ਖੇਤੀਬਾੜੀ ਵਿਭਾਗ ਵਲੋਂ 9 ਕੀੜੇਮਾਰ ਦਵਾਈਆਂ ਦੀ ਵਰਤੋਂ ਕਰਨ ''ਤੇ ਪਾਬੰਦੀ

07/22/2019 7:58:42 PM

ਮੋਗਾ (ਗੋਪੀ ਰਾਊਕੇ)-ਬਾਸਮਤੀ ਦੀ ਉਪਜ ਦਾ ਪੂਰਾ ਰੇਟ ਲੈਣ, ਆਪਣੀ ਜ਼ਮੀਨ ਦੀ ਸਿਹਤ 'ਚ ਸੁਧਾਰ ਲਿਆਉਣ ਅਤੇ ਸਵੱਛ ਪੈਦਾਵਾਰ ਲਈ ਕਿਸਾਨ ਵੀਰ ਆਪਣੀ ਬਾਸਮਤੀ ਦੀ ਫਸਲ 'ਤੇ ਸਰਕਾਰ ਵੱਲੋਂ ਮਨਾਹੀ ਕੀਤੀਆਂ 9 ਦਵਾਈਆਂ, ਜਿਨ੍ਹਾਂ 'ਚ ਥਾਇਆਮਥੌਕਸਮ, ਟਰਾਈਸਾਈਕਲਾਜ਼ੋਲ, ਐਸੀਫੇਟ, ਕਾਰਬੈਂਡਾਜਿੰਮ, ਕਾਰਬੋਫਿਊਰਾਨ, ਬੁਪਰੋਫੈਜ਼ਿਨ, ਪ੍ਰੋਪੀਕੋਨਾਜ਼ੋਲ, ਥਾਇਓਫੇਟ ਮਿਥਾਈਲ ਅਤੇ ਟਰਾਈਜ਼ੋਫਾਸ ਹਨ, ਦਾ ਛਿੜਕਾਅ ਬਿਲਕੁਲ ਨਾ ਕਰਨ, ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਡਾ. ਪਰਮਜੀਤ ਸਿੰਘ ਮੁੱਖ ਖੇਤੀਬਾੜੀ ਅਫਸਰ, ਮੋਗਾ ਨੇ ਕਿਸਾਨਾਂ ਦੇ ਨੁਮਾਇੰਦਿਆਂ ਦੀ ਮੀਟਿੰਗ 'ਚ ਕੀਤਾ। ਉਨ੍ਹਾਂ ਕਿਹਾ ਕਿ ਕਈ ਕਿਸਾਨ ਵੀਰ ਵੇਖੋ-ਵੇਖੀ ਦਾਣੇਦਾਰ ਜ਼ਹਿਰਾਂ ਦਾ ਪ੍ਰਯੋਗ ਕਰ ਰਹੇ ਹਨ, ਇਸ ਦੀ ਵਰਤੋਂ ਤੋਂ ਵੀ ਗੁਰੇਜ਼ ਕੀਤਾ ਜਾਵੇ। ਅਜੇ ਤੱਕ ਬਾਸਮਤੀ ਦੀ ਫਸਲ 'ਤੇ ਕਿਸੇ ਵੀ ਬੀਮਾਰੀ ਜਾਂ ਕੀੜੇ-ਮਕੌੜੇ ਦਾ ਹਮਲਾ ਨਹੀਂ ਹੋਇਆ ਜੇਕਰ ਕਿਸਾਨ ਵੀਰਾਂ ਨੂੰ ਕਿਸੇ ਬੀਮਾਰੀ ਜਾਂ ਕੀੜੇ-ਮਕੌੜੇ ਦਾ ਹਮਲਾ ਮਿਲਦਾ ਹੈ ਤਾਂ ਤੁਰੰਤ ਖੇਤੀ ਮਾਹਿਰਾਂ ਨਾਲ ਸੰਪਰਕ ਕੀਤਾ ਜਾਵੇ ਅਤੇ ਸਿਰਫ ਸਿਫਾਰਸ਼ਸ਼ੁਦਾ ਦਵਾਈਆਂ ਦੀ ਸਹੀ ਮਿਕਦਾਰ 'ਚ ਛਿੜਕਾਅ ਕੀਤਾ ਜਾਵੇ।

ਇਸ ਸਮੇਂ ਉਨ੍ਹਾਂ ਕਿਸਾਨਾਂ ਨੂੰ ਕਿਹਾ ਕਿ ਆਪਣੀਆਂ ਫਸਲਾਂ 'ਚ ਖੜ੍ਹੇ ਪਾਣੀ ਨੂੰ ਸਿੱਧੇ ਬੋਰਾਂ 'ਚ ਨਾ ਪਾਇਆ ਜਾਵੇ ਕਿਉਂਕਿ ਇਸ ਤਰ੍ਹਾਂ ਕਰਨ ਨਾਲ ਕੈਮੀਕਲ ਅਤੇ ਹੋਰ ਕੀੜੇਮਾਰ ਜ਼ਹਿਰਾਂ ਸਿੱਧਾ ਧਰਤੀ 'ਚ ਚਲੀਆਂ ਜਾਂਦੀਆਂ ਹਨ, ਜਿਸ ਨਾਲ ਧਰਤੀ ਹੇਠਲਾ ਪਾਣੀ ਜ਼ਹਿਰੀਲਾ ਹੋ ਜਾਂਦਾ ਹੈ ਅਤੇ ਆਉਣ ਵਾਲੇ ਸਮੇਂ 'ਚ ਇਸਦੇ ਭਿਆਨਕ ਨਤੀਜੇ ਭੁਗਤਣੇ ਪੈ ਸਕਦੇ ਹਨ। ਮੁੱਖ ਖੇਤੀਬਾੜੀ ਅਫਸਰ ਨੇ ਜ਼ਿਲੇ 'ਚ ਪੈਸਟੀਸਾਈਡਜ਼ ਡੀਲਰਾਂ ਨਾਲ ਮੀਟਿੰਗਾਂ ਕਰ ਕੇ ਉਕਤ 9 ਦਵਾਈਆਂ ਦੀ ਸੇਲ ਨਾ ਕਰਨ ਸਬੰਧੀ ਵੀ ਹਦਾਇਤਾਂ ਜਾਰੀ ਕੀਤੀਆਂ ਅਤੇ ਇਹ ਵੀ ਯਕੀਨੀ ਬਣਾਇਆ ਗਿਆ ਕਿ ਹਰ ਕੀੜੇਮਾਰ ਦਵਾਈ ਦਾ ਬਿੱਲ ਕਿਸਾਨ ਨੂੰ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਕਿਸਾਨ ਹਮੇਸ਼ਾਂ ਖੇਤੀ ਮਾਹਿਰਾਂ ਦੀ ਰਾਇ ਨਾਲ ਹੀ ਆਪਣੀ ਬਾਸਮਤੀ ਦੀ ਫਸਲ 'ਤੇ ਖਾਦਾਂ ਅਤੇ ਕੀੜੇਮਾਰ ਦਵਾਈਆਂ ਦਾ ਸਪਰੇਅ ਕਰਨ ਤਾਂ ਕਿ ਕਿਸਾਨ ਵੀਰ ਆਪਣੀ ਫਸਲ ਦਾ ਵੱਧ ਤੋਂ ਵੱਧ ਰੇਟ ਪ੍ਰਾਪਤ ਕਰ ਸਕਣ।
 


Karan Kumar

Content Editor

Related News