ਬਾਦਲ ਸਾਹਿਬ ਦੇ ਪੋਤਰੇ, ਪੋਤਰੀਆਂ ਤੇ ਦੋਹਤਿਆਂ ਵੱਲੋਂ ਹੰਝੂਆਂ ਨਾਲ ਭਿੱਜਿਆ ਇਕ ਖ਼ਤ

05/06/2023 11:18:04 AM

ਮੁਕਤਸਰ ਸਾਹਿਬ- ਮਰਹੂਮ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਪੋਤਰੇ, ਪੋਤਰੀਆਂ ਤੇ ਦੋਹਤਿਆਂ ਨੇ ਹੰਝੂਆਂ ਨਾਲ ਭਿੱਜਿਆ ਇਕ ਖ਼ਤ ਲਿਖਿਆ ਹੈ। ਜਿਸ 'ਚ ਉਨ੍ਹਾਂ ਲਿਖਿਆ ਹੈ ਕਿ ਸਤਿ ਸ੍ਰੀ ਅਕਾਲ ਦਾਦਾ ਜੀ/ਨਾਨਾ ਜੀ ਸਾਨੂੰ ਛੱਡ ਕੇ ਗਿਆਂ ਨੂੰ ਤੁਹਾਨੂੰ 11 ਦਿਨ ਹੋ ਗਏ ਹਨ ਪਰ ਅਜੇ ਵੀ ਇਹ ਗੱਲ ਸੱਚੀ ਨਹੀਂ ਲੱਗਦੀ ਕਿ ਤੁਸੀਂ ਸਾਡੇ 'ਚੋਂ ਸਦਾ ਲਈ ਚਲੇ ਗਏ ਹੋ। ਅੱਜ ਜਦੋਂ ਅਸੀਂ ਸੱਤੇ ਜਣੇ ਤੁਹਾਡੇ ਕਮਰੇ ਵਿਚ ਦਾਖ਼ਲ ਹੋਏ ਤਾਂ ਸਾਡੀਆਂ ਅੱਖਾਂ ਉਸ ਵਕਤ ਹੰਝੂਆਂ ਨਾਲ ਨਮ ਹੋ ਗਈਆਂ, ਜਦੋਂ ਦੇਖਿਆ ਕਿ ਤੁਹਾਡੀ ਪਸੰਦੀਦਾ ਕੁਰਸੀ ਵਿਚ ‘ਆਓ ਬੇਟਾ ਜੀ’ ਕਹਿ ਕੇ ਸਾਡਾ ਸਵਾਗਤ ਕਰਨ ਵਾਲਾ ਤੁਹਾਡਾ ਅਜ਼ੀਜ਼ ਚਿਹਰਾ ਗ਼ੈਰ-ਹਾਜ਼ਰ ਸੀ।

ਤੁਹਾਡੇ ਮੋਹ, ਮੁਹੱਬਤ ਦੇ ਪਰਛਾਵੇਂ ਵਿਚ ਸਾਡਾ ਵੱਡਾ ਹੋਣਾ, ਸਾਡੀ ਜ਼ਿੰਦਗੀ ਦਾ ਇਕੋ-ਇਕ ਸਭ ਤੋਂ ਵੱਡਾ ਸਨਮਾਨ ਅਤੇ ਦੌਲਤ ਹੈ। ਤੁਸੀਂ ਉਹ ਛੱਤਰੀ ਸੀ ਜਿਸ ਹੇਠ ਅਸੀਂ ਸਾਰੇ ਇਕੱਠੇ ਜ਼ਿੰਦਗੀ ਦੇ ਬਰਫੀਲੇ ਝੱਖੜਾਂ ਤੇ ਮੁਸ਼ਕਿਲਾਂ ਤੋਂ ਪੂਰੀ ਤਰ੍ਹਾਂ ਮਹਿਫੂਜ਼ ਸੀ। ‘ਬਾਦਲ ਸਾਹਿਬ ਦੇ ਪੋਤਰੇ-ਪੋਤਰੀਆਂ ਅਤੇ ਦੋਹਤੇ’ ਹੋਣਾ ਸਾਡੀ ਬੁਨਿਆਦੀ ਪਛਾਣ ਸੀ ਅਤੇ ਹਮੇਸ਼ਾ ਹੀ ਸਾਡਾ ਇਹ ਤੁਆਰਫ ਜੋ ਸਾਡੇ ਨੌਜਵਾਨ ਨਾ-ਚੀਜ਼ ਚਿਹਰਿਆਂ ਨੂੰ ਮਣਾਂ-ਮੂੰਹੀ ਪਿਆਰ ਤੇ ਸਤਿਕਾਰ ਦਿਵਾਉਂਦਾ ਹੈ, ਉਹ ਤੁਹਾਡੀ ਜ਼ਿੰਦਗੀ ਭਰ ਦੀ ਕਮਾਈ ਦਾ ਹੀ ਨਤੀਜਾ ਹੈ।

ਜਿਵੇਂ-ਜਿਵੇਂ ਅਸੀਂ ਵੱਡੇ ਅਤੇ ਸਿਆਣੇ ਹੁੰਦੇ ਗਏ, ਸਾਨੂੰ ਇਸ ਗੱਲ ਦਾ ਅਹਿਸਾਸ ਹੋ ਗਿਆ ਕਿ ਅਸੀਂ ਤੁਹਾਡੀ ਜ਼ਿੰਦਗੀ ਦੇ ਮੋਹ, ਮੁਹੱਬਤ ਦੇ ਰਿਸ਼ਤਿਆਂ ਦੇ ਕੇਂਦਰ ’ਚ ਇਕਲੌਤੇ ਨਹੀਂ ਹਾਂ। ਅਸੀਂ ਪੰਜਾਬ ਭਰ ਵਿਚ ਹਜ਼ਾਰਾਂ ਲੋਕਾਂ ਨੂੰ ਮਿਲੇ, ਜਿਨ੍ਹਾਂ ਕੋਲ ਇਕਲੌਤਾ ਤੁਹਾਡਾ ਪਿਆਰ ਅਤੇ ਸਨੇਹ ਹੀ ਇਕ ਮਾਣਮੱਤਾ ਰਿਸ਼ਤਾ ਸੀ। ਇਹ ਸਭ ਰਿਸ਼ਤੇ ਆਪ ਜੀ ਦੀ ਦੁਵੱਲੀ ਮੁਹੱਬਤੀ ਸਾਂਝ ਉੱਤੇ ਹੀ ਟਿਕੇ ਹੋਏ ਹਨ। ਇਨ੍ਹਾਂ ਮੁਹੱਬਤੀ ਰਿਸ਼ਤਿਆਂ ਤੇ ਸਾਂਝਾਂ ਨੂੰ ਪੈਦਾ ਕਰਨ ਅਤੇ ਨਿਭਾਉਣ ਵਿਚ ਤੁਹਾਡੀ ਅਸਾਧਾਰਨ ਯੋਗਤਾ, ਇਨ੍ਹਾਂ ਸਭ ਰਿਸ਼ਤਿਆਂ ਲਈ ਤੁਹਾਡੀ ਇਕ ਆਵਾਜ਼ ਉੱਤੇ ਹੱਦ ਤੋਂ ਵੱਧ ਹਾਜ਼ਰ ਰਹਿਣ ਦੀ ਖੂਬੀ, ਅਸੀਂ ਸ਼ਾਇਦ ਹੀ ਦੁਬਾਰਾ ਨਿਭਾਅ ਸਕੀਏ।

ਤੁਸੀਂ ਆਪਣੇ ਆਲੇ-ਦੁਆਲੇ ਦੇ ਹਰ ਇਨਸਾਨ ਨੂੰ ਖਾਸ ਹੋਣ ਦਾ ਅਹਿਸਾਸ ਕਰਵਾਇਆ, ਭਾਵੇਂ ਉਹ ਤੁਹਾਡੇ ਪਰਿਵਾਰਕ ਮੈਂਬਰ ਸਨ ਜਾਂ ਘਰੇਲੂ ਕੰਮ ਕਰਨ ਵਾਲੇ ਸਹਿਯੋਗੀ, ਖੇਤਾਂ ’ਚ ਕੰਮ ਕਰਨ ਵਾਲੇ ਕਿਰਤੀ-ਕਾਮੇ, ਪਾਰਟੀ ਵਰਕਰ ਜਾਂ ਤੁਹਾਡੇ ਰਾਜਨੀਤਕ ਸਹਿਯੋਗੀ, ਤੁਹਾਡੇ ਕੋਲ ਹਰ ਕਿਸੇ ਨੂੰ ਖ਼ਾਸ ਹੋਣ ਦਾ ਅਹਿਸਾਸ ਕਰਵਾਉਣ ਦਾ ਇਕ ਹੁਨਰ ਸੀ, ਜਿਸ ਕਰ ਕੇ ਤੁਹਾਡੇ ਨਾਲ ਜੁੜੇ ਹਰ ਬੰਦੇ ਦਾ ਤੁਹਾਡੇ ਨਾਲ ਇਕ ਖ਼ਾਸ ਰਿਸ਼ਤਾ ਸੀ। ਤੁਹਾਡੇ ਪੋਤਰੇ-ਪੋਤਰੀਆਂ ਹੋਣ ਦੇ ਨਾਤੇ ਸਾਡੇ ਨਾਲੋਂ ਵੱਧ ਇਸ ਗੱਲ ਨੂੰ ਹੋਰ ਕੌਣ ਜਾਣ ਸਕਦਾ ਹੈ । ਤੁਸੀਂ ਸਾਡੀਆਂ ਖ਼ੁਸ਼ੀਆਂ ਪੂਰੀਆਂ ਕਰਨ ਲਈ ਕਿਸੇ ਵੀ ਹੱਦ ਤਕ ਚਲੇ ਜਾਂਦੇ ਸੀ। ਸਾਡੇ ਮਨਪਸੰਦ ਖਾਣੇ ਬਣਵਾਉਣ ਤੋਂ ਲੈ ਕੇ ਤੁਹਾਡਾ ਸਾਡੀ ਸਿਹਤ ਬਾਰੇ ਵਾਰ-ਵਾਰ ਪੁੱਛਦੇ ਰਹਿਣਾ ਕਿ ਕਿਤੇ ਸਾਨੂੰ ਸਿਹਤ ਸਬੰਧੀ ਕੋਈ ਸਮੱਸਿਆ ਤਾਂ ਨਹੀਂ, ਸਾਨੂੰ ਬਾਖ਼ੂਬੀ ਯਾਦ ਹੈ। ਜਿਸ ਅਥਾਹ ਪਿਆਰ, ਆਪਣੇਪਨ ਅਤੇ ਸੁਰੱਖਿਆ ਦੀ ਸ਼ਕਤੀਸ਼ਾਲੀ ਭਾਵਨਾ ਨਾਲ ਤੁਸੀਂ ਸਾਡੀ ਪਰਵਰਿਸ਼ ਕੀਤੀ, ਉਹ ਅੱਜ ਸਾਡੇ ਕੋਲੋਂ ਸਦਾ ਲਈ ਖੁਸ ਗਿਆ ਹੈ।

ਇਹ ਵੀ ਪੜ੍ਹੋ- ਭਿਆਨਕ ਹਾਦਸੇ ਨੇ ਉਜਾੜਿਆ ਪਰਿਵਾਰ, ਅਣਪਛਾਤੇ ਵਾਹਨ ਦੀ ਟੱਕਰ 'ਚ ਨੌਜਵਾਨ ਦੀ ਮੌਤ

ਭਾਵੇਂ ਤੁਸੀਂ ਕਿੰਨੇ ਵੀ ਮਸਰੂਫ਼ ਹੁੰਦੇ ਸੀ ਪਰ ਤੁਸੀਂ ਸਾਡੀ ਹਰ ਨਿੱਕੀ-ਵੱਡੀ ਉਲਝਣ ਤੇ ਸਮੱਸਿਆ ਪ੍ਰਤੀ ਸਾਨੂੰ ਇਹ ਯਕੀਨ ਦਿਵਾਇਆ ਕਿ ਸਾਡੀਆਂ ਸਭ ਸਮੱਸਿਆਵਾਂ ਤੁਹਾਡੀਆਂ ਹਨ। ਪੇਪਰਾਂ ਦੇ ਤਣਾਅ ਅਤੇ ਸਕੂਲ ਦੀ ਬੱਚਿਆਂ ਵਾਲੀ ਡਰਾਮੇਬਾਜ਼ੀ ਤੋਂ ਲੈ ਕੇ ਜ਼ਿੰਦਗੀ ਦੇ ਵੱਡੇ ਫ਼ੈਸਲਿਆਂ ਤੱਕ ਤੁਸੀਂ ਬੜੇ ਠਰ੍ਹੰਮੇ ਨਾਲ ਸਾਡੀ ਗੱਲ ਸੁਣੀ ਤੇ ਸਾਨੂੰ ਯੋਗ ਅਗਵਾਈ ਦਿੱਤੀ।

ਜਿਸ ਗੱਲ ਨੇ ਤੁਹਾਨੂੰ ਇੰਨਾ ਖ਼ਾਸ ਬਣਾਇਆ, ਉਹ ਇਹ ਸੀ ਕਿ ਤੁਸੀਂ ਸਿਰਫ਼ ਸਾਡੇ ਲਈ ਹੀ ਇਕ ਮਦਦਗਾਰ, ਮਾਰਗਦਰਸ਼ਕ ਤੇ ਆਸ ਦੀ ਕਿਰਨ ਨਹੀਂ ਸੀ ਸਗੋਂ ਤੁਸੀਂ ਲੱਖਾਂ ਲੋਕਾਂ ਦੇ ਚਾਨਣ-ਮੁਨਾਰੇ ਸੀ। ਤੁਹਾਡੇ ਨਾਲ ਹਰ ਗੱਲਬਾਤ ਰਾਹੀਂ ਅਸੀਂ ਤੁਹਾਡੀ ਵਿਵੇਕਸ਼ੀਲਤਾ ਤੇ ਬੁੱਧੀਮਤਾ ਤੋਂ ਕੁਝ ਸਿੱਖਣ ਦੀ ਉਮੀਦ ਕਰਦੇ ਸੀ, ਤਾਂ ਕਿ ਅਸੀਂ ਵੀ ਤੁਹਾਡੇ ਵਰਗੇ ਬਣ ਸਕੀਏ ਪਰ ਇਹ ਗੱਲ ਸ਼ਬਦਾਂ ’ਚ ਬਿਆਨ ਨਹੀਂ ਹੋ ਸਕਦੀ ਕਿ ਤੁਸੀਂ ਕਿਵੇਂ ਸਾਨੂੰ ਆਪਣੇ ਕਾਰਜਾਂ ਰਾਹੀਂ ਜਿਊਣਾ ਸਿਖਾਇਆ। ਤੁਸੀਂ ਸਾਨੂੰ ਹਮੇਸ਼ਾ ਉਦਾਹਰਣ ਦੇ ਕੇ ਸਮਝਾਇਆ। ਤੁਹਾਡੇ ਵਿਚ ਇੰਨੀ ਨਿਮਰਤਾ ਤੇ ਸਾਦਗੀ ਸੀ ਕਿ ਤੁਸੀਂ ਝੱਟ ਹੀ ਕਹਿ ਦਿੰਦੇ ਸੀ ‘‘ਮੈਂ ਇੰਨਾ ਲਾਇਕ ਨਹੀਂ ਸੀ ਪਰ ਗੁਰੂ ਸਾਹਿਬ ਨੇ ਮੈਨੂੰ ਬਹੁਤ ਕੁਝ ਬਖਸ਼ਿਆ ਹੈ’’। 
ਤੁਹਾਡੀ ਵਿਚਾਰਧਾਰਾ ਦਾ ਇਹੀ ਮੁੱਖ ਸਿਧਾਂਤ ਸੀ ਕਿ ਜਿਸ ਬੰਦੇ ਨੂੰ ਪ੍ਰਮਾਤਮਾ ਸਭ ਤੋਂ ਵੱਧ ਦਿੰਦਾ ਹੈ ਉਸ ਤੋਂ ਹੀ ਪ੍ਰਮਾਤਮਾ ਸਭ ਤੋਂ ਜ਼ਿਆਦਾ ਉਮੀਦ ਵੀ ਕਰਦਾ ਹੈ। ਤੁਹਾਡੀਆਂ ਇਨ੍ਹਾਂ ਗੱਲਾਂ ਨੇ ਸਾਡੇ ਅੰਦਰ ਸਮਾਜ ਅਤੇ ਮਨੁੱਖਤਾ ਪ੍ਰਤੀ ਫਰਜ਼ਾਂ ਨੂੰ ਪਛਾਣਨ ਦੀ ਭਾਵਨਾ ਪੈਦਾ ਕੀਤੀ ਅਤੇ ਅਸੀਂ ਇਹ ਮਹਿਸੂਸ ਕੀਤਾ ਕਿ ਵਿਸ਼ੇਸ਼ ਅਧਿਕਾਰ ਪ੍ਰਾਪਤ ਹੋਣ ਦਾ ਮਤਲਬ ਹੈ ਕਿ ਅਸੀਂ ਮਨੁੱਖ ਜਾਤੀ ਦੇ ਕਰਜ਼ਦਾਰ ਹਾਂ ਤੇ ਸਾਡਾ ਜੀਵਨ ਸਾਡੇ ਲੋਕਾਂ ਦੀ ਸੇਵਾ ਲਈ ਸਮਰਪਿਤ ਹੋਣਾ ਚਾਹੀਦਾ ਹੈ। ਤੁਹਾਡੀ ਇਸ ਗੱਲ ਨੇ ਸਾਡੀ ਸੋਚ ਤੇ ਹਿਰਦੇ ਨੂੰ ਟੁੰਬਿਆ ਕਿ ਨੇਕ ਕੰਮ ਬਿਨਾਂ ਕਿਸੇ ਲਾਲਸਾ ਤੋਂ ਕਰਨੇ ਚਾਹੀਦੇ ਹਨ। ‘‘ਸੇਵਾ ਕਰੋ ਤੇ ਭੁੱਲ ਜਾਓ’’ ਕਿਉਂਕਿ ਸਮਾਜ ਸੇਵਾ ਸਾਡਾ ‘ਫਰਜ਼’ ਹੈ, ਇਸ ਲਈ ਫਰਜ਼ ਬਿਨਾਂ ਕਿਸੇ ਤਰ੍ਹਾਂ ਦੀ ਉਮੀਦ ਤੋਂ ਹੀ ਨਿਭਾਏ ਜਾਣੇ ਚਾਹੀਦੇ ਹਨ।

“ਆਪਣੀ ਲਕੀਰ ਵੱਡੀ ਕਰੋ ਦੂਜਿਆਂ ਦੀ ਨਾ ਦੇਖੋ’’, ਇਹ ਕਹਿ ਕੇ ਤੁਸੀਂ ਸਾਨੂੰ ਦੂਸਰਿਆਂ ਵੱਲ ਨਾ ਦੇਖ ਕੇ ਆਪਣੇ ਮਾਰਗ ਅਤੇ ਨਿਸ਼ਾਨੇ ’ਤੇ ਕੇਂਦਰਿਤ ਹੋਣ ਲਈ ਪ੍ਰੇਰਿਤ ਕਰਦੇ ਸੀ। ਤੁਸੀਂ ਸਮੇਂ ਦੇ ਪਾਬੰਦ ਰਹਿ ਕੇ, ਮਿਹਨਤ ਅਤੇ ਅਨੁਸ਼ਾਸਨ ਨਾਲ ਆਪਣੇ-ਆਪ ਨੂੰ ਵਿਲੱਖਣਤਾ ਸਹਿਤ ਸਥਾਪਤ ਕੀਤਾ। ਤੁਸੀਂ ਸਾਡੀ ਪੜ੍ਹਾਈ (ਖਾਸ ਕਰ ਕੇ ਕੁੜੀਆਂ ਦੀ ਪੜ੍ਹਾਈ) ਨੂੰ ਪਹਿਲ ਦਿੱਤੀ ਅਤੇ ਕਿਹਾ ‘‘ਜਿੰਨਾ ਪੜ੍ਹ ਲਓ ਓਨਾ ਘੱਟ ਹੈ’’ ਪਰ ਸਭ ਤੋਂ ਮਹੱਤਵਪੂਰਨ ਸੀ ਕਿ “ਸਿਰੇ ਦੀ ਪੜ੍ਹਾਈ ਕਰੋ, ਫਿਰ ਵਾਪਸ ਪੰਜਾਬ ਆਓ ਤਾਂ ਜੋ ਆਪਣੇ ਪੁਰਖਿਆਂ ਦੀ ਮਿੱਟੀ ਦੀ ਸੇਵਾ ਕਰ ਸਕੋ’’। ਪੰਜਾਬ ਲਈ ਅਥਾਹ ਪਿਆਰ ਅਤੇ ਨਿਮਰਤਾ ਦੀ ਇਹ ਭਾਵਨਾ ਉਹ ਚੀਜ਼ ਹੈ ਜੋ ਅਸੀਂ ਆਪਣੇ ਅਖੀਰਲਿਆਂ ਸਵਾਸਾਂ ਤਕ ਸਾਂਭ ਕੇ ਰੱਖਾਂਗੇ।

ਇਹ ਵੀ ਪੜ੍ਹੋ- ਟ੍ਰੈਫ਼ਿਕ ਨਿਯਮ ਤੋੜਣ ਵਾਲਿਆਂ ਦੀ ਹੁਣ ਖੈਰ ਨਹੀਂ, ਉਲੰਘਣਾ ਕਰਨ ’ਤੇ ਵਟਸਐਪ 'ਤੇ ਮਿਲੇਗੀ 'ਖ਼ੁਸ਼ਖ਼ਬਰੀ'

ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਪਛਾਣ ਇਹ ਨਹੀਂ ਕਿ ਉਨ੍ਹਾਂ ਕੀ ਕੀਤਾ ਸਗੋਂ ਇਹ ਹੈ ਕਿ ਕਿਹੜਾ ਕੰਮ ਹੈ ਜੋ ਉਨ੍ਹਾਂ ਨਹੀਂ ਕੀਤਾ। ਉਨ੍ਹਾਂ ਨੂੰ ਇਸੇ ਕਰ ਕੇ ਇਸ ਬਾਰੇ ਕੋਈ ਸਵਾਲ ਨਹੀਂ ਸੀ ਕਰ ਸਕਦੇ ਕਿਉਂਕਿ ਉਹ ਆਪਣੇ ਕੰਮਾਂ ਰਾਹੀਂ ਲੋਕ ਦਿਲਾਂ ਵਿਚ ਜਿਊਂਦੇ ਸਨ। ਤੁਸੀਂ ਹਮੇਸ਼ਾ ਸਭ ਨੂੰ ਪਿਆਰ, ਹਲੀਮੀ ਤੇ ਸਤਿਕਾਰ ਨਾਲ ਪੇਸ਼ ਆਉਂਦੇ ਸੀ, ਕਦੇ ਵੀ ਕਿਸੇ ਨੂੰ ‘ਜੀ’ ਤੋਂ ਬਿਨਾਂ ਮੁਖ਼ਾਤਿਬ ਨਹੀਂ ਹੁੰਦੇ ਸੀ। ਜਦੋਂ ਤੁਸੀਂ ICU ਵਿਚ ਸੀ ਤਾਂ ਦਰਦ ਵਿਚ ਜੇ ਕਦੇ ਤੁਹਾਡੀ ਜ਼ੁਬਾਨ ਫ਼ਿਸਲ ਗਈ ਹੋਵੇ ਤਾਂ ਤੁਸੀਂ ਉਸੇ ਵੇਲੇ ਨਰਸਾਂ ਕੋਲੋਂ ‘ਸੌਰੀ ਬੇਟਾ’ ਕਹਿ ਕੇ ਮੁਆਫ਼ੀ ਮੰਗ ਲੈਂਦੇ ਸੀ। ਤੁਹਾਡੀ ਦੇਖਭਾਲ ਲਈ ਆਉਂਦੇ ਸਟਾਫ਼ ਦਾ ਤੁਸੀਂ ਰੋਜ਼ ਧੰਨਵਾਦ ਕਰਦੇ ਸੀ। ਤੁਹਾਡੇ ਜਿੰਨਾ ਨਿਮਰ ਤੇ ਦਿਆਲੂ ਕੋਈ ਨਹੀਂ ਹੋ ਸਕਦਾ। ਤੁਸੀਂ ਕੋਮਲ-ਦਿਲ ਅਤੇ ਹਰ ਕਿਸੇ ਦੀ ਇੱਜ਼ਤ ਕਰਨ ਵਾਲੇ ਸੀ, ਤੁਸੀਂ ਹਰ ਕਿਸੇ ਦੀ ਇਸ ਤਰ੍ਹਾਂ ਇੱਜ਼ਤ ਤੇ ਸਨਮਾਨ ਕੀਤਾ ਜਿਵੇਂ ਉਹ ਤੁਹਾਡਾ ਆਪਣਾ ਖਾਸ ਹੋਵੇ।

ਅਸੀਂ ਅੱਜ ਸਾਰੇ ਇੱਥੇ ਇਕੱਠੇ ਬੈਠੇ ਹੋਏ ਹਾਂ ਪਰ ਇੰਨੇ ਬੇਵੱਸ ਹਾਂ ਕਿ ਤੁਹਾਡੇ ਲਈ ਕੁਝ ਵੀ ਨਹੀਂ ਕਰ ਸਕਦੇ। ਅਸੀਂ ਤੁਹਾਡੇ ਨਾਲ ਨੈੱਟਫਲਿਕਸ ’ਤੇ ਦੇਖੀਆਂ ਅਣਗਿਣਤ ਫ਼ਿਲਮਾਂ ਤੇ ਫ਼ਿਲਮਾਂ ਨੂੰ ਦੇਖਦਿਆਂ ਤੁਹਾਡੇ ਪ੍ਰਤੀਕਰਮ, ਤੁਹਾਨੂੰ ਨਵੇਂ ਪਕਵਾਨ ਅਜ਼ਮਾਉਣ ਨੂੰ ਕਹਿਣਾ ਸਾਡੀਆਂ ਉਹ ਅਭੁੱਲ ਯਾਦਾਂ ਹਨ ਜਿਨ੍ਹਾਂ ਨੂੰ ਅਸੀਂ ਅੱਜ ਵੀ ਮਹਿਸੂਸ ਕਰ ਰਹੇ ਹਾਂ। ਇਹ ਯਾਦ ਤਾਂ ਸਾਡੇ ਦਿਲਾਂ ਦੇ ਧੁਰ ਅੰਦਰ ਤੱਕ ਵਸੀ ਹੈ ਕਿ ਤੁਹਾਨੂੰ ਦੁੱਧ ਵਾਲਾ ਘੀਆ ਕਿੰਨਾ ਪਸੰਦ ਸੀ ਅਤੇ ਜਦੋਂ ਤੁਹਾਨੂੰ ਪਤਾ ਲੱਗ ਜਾਂਦਾ ਕਿ ਅੱਜ ਘਰ ਵਿਚ ਦੁੱਧ ਵਾਲਾ ਘੀਆ ਪਕਾਇਆ ਗਿਆ ਹੈ ਤਾਂ ਤੁਹਾਡੇ ਚਿਹਰੇ ’ਤੇ ਕਿੰਨੀ ਵੱਡੀ ਮੁਸਕਰਾਹਟ ਆ ਜਾਂਦੀ ਸੀ। ਭਾਵੇਂ ਤੁਸੀਂ ਦੱਸਦੇ ਸੀ ਕਿ ਤੁਸੀਂ ਮਠਿਆਈਆਂ ਖਾਣ ਦੇ ਸ਼ੌਕੀਨ ਨਹੀਂ ਪਰ ਗਰਮ ਦੁੱਧ ਨਾਲ ਜਲੇਬੀਆਂ ਮਿਲਣ ਸਮੇਂ ਤੁਸੀਂ ਖੁਦ ਨੂੰ ਰੋਕ ਨਹੀਂ ਪਾਉਂਦੇ ਸੀ ਤੇ 5 ਮਿੰਟ ’ਚ ਜਲੇਬੀਆਂ ਦੀ ਪਲੇਟ ਭਰ ਲੈਂਦੇ ਸੀ। ਸਾਨੂੰ ਯਾਦ ਕਰ ਕੇ ਹਾਸਾ ਆ ਰਿਹਾ ਹੈ ਕਿ ਕਿਵੇਂ ਤੁਸੀਂ ਝੂਠ-ਮੂਠ ਦਾ ਨਾਟਕ ਕਰਦੇ ਸੀ ਕਿ ਤੁਹਾਨੂੰ ਸੁਣਦਾ ਨਹੀਂ ਜਦੋਂ ਵੀ ਅਸੀਂ ਤੁਹਾਨੂੰ ਕੋਈ ਵਿਵਾਦਪੂਰਨ ਸਵਾਲ ਪੁੱਛਦੇ ਸੀ। ਤੁਸੀਂ ‘ਧੰਨਵਾਦ ਬੇਟਾ’ ਕਹਿ ਕੇ ਸਾਨੂੰ ਅਲਵਿਦਾ ਕਹਿ ਦਿੰਦੇ ਸੀ ਜਿਵੇਂ ਕਿ ਤੁਹਾਡੇ ਨਾਲ ਸਮਾਂ ਬਿਤਾਉਣ ਲਈ ਤੁਸੀਂ ਸਾਡਾ ਵੀ ਸਨਮਾਨ ਕਰਦੇ ਹੋਵੋ।

ਇਹ ਵੀ ਪੜ੍ਹੋ- ਭਿਆਨਕ ਹਾਦਸੇ ਨੇ ਉਜਾੜਿਆ ਪਰਿਵਾਰ, ਅਣਪਛਾਤੇ ਵਾਹਨ ਦੀ ਟੱਕਰ 'ਚ ਨੌਜਵਾਨ ਦੀ ਮੌਤ

ਕੁਝ ਵਾਅਦੇ ਹਨ ਜੋ ਅਸੀਂ ਸਾਰੇ ਮਿਲ ਕੇ ਤੁਹਾਡੇ ਨਾਲ ਕਰਨਾ ਚਾਹੁੰਦੇ ਹਾਂ। ਜੋ ਪਿਆਰ ਸਾਨੂੰ ਲੋਕਾਂ ਕੋਲੋਂ ਮਿਲ ਰਿਹਾ, ਉਹ ਤੁਹਾਡੀ ਜ਼ਿੰਦਗੀ ਭਰ ਦੀ ਕਮਾਈ ਹੈ ਅਤੇ ਜੇਕਰ ਅਸੀਂ ਉਸ ਨੂੰ ਸਾਂਭ ਲਈਏ ਤਾਂ ਇਹ ਬਹੁਤ ਵੱਡੀ ਗੱਲ ਹੋਵੇਗੀ। ਤੁਸੀਂ ਸਾਨੂੰ ਮੋਹ, ਪਿਆਰ ਵੰਡਣਾ ਸਿਖਾਇਆ ਅਤੇ ਤੁਸੀਂ ਸਾਨੂੰ ਸਿਖਾਇਆ ਕਿ ਸਭ ਧਰਮਾਂ ਦਾ ਅਤੇ ਸਿੱਖ ਧਰਮ ਦਾ ਕੇਂਦਰੀ ਸਿਧਾਂਤ ਸਰਬੱਤ ਦਾ ਭਲਾ, ਵੰਡ ਛਕਣਾ ਅਤੇ ਉਦਾਰਤਾ ਹੈ। ਅਸੀਂ ਤੁਹਾਡੇ ਨਾਲ ਵਾਅਦਾ ਕਰਦੇ ਹਾਂ ਕਿ ਅਸੀਂ ਸਾਰੇ ਜ਼ਿੰਦਗੀ ਭਰ ਇਨ੍ਹਾਂ ਸਭ ਸਿਧਾਂਤਾਂ ਨੂੰ ਆਪਣੀ ਸੋਚ ਅਤੇ ਜੀਵਨ ਪ੍ਰਤੀ ਨਜ਼ਰੀਏ ਦਾ ਹਿੱਸਾ ਬਣਾ ਕੇ ਰੱਖਾਂਗੇ। ਤੁਹਾਡਾ ਗਰੀਬਾਂ, ਲੋੜਵੰਦਾਂ, ਬਜ਼ੁਰਗਾਂ ਤੇ ਨਿਆਸਰਿਆਂ ਪ੍ਰਤੀ ਅਥਾਹ ਮੋਹ, ਬੇਮਿਸਾਲ ਸੇਵਾ ਭਾਵਨਾ ਤੇ ਫ਼ਿਕਰ ਅਤੇ ਇਸ ਫ਼ਿਕਰ ਨੂੰ ਜੀਵਨ ਵਿਚ ਤਬਦੀਲ ਕਰਨ ਦਾ ਵਿਲੱਖਣ ਹੁਨਰ ਸਾਡਾ ਮਾਰਗਦਰਸ਼ਨ ਕਰਦਾ ਰਹੇਗਾ। ਅਸੀਂ ਤੁਹਾਨੂੰ ਨਿੱਜੀ ਤੌਰ ’ਤੇ ਬਿਰਧ ਆਸ਼ਰਮਾਂ ਤੇ ਨਸ਼ਾ ਛੁਡਾਊ ਕੇਂਦਰਾਂ ਵਿਚ ਜਾਂਦਿਆਂ ਦੇਖਿਆ ਹੈ ਅਤੇ ਜੋ ਮੋਹ-ਪਿਆਰ ਉੱਥੇ ਜਾ ਕੇ ਤੁਸੀਂ ਪੀੜਤਾਂ ਨੂੰ ਦਿੰਦੇ ਸੀ, ਉਹ ਸੱਚ ਹੀ ਬੇਮਿਸਾਲ ਹੈ। ਤੁਸੀਂ ਸਾਨੂੰ ਇਹ ਸਿਖਾਇਆ ਕਿ ਕੋਈ ਵੀ ਵਿਅਕਤੀ ਆਪਣੇ ਦੁੱਖਾਂ-ਸੁੱਖਾਂ ’ਚ ਐਨਾ ਨਹੀਂ ਘਿਰਿਆ ਹੁੰਦਾ ਕਿ ਉਹ ਲੋੜਵੰਦਾਂ ਦੀ ਮਦਦ ਲਈ ਸਮਾਂ ਨਾ ਕੱਢ ਸਕੇ। ਤੁਹਾਡੇ ਇਹ ਕੀਮਤੀ ਸ਼ਬਦ ਜ਼ਿੰਦਗੀ ਭਰ ਸਾਡੀ ਪ੍ਰੇਰਨਾ ਬਣੇ ਰਹਿਣਗੇ ਅਤੇ ਤੁਸੀਂ ਜੋ ਉਦਾਹਰਣ ਸਹਿਤ ਸਮਝਾਇਆ ਕਿ ਧਰਮ ਦਾ ਖ਼ਾਲਸ ਰੂਪ ਸਮੁੱਚੀ ਲੋਕਾਈ ਨੂੰ ਬਿਨਾਂ ਕਿਸੇ ਰੰਗ, ਨਸਲ ਭੇਦ, ਰਾਜਨੀਤਕ ਵਿਚਾਰਧਾਰਾ ਦੇ ਇਕ-ਬਰਾਬਰ ਪਿਆਰ ਕਰਨਾ ਹੈ। ਕਿਸੇ ਵੀ ਵਿਅਕਤੀ ਦੀ ਸ਼ਖਸੀਅਤ ਦਾ ਮੁਲਾਂਕਣ ਕਰਨ ਲਈ ਇਹ ਇਕ ਵਧੀਆ ਮਾਣਕ ਹੈ। ਅਸੀਂ ਤੁਹਾਡੇ ਵੱਲੋਂ ਸਿਖਾਈ ਗਈ ਹਰ ਗੱਲ ਲਈ ਤੁਹਾਡੇ ਰਿਣੀ ਹਾਂ। ਤੁਹਾਡੇ ਦੁਆਰਾ ਟੀਚਿਆਂ ’ਚ ਬਦਲੇ ਗਏ ਆਦਰਸ਼ਾਂ ਨੂੰ ਨੇੜੇ ਤੋਂ ਵਾਚਦੇ ਹੋਏ ਅਸੀਂ ਇਨ੍ਹਾਂ ਨੂੰ ਆਪਣੇ ਜੀਵਨ ਸਿਧਾਂਤਾਂ ਵਿਚ ਢਾਲਣ ਦਾ ਵਾਅਦਾ ਕਰਦੇ ਹਾਂ, ਪਰ ਇਸ ਸਭ ਲਈ ਸਾਨੂੰ ਆਪ ਜੀ ਦੇ ਪਿਆਰ ਅਤੇ ਆਸ਼ੀਰਵਾਦ ਦੀ ਹਮੇਸ਼ਾ ਲੋੜ ਹੈ। 

ਅਖੀਰ ’ਚ ਹਰ ਗੱਲ ਲਈ, ਹਰ ਚੀਜ਼ ਲਈ ਤੁਹਾਡਾ ਧੰਨਵਾਦ ਅਤੇ ਸਾਡੇ ਸਭ ਵੱਲੋਂ ਤੁਹਾਨੂੰ ਢੇਰ ਸਾਰਾ ਪਿਆਰ। ਤੁਹਾਡੇ ਬੱਚੇ ਦਿਲਸ਼ੇਰ ਸਿੰਘ ਕੈਰੋਂ, ਜੈ ਕੈਰੋਂ, ਅਰਜੁਨ ਬਾਦਲ, ਅਨੰਤਵੀਰ ਬਾਦਲ, ਹਰਕੀਰਤ ਬਾਦਲ, ਰੀਆ ਬਾਦਲ ਤੇ ਗੁਰਲੀਨ ਬਾਦਲ। 

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।


Anuradha

Content Editor

Related News