ਫੈਕਟਰੀ ਵਰਕਰਾਂ ਨਾਲ ਭਰੀ ਬੱਸ ਤੇ ਟਰੱਕ ਦੀ ਟੱਕਰ, 50 ਜ਼ਖਮੀ

Saturday, Dec 01, 2018 - 06:04 AM (IST)

ਫੈਕਟਰੀ ਵਰਕਰਾਂ ਨਾਲ ਭਰੀ ਬੱਸ ਤੇ ਟਰੱਕ ਦੀ ਟੱਕਰ, 50 ਜ਼ਖਮੀ

ਬੀਜਾ, (ਬਿਪਨ, ਬਰਮਾਲੀਪੁਰ)- ਸਰਦੀ ਦੇ ਮੌਸਮ ਦੀ ਪਹਿਲੀ ਧੁੰਦ ਅੱਜ ਉਸ ਵੇਲੇ ਕੁਲਹਿਣੀ ਹੋ ਨਿੱਬਡ਼ੀ ਜਦੋਂ ਬੀਜਾ ਨੇਡ਼ੇ ਫੈਕਟਰੀ ਦੇ ਕਾਮਿਆਂ ਨਾਲ ਭਰੀ ਬੱਸ ਸਡ਼ਕ ਹਾਦਸੇ ਦਾ ਸ਼ਿਕਾਰ ਹੋ ਗਈ ਅਤੇ 50 ਦੇ ਕਰੀਬ ਕਾਮੇ ਜ਼ਖਮੀ ਹੋ ਗਏ। ਜਿਨ੍ਹਾਂ ਨੂੰ ਵੱਖ-ਵੱਖ ਹਸਪਤਾਲਾਂ ’ਚ ਭਰਤੀ ਕਰਵਾਇਆ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਬਰਮਾਲੀਪੁਰ ਤੇ ਜਸਪਾਲੋਂ ਸਥਿਤ ਇਕ ਫੈਕਟਰੀ ’ਚ ਕੰਮ ਕਰਨ ਵਾਲੇ ਲੋਕਾਂ ਨੂੰ ਇਕ ਬੱਸ ਲਿਜਾ ਰਹੀ ਸੀ। ਇਹ ਬੱਸ ਦੇਹਿੜੂ ਨੇਡ਼ੇ ਪਿੰਡ ਮੋਹਨਪੁਰ ਜਰਨੈਲੀ ਸਡ਼ਕ ’ਤੇ ਰੁਕੀ ਹੀ ਸੀ ਕਿ ਪਿੱਛੋਂ ਆ ਰਹੇ ਟਰੱਕ ਨੇ ਉਸ ’ਚ ਟੱਕਰ ਮਾਰ ਦਿੱਤੀ।ਬੱਸ ਅੱਗੇ ਹੋਰ 2 ਵਾਹਨਾਂ ਨਾਲ ਜਾ ਟਕਰਾਈ। ਹਾਦਸੇ ਦੀ ਖਬਰ ਸੁਣਦਿਆਂ ਹੀ ਵੱਡੀ ਗਿਣਤੀ ’ਚ ਪੁਲਸ, ਸਮਾਜ ਸੇਵੀ ਤੇ ਬਚਾਅ ਕਾਰਜ ਸੇਵਾਵਾਂ ਵਾਲੇ ਪਹੁੰਚ ਗਏ। ਹਾਦਸਾਗ੍ਰਸਤ ਬੱਸ ਅੱਗੇ ਖਡ਼੍ਹੀ ਇਕ ਇਨੋਵਾ ਕਾਰ ਨਾਲ ਜਾ ਟਕਰਾਈ, ਜਿਸ ’ਚ ਸਵਾਰ ਲੋਕ ਵੀ ਮਾਮੂਲੀ ਜ਼ਖਮੀ ਹੋ ਗਏ। ਬੱਸ ਸਵਾਰ ਜ਼ਖਮੀਆਂ ਨੂੰ ਸੰਭਾਲ ਕੇ ਖੰਨਾ ਸਮੇਤ ਹੋਰਨਾਂ ਹਸਪਤਾਲਾਂ ’ਚ ਭਰਤੀ ਕਰਵਾਇਆ ਗਿਆ।ਮੌਕੇ ’ਤੇ ਪੁੱਜੇ 108 ਐਂਬੂਲੈਂਸ ਚਾਲਕ ਨੇ ਦੱਸਿਆ ਕਿ ਹਾਦਸੇ ’ਚ 45 ਤੋਂ 50 ਵਿਅਕਤੀ ਜ਼ਖ਼ਮੀ ਹੋਏ, ਜਿਨ੍ਹਾਂ ’ਚੋਂ 4-5 ਗੰਭੀਰ ਜ਼ਖਮੀ ਹੋਏ ਹਨ। ਜ਼ਖਮੀ ਨੂੰ ਇਲਾਜ ਲਈ ਹਸਪਤਾਲ ਭੇਜ ਦਿੱਤਾ ਹੈ। ਇਸ ਸਬੰਧੀ ਥਾਣਾ ਸਦਰ ਖੰਨਾ ਦੇ ਮੁਖੀ ਇੰਸਪੈਕਟਰ ਗੁਰਮੇਲ ਸਿੰਘ ਨੇ ਦੱਸਿਆ ਕਿ  ਜ਼ਖ਼ਮੀਆਂ ਨੂੰ ਨੇਡ਼ਲੇ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਹੈ। ਟਰੱਕ ਦਾ ਚਾਲਕ ਫ਼ਰਾਰ ਹੈ ਤੇ ਉਸ ’ਤੇ ਮਾਮਲਾ ਦਰਜ ਕੀਤਾ ਜਾ ਰਿਹਾ ਹੈ। 


Related News