ਅਕਾਲੀ ਦਲ (ਟਕਸਾਲੀ) ਨੇ ਚੋਣ ਕਮਿਸ਼ਨ ਤੋਂ ਬੀਬੀ ਜਗੀਰ ਕੌਰ ਖਿਲਾਫ਼ ਕਾਰਵਾਈ ਮੰਗੀ

03/15/2019 1:34:17 AM

ਚੰਡੀਗਡ਼੍ਹ,(ਭੁੱਲਰ)- ਅਕਾਲੀ ਦਲ (ਟਕਸਾਲੀ) ਦੇ ਪ੍ਰਮੁੱਖ ਆਗੂਆਂ ਦੇ ਵਫ਼ਦ ਨੇ ਅੱਜ ਇਥੇ ਸੂਬੇ ਦੇ ਮੁੱਖ ਚੋਣ ਅਧਿਕਾਰੀ ਡਾ. ਐੱਸ. ਕਰੁਣਾ ਰਾਜੂ ਨੂੰ ਮਿਲ ਕੇ  ਸ਼ਿਕਾਇਤ ਦਰਜ ਕਰਵਾਉਂਦਿਆਂ ਖਡੂਰ ਸਾਹਿਬ ਹਲਕੇ ਤੋਂ ਸ਼੍ਰੋਮਣੀ ਅਕਾਲੀ ਵਲੋਂ ਐਲਾਨੀ ਗਈ ਉਮੀਦਵਾਰ ਬੀਬੀ ਜਗੀਰ ਕੌਰ ਖਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ। ਟਕਸਾਲੀ ਆਗੂਆਂ ਨੇ ਚੋਣ ਅਧਿਕਾਰੀ ਨੂੰ ਦੱਸਿਆ ਕਿ ਬੀਬੀ ਜਗੀਰ ਕੌਰ ਨੇ ਇਕ ਪ੍ਰੋਗਰਾਮ ਦੌਰਾਨ ਸ਼ਰੇਆਮ ਸ਼ਰਾਬ ਵੰਡ ਕੇ ਚੋਣ ਜ਼ਾਬਤੇ ਦਾ ਗੰਭੀਰ ਉਲੰਘਣ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਹੋਰ ਕਈ ਲੋਕ ਸਭਾ ਹਲਕਿਆਂ ਵਿਚ ਵੀ ਅਕਾਲੀ ਦਲ ਦੇ ਆਗੂ ਅਤੇ ਸੰਭਾਵੀ ਉਮੀਦਵਾਰ ਚੋਣ ਜ਼ਾਬਤੇ ਦਾ ਉਲੰਘਣ ਕਰ ਰਹੇ ਹਨ, ਜਿਨ੍ਹਾਂ  ਨੂੰ ਹੁਣੇ ਤੋਂ ਸਖ਼ਤੀ ਨਾਲ ਰੋਕਿਆ ਜਾਣਾ ਚਾਹੀਦਾ ਹੈ। 
ਡਾ. ਰਾਜੂ ਨੇ ਵਫ਼ਦ ਦੀ ਗੱਲ ਸੁਣਨ ਤੋਂ ਬਾਅਦ ਕਿਹਾ ਕਿ ਇਸ ਸਬੰਧੀ ਪਹਿਲਾਂ ਹੀ ਸਬੰਧਤ ਧਿਰ ਨੂੰ ਨੋਟਿਸ ਦੇ ਕੇ ਜਵਾਬ ਮੰਗਿਆ ਜਾ ਚੁੱਕਿਆ ਹੈ। 
ਉਨ੍ਹਾਂ ਭਰੋਸਾ ਦਿੰਦਿਆਂ ਕਿਹਾ ਕਿ ਜਾਂਚ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ ਅਤੇ ਨਿਯਮਾਂ ਦਾ ਉਲੰਘਣ ਸਾਬਿਤ ਹੋਇਆ ਤਾਂ ਸਖ਼ਤ ਕਾਰਵਾਈ ਹੋਵੇਗੀ। ਮੁੱਖ ਚੋਣ ਅਧਿਕਾਰੀ ਨੂੰ ਮਿਲਣ ਵਾਲੇ ਟਕਸਾਲੀ ਦਲ ਦੇ ਵਫ਼ਦ ’ਚ ਪਾਰਟੀ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁਰਾ ਦੇ ਨਾਲ ਸੇਵਾ ਸਿੰਘ ਸੇਖਵਾਂ, ਬੀਰਦਵਿੰਦਰ ਸਿੰਘ ਅਤੇ ਕਰਨੈਲ ਸਿੰਘ ਪੀਰ ਮੁਹੰਮਦ ਆਦਿ ਸ਼ਾਮਲ ਸਨ। 


Bharat Thapa

Content Editor

Related News