ਓਵਰਲੋਡਿਡ ਵਾਹਨਾਂ ਕਾਰਨ ਰੋਜ਼ਾਨਾ ਵਾਪਰ ਰਹੇ ਨੇ ਹਾਦਸੇ
Thursday, Oct 25, 2018 - 04:38 AM (IST)

ਮੰਡੀ ਲੱਖੇਵਾਲੀ/ਸ੍ਰੀ ਮੁਕਤਸਰ ਸਾਹਿਬ, (ਸੁਖਪਾਲ, ਪਵਨ)- ਸਡ਼ਕਾਂ ’ਤੇ ਸ਼ਰੇਆਮ ਚੱਲ ਰਹੇ ਓਵਰਲੋਡਿਡ ਵਾਹਨਾਂ ਕਾਰਨ ਰੋਜ਼ਾਨਾ ਹਾਦਸੇ ਵਾਪਰ ਰਹੇ ਹਨ ਅਤੇ ਇਨ੍ਹਾਂ ਹਾਦਸਿਆਂ ’ਚ ਜਿਥੇ ਕਈ ਮੌਤਾਂ ਹੁੰਦੀਆਂ ਹਨ, ਉੱਥੇ ਹੀ ਕਈ ਜ਼ਖ਼ਮੀ ਹੋ ਜਾਂਦੇ ਹਨ। ਭਾਵੇਂ ਮੋਟਰ ਵ੍ਹੀਕਲ ਐਕਟ-2015 ਅਨੁਸਾਰ ਸਡ਼ਕਾਂ ’ਤੇ ਚੱਲਣ ਵਾਲੇ ਓਵਰਲੋਡਿਡ ਵਾਹਨ ਚਾਲਕਾਂ ਵਿਰੁੱਧ ਪ੍ਰਸ਼ਾਸਨ ਤੇ ਸਬੰਧਤ ਵਿਭਾਗ ਸਖ਼ਤ ਕਾਰਵਾਈ ਕਰ ਸਕਦਾ ਹੈ ਪਰ ਇਨ੍ਹਾਂ ਵਾਹਨਾਂ ਦੇ ਚਾਲਕ ਕਿਸੇ ਦੀ ਵੀ ਪ੍ਰਵਾਹ ਨਹੀਂ ਕਰ ਰਹੇ। ਕਈ ਵਾਰ ਟਰੈਫਿਕ ਵੀ ਜਾਮ ਹੋ ਜਾਂਦਾ ਹੈ ਪਰ ਇਸ ਦੇ ਬਾਵਜੂਦ ਜ਼ਿਲਾ ਪ੍ਸ਼ਾਸਨ ਵੱਲੋਂ ਇਨ੍ਹਾਂ ਵਾਹਨ ਚਾਲਕਾਂ ਖਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਅਤੇ ਡੰਗ ਟਪਾਉਣ ਲਈ ਕਦੇ-ਕਦਾਈ ਇਕ-ਦੋ ਓਵਰਲੋਡਿਡ ਵਾਹਨ ਚਾਲਕਾਂ ਨੂੰ ਰੋਕ ਕੇ ਚਲਾਨ ਕੱਟ ਦਿੱਤਾ ਜਾਂਦਾ ਹੈ, ਜਦਕਿ ਅਜਿਹੇ ਵਾਹਨਾਂ ਦੀ ਸਡ਼ਕਾਂ ਉੱਤੇ ਰੋਜ਼ਾਨਾ ਲੰਘਣ ਦੀ ਗਿਣਤੀ ਬਹੁਤ ਜ਼ਿਆਦਾ ਹੈ। ਬੋਰੀਆਂ ਨਾਲ ਲੱਦੇ ਹੋਏ ਟਰੱਕ ਅਤੇ ਟਰੈਕਟਰ-ਟਰਾਲੀਆਂ ਵੱਡੇ ਜਾਮ ਦਾ ਕਾਰਨ ਬਣਦੀਅਾਂ ਹਨ ਅਤੇ ਟਰੈਕਟਰਾਂ ਪਿੱਛੇ ਦੋ-ਦੋ ਟਰਾਲੀਆਂ ਜੋੜ ਕੇ ਵੀ ਕਈ ਚਾਲਕ ਟਰੈਫਿਕ ਨਿਯਮਾਂ ਦੀਆਂ ਧੱਜੀਆਂ ਉਡਾ ਰਹੇ ਹਨ।
ਕੀ ਕਹਿਣਾ ਹੈ ਸਮਾਜ ਸੇਵੀਅਾਂ ਦਾ
ਸਮਾਜ ਸੇਵਕ ਸ਼ੇਰਬਾਜ ਸਿੰਘ ਲੱਖੇਵਾਲੀ, ਕਰਮਜੀਤ ਸਿੰਘ ਸਮਾਘ, ਨਵਦੀਪ ਸਿੰਘ ਸੁੱਖੀ, ਪ੍ਰਗਟ ਸਿੰਘ ਜੰਬਰ ਅਤੇ ਪ੍ਰਿੰ. ਸਾਧੂ ਸਿੰਘ ਰੋਮਾਣਾ ਨੇ ਦੱਸਿਆ ਕਿ ਸਰਕਾਰ ਅਤੇ ਸਬੰਧਤ ਵਿਭਾਗ ਹਰ ਸਾਲ ਜਨਵਰੀ ਦੇ ਮਹੀਨੇ ਸਡ਼ਕ ਸੁਰੱਖਿਆ ਹਫ਼ਤਾ ਮਨਾਉਂਦਾ ਹੈ। ਉਨ੍ਹਾਂ ਕਿਹਾ ਕਿ ਸਕੂਲਾਂ, ਕਾਲਜਾਂ ਵਿਚ ਸੈਮੀਨਾਰ ਕਰਵਾ ਲਏ ਜਾਂਦੇ ਹਨ ਪਰ ਜਦੋਂ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਲੋਕਾਂ ਨੂੰ ਰੋਕਣਾ ਹੀ ਨਹੀਂ ਤਾਂ ਅਜਿਹੇ ਸੈਮੀਨਾਰਾਂ ਦਾ ਕੀ ਲਾਭ ਹੈ। ਦੂਜੇ ਪਾਸੇ ਆਮ ਲੋਕਾਂ ਮਹਿੰਦਰ ਸਿੰਘ ਮੈਂਬਰ ਪੰਚਾਇਤ, ਰਾਜਵੀਰ ਸਿੰਘ ਬਰਾਡ਼, ਅੰਮ੍ਰਿਤਪਾਲ ਸਿੰਘ ਬਰਾਡ਼, ਪ੍ਰਿਤਪਾਲ ਸਿੰਘ ਬਰਾਡ਼, ਜਸਵਿੰਦਰ ਸਿੰਘ ਬਰਾਡ਼ , ਰਜਿੰਦਰ ਸਿੰਘ ਬਰਾਡ਼, ਸਰਵਨ ਸਿੰਘ ਬਰਾੜ, ਜਥੇ. ਬਲਕਾਰ ਸਿੰਘ, ਨੀਟਾ ਸਿੰਘ ਆਦਿ ਨੇ ਕਿਹਾ ਕਿ ਸਕੂਟਰਾਂ, ਮੋਟਰਸਾਈਕਲਾਂ, ਕਾਰਾਂ ਦੇ ਚਾਲਕਾਂ ਦੇ ਚਲਾਨ ਤਾਂ ਬਿਨਾਂ ਕਿਸੇ ਗੱਲੋਂ ਮਿੰਟਾਂ ’ਚ ਹੀ ਕੱਟ ਦਿੱਤੇ ਜਾਂਦੇ ਹਨ ਪਰ ਓਵਰਲੋਡਿਡ ਵਾਹਨਾਂ ਦੇ ਚਾਲਕਾਂ ਖਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ।