ਸਿਹਤ ਮੰਤਰੀ ਨੇ 5 ਐਡਵਾਂਸ ਲਾਈਫ ਸੇਵਿੰਗ ਐਂਬੂਲੈਂਸਾਂ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ

Friday, Jul 24, 2020 - 12:22 AM (IST)

ਸਿਹਤ ਮੰਤਰੀ ਨੇ 5 ਐਡਵਾਂਸ ਲਾਈਫ ਸੇਵਿੰਗ ਐਂਬੂਲੈਂਸਾਂ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ

ਚੰਡੀਗੜ੍ਹ : ਕੋਰੋਨਾ ਮਹਾਂਮਾਰੀ ਦੇ ਸੰਕਟਕਾਲੀ ਦੌਰ 'ਚ ਫੌਰੀ ਐਮਰਜੈਂਸੀ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਦੇ ਮੱਦੇਨਜ਼ਰ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਅੱਜ 5 ਐਡਵਾਂਸ ਲਾਈਫ ਸੇਵਿੰਗ ਐਂਬੂਲੈਂਸਾਂ ਦੀ ਸ਼ੁਰੂਆਤ ਕੀਤੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਹਤ ਮੰਤਰੀ ਨੇ ਕਿਹਾ ਕਿ ਸਰਕਾਰੀ ਹਸਪਤਾਲਾਂ ਵਿਚ ਐਂਬੂਲੈਂਸਾਂ ਦੀ ਘਾਟ ਨੂੰ ਪੂਰਾ ਕਰਨ ਹਿੱਤ  
ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ 17 ਏ. ਐਲ. ਐਸ ਅਤੇ 60 ਬੀ. ਐਲ. ਐਸ. ਐਂਬੂਲੈਂਸਾਂ ਖਰੀਦਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਕਿਹਾ ਮੇਕ ਇਨ ਪੰਜਾਬ ਪਾਲਿਸੀ ਨੂੰ ਧਿਆਨ ਵਿਚ ਰੱਖਦਿਆਂ ਜੈਮ ਪੋਰਟਲ ਰਾਹੀਂ ਮੈਸਰਜ਼ ਐਸ.ਐਮ.ਐਲ. ਇਸੂਜ ਲਿਮਟਡ ਨੂੰ ਇਨ੍ਹਾਂ ਐਂਬੂਲੈਂਸਾਂ ਦਾ ਆਰਡਰ ਦਿੱਤਾ ਗਿਆ ਸੀ, ਜਿਸ ਤਹਿਤ 5 ਐਡਵਾਂਸ ਲਾਈਫ ਸੇਵਿੰਗ ਐਂਬੂਲੈਂਸਾਂ ਅੱਜ ਪ੍ਰਾਪਤ ਹੋਈਆਂ ਹਨ।
ਮੰਤਰੀ ਨੇ ਕਿਹਾ ਕਿ ਸਾਰੀਆਂ 17 ਏ. ਐਲ. ਐਸ. ਐਂਬੂਲੈਂਸਾਂ ਜੀਵਨ ਬਚਾਉਣ ਵਾਲੇ ਉਪਕਰਣਾਂ ਜਿਵੇਂ ਵੈਂਟੀਲੇਟਰਾਂ, ਡਿਫਿਬ੍ਰਿਲੇਟਰਾਂ, ਮਲਟੀ-ਪੈਰਾ ਮਰੀਜ਼ਾਂ ਦੀ ਨਿਗਰਾਨੀ, ਸੱਕਸ਼ਨ ਮਸ਼ੀਨ, ਨਿਬੂਲਾਈਜ਼ਰਜ਼ ਆਦਿ ਨਾਲ ਪੂਰੀ ਤਰ੍ਹਾਂ ਲੈਸ ਹਨ। ਇਨ੍ਹਾਂ ਐਂਬੂਲੈਂਸਾਂ ਦੀ ਡਿਲੀਵਰੀ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਬਾਕੀ ਰਹਿੰਦੀਆਂ ਐਂਬੂਲਲੈਂਸਾਂ ਇੱਕ ਮਹੀਨੇ ਦੇ ਅੰਦਰ ਪ੍ਰਾਪਤ ਹੋ ਜਾਣਗੀਆਂ । ਉਨ੍ਹਾਂ ਕਿਹਾ ਕਿ ਅੱਜ ਦੀ ਤਾਰੀਕ ਵਿੱਚ ਪੰਜਾਬ ਕੋਲ 5 ਏ. ਐਲ. ਐਸ. ਅਤੇ 245 ਬੀ. ਐਲ. ਐਸ. ਐਂਬੂਲੈਂਸਾਂ ਮੌਜੂਦ ਹਨ, ਜਿਨ੍ਹਾਂ ਨੂੰ ਪਹਿਲਾਂ ਹੀ ਰਣਨੀਤਕ ਥਾਵਾਂ 'ਤੇ ਭੇਜਿਆ ਗਿਆ ਹੈ ਅਤੇ 108 ਕਾਲ ਸੈਂਟਰ ਨਾਲ ਜੋੜਿਆ ਗਿਆ ਹੈ। ਸਿੱਧੂ ਨੇ ਕਿਹਾ ਕਿ ਇਹ ਐਂਬੂਲੈਂਸਾਂ ਸਾਹ ਲੈਣ ਵਿੱਚ ਤਕਲੀਫ ਅਤੇ ਹੋਰ ਗੰਭੀਰ ਸਮੱਸਿਆਵਾਂ ਵਾਲੇ ਮਰੀਜ਼ਾਂ ਲਈ ਜੀਵਨ ਰੱਖਿਅਕ ਸਾਬਤ ਹੋਣਗੀਆਂ। ਉਨ੍ਹਾਂ ਕਿਹਾ ਕਿ ਅਸੀਂ ਇਹ ਯਕੀਨੀ ਬਣਾ ਰਹੇ ਹਾਂ ਕਿ ਐਮਰਜੈਂਸੀ ਐਂਬੂਲੈਂਸਾਂ ਸ਼ਹਿਰੀ ਖੇਤਰਾਂ ਵਿੱਚ 20 ਮਿੰਟ ਦੇ ਅੰਦਰ ਅਤੇ ਪੇਂਡੂ ਖੇਤਰਾਂ ਵਿੱਚ 30 ਮਿੰਟ ਦੇ ਅੰਦਰ-ਅੰਦਰ ਪਹੁੰਚ ਸਕਣ।


 


author

Deepak Kumar

Content Editor

Related News