਨ। ਉਕਤ ਦਿੱਗਜ਼ ਨੇਤਾ ਦੀਆਂ ਕੋਸ਼ਿਸ਼ਾਂ ਨੂੰ ਬੂਰ ਪਵੇਗਾ ਜਾਂ ਨਹੀਂ ਇਹ ਤਾਂ ਵਕਤ ਦੱਸੇਗਾ ਪਰ ਹਲਕੇ ਦੇ ਬਾਦਲ ਦਲ ਦੇ ਆਗੂ ਸੋਚ ਰਹੇ ਹਨ ਕਿ ਜੇਕਰ ਬਾਦਲ ਤੇ ਢੀਂਡਸਾ ਪਰਿਵਾਰ ਇਕੱਠੇ ਹੋ ਗਏ ਤਾਂ ਉਨ੍ਹਾਂ ਦਾ ਕੀ ਬਣੇਗਾ? ਫਿਲਹਾਲ ਉਨ੍ਹਾਂ ਨੂੰ ਪਾਰਟੀ ਦੇ ਕਿਸੇ ਵੀ ਦਿੱਗਜ਼ ਆਗੂ ਜਿਸ ਦੀ ਅਗਵਾਈ'ਚੋਂ ਕੰਮ ਕਰ ਸਕਣ ਦਾ ਆਸਰਾ ਨਹੀਂ। ਆਮ ਵਰਕਰ ਦੀ ਤਾਂ ਬਾਦਲ ਦਲ 'ਚ ਉੱਪਰਲੀ ਲੀਡਰਸ਼ਿਪ 'ਚ ਕਿਤੇ ਪਹੁੰਚ ਹੀ ਨਹੀਂ।
ਇਹ ਵੀ ਪੜ੍ਹੋ: ਫ਼ਿਰ ਨਾਕਾਮ ਹੋਏ ਪਾਕਿਸਤਾਨੀ ਤਸਕਰਾਂ ਦੇ ਮਨਸੂਬੇ, ਫੜ੍ਹੀ ਕਰੋੜਾਂ ਦੀ ਹੈਰੋਇਨ
ਬਾਦਲ ਦਲ ਦੇ ਆਗੂਆਂ ਨੇ ਕਿਹਾ ਕਿ ਜੇਕਰ ਪਾਰਟੀ ਨੇ ਤੁਰੰਤ ਹਲਕਾ ਇੰਚਾਰਜ ਦੀ ਨਿਯੁਕਤੀ ਨਾ ਕੀਤੀ ਆਉਣ ਵਾਲੇ ਸਮੇਂ 'ਚ ਇਸ ਦੀ ਭਾਰੀ ਕੀਮਤ ਚੁਕਾਉਣੀ ਪੈ ਸਕਦੀ ਹੈ। ਦੂਜੇ ਪਾਸੇ ਬਾਦਲ ਦਲ ਵੱਲੋਂ ਹਲਕਾ ਇੰਚਾਰਜ ਦੀ ਨਿਯੁਕਤੀ ਨਾ ਕਰਨ 'ਤੇ ਢੀਂਡਸਾ ਖੇਮਾ ਬਾਗੋ-ਬਾਗ ਨਜ਼ਰ ਆ ਰਿਹਾ ਹੈ। ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਸਿਆਸੀ ਉੱਠ ਕਿਸ ਕਰਵਟ ਬੈਠਦਾ ਹੈ। ਫਿਲਹਾਲ ਹਲਕੇ 'ਚ ਚਰਚਾਵਾਂ ਦਾ ਬਾਜ਼ਾਰ ਗਰਮ ਹੈ।