ਪਟਾਕਿਆਂ ਦੀ ਦੁਕਾਨ ’ਤੇ ਪੁਲਸ ਰੇਡ ਦੌਰਾਨ ਵਪਾਰੀਆਂ ਤੇ ਪੁਲਸ ’ਚ ਝਡ਼ਪ

Monday, Nov 05, 2018 - 01:21 AM (IST)

ਪਟਾਕਿਆਂ ਦੀ ਦੁਕਾਨ ’ਤੇ ਪੁਲਸ ਰੇਡ ਦੌਰਾਨ ਵਪਾਰੀਆਂ ਤੇ ਪੁਲਸ ’ਚ ਝਡ਼ਪ

ਬਰਨਾਲਾ, (ਵਿਵੇਕ ਸਿੰਧਵਾਨੀ, ਰਵੀ)- ਸ਼ਹਿਰ ’ਚ ਉਸ ਸਮੇਂ ਹੰਗਾਮਾ ਖਡ਼੍ਹਾ ਹੋ ਗਿਆ ਜਦੋਂ ਐੱਸ. ਡੀ. ਐੱਮ. ਅਤੇ ਪੁਲਸ ਵੱਲੋਂ ਇਕ ਪਟਾਕਿਆਂ ਦੀ ਦੁਕਾਨ ’ਤੇ ਰੇਡ ਕੀਤੀ ਗਈ। ਰੇਡ ਦੌਰਾਨ ਪੁਲਸ ਨੇ ਭਾਰੀ ਮਾਤਰਾ ’ਚ ਪਟਾਕਿਆਂ ਦਾ ਸਟਾਕ ਬਰਾਮਦ ਕੀਤਾ। ਦੋ ਛੋਟੇ ਹਾਥੀ ਟੈਂਪੂਆਂ ’ਚ ਪੁਲਸ ਪਟਾਕਿਆਂ ਨੂੰ ਲੋਡ ਕਰ ਕੇ ਜਦੋਂ ਲਿਜਾਣ ਲੱਗੀ ਤਾਂ ਵਪਾਰੀਆਂ ਨੇ ਇਸ ਦੇ ਰੋਸ ਵਜੋਂ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਪੁਲਸ ਅਤੇ ਵਪਾਰੀਆਂ ਦੀ ਝਡ਼ਪ ਵੀ ਹੋਈ। ਪੁਲਸ ਅਤੇ ਵਪਾਰੀਆਂ ਦੀ ਧੱਕਾ-ਮੁੱਕੀ ਦੌਰਾਨ ਪੁਲਸ ਨੇ  ਹਲਕਾ ਲਾਠੀਚਾਰਜ ਕਰ ਕੇ ਵਪਾਰੀਆਂ ਨੂੰ ਖਦੇਡ਼ ਦਿੱਤਾ ਅਤੇ ਦੋ ਵਪਾਰੀਆਂ ਨੂੰ ਹਿਰਾਸਤ ’ਚ ਲੈ ਕੇ ਥਾਣੇ ਲੈ ਗਈ। 
ਕੀ ਕਹਿਣੈ ਅੈੱਸ. ਡੀ. ਅੈੱਮ. ਦਾ
ਗੱਲਬਾਤ ਕਰਦਿਆਂ ਐੱਸ. ਡੀ. ਐੱਮ. ਸੰਦੀਪ ਕੁਮਾਰ ਨੇ ਦੱਸਿਆ ਕਿ ਪ੍ਰਸ਼ਾਸਨ ਨੂੰ ਸੂਚਨਾ ਮਿਲੀ ਸੀ ਕਿ ਇਕ ਦੁਕਾਨ ’ਤੇ ਭਾਰੀ ਮਾਤਰਾ ’ਚ ਪਟਾਕੇ ਸਟੋਰ ਕੀਤੇ ਗਏ ਹਨ। ਪ੍ਰਸ਼ਾਸਨ ਨੇ ਪੁਲਸ ਨੂੰ ਨਾਲ ਲੈ ਕੇ ਭਾਰੀ ਸਟਾਕ ਪਟਾਕਿਆਂ ਦਾ ਬਰਾਮਦ ਕੀਤਾ । ਉਕਤ ਵਪਾਰੀ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। 
ਕੀ ਕਹਿੰਦੇ ਨੇ ਡੀ. ਅੈੱਸ. ਪੀ.
ਇਸ ਦੌਰਾਨ ਗੱਲਬਾਤ ਕਰਦਿਆਂ ਡੀ. ਐੱਸ. ਪੀ. ਰਾਜੇਸ਼ ਛਿੱਬਰ ਨੇ ਕਿਹਾ ਕਿ ਕੁਝ ਲੋਕ ਪੁਲਸ ਦੀ ਡਿਊਟੀ ’ਚ ਵਿਘਨ ਪਾ ਰਹੇ ਸਨ। ਪੁਲਸ ਨੇ ਦੋ ਵਿਅਕਤੀਆਂ ਨੂੰ ਹਿਰਾਸਤ ’ਚ ਲੈ ਲਿਆ ਹੈ। ਉਕਤ ਵਿਅਕਤੀਆਂ ਵਿਰੁੱਧ ਪੁਲਸ ਵੱਲੋਂ ਕਾਨੂੰਨੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ। 


Related News