ਭਾਰਤ ਵਿਚ 46 ਲੱਖ ਲੋਕ ਕੋਰਨੀਅਲ ਅੰਨ੍ਹੇਪਣ ਨਾਲ ਪੀੜਤ : ਡਾ. ਪਰਮਿੰਦਰ ਕੌਰ
Tuesday, Aug 27, 2024 - 08:10 PM (IST)
ਜੈਤੋ, (ਰਘੂਨੰਦਨ ਪਰਾਸ਼ਰ)- ਸਿਹਤ ਵਿਭਾਗ ਪੰਜਾਬ ਅਤੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੀਆਂ ਹਦਾਇਤਾਂ ਅਨੁਸਾਰ ਸਿਵਲ ਸਰਜਨ ਫਰੀਦਕੋਟ ਡਾ. ਮਨਿੰਦਰਪਾਲ ਸਿੰਘ ਦੀ ਅਗਵਾਈ ਵਿੱਚ ਜ਼ਿਲਾ ਫਰੀਦਕੋਟ ਦੀਆਂ ਸਮੂਹ ਸਿਹਤ ਸੰਸਥਾਵਾਂ ਵਿਖੇ ਮਿਤੀ 25 ਅਗਸਤ ਤੋਂ 8 ਸਤੰਬਰ ਤੱਕ ਅੱਖਾਂ ਦਾਨ ਸਬੰਧੀ ਪੰਦਰਵਾੜਾ ਮਨਾਇਆ ਜਾ ਰਿਹਾ ਹੈ। ਇਸ ਪੰਦਰਵਾੜੇ ਦਾ ਮੁੱਖ ਉਦੇਸ਼ ਲੋਕਾਂ ਨੂੰ ਅੱਖਾਂ ਦੇ ਦਾਨ ਦੀ ਮਹੱਤਤਾ ਸਬੰਧੀ ਜਾਗਰੂਕ ਕਰਨਾ ਹੈ। ਇਸ ਸਬੰਧੀ ਬੈਨਰ ਅਤੇ ਪੋਸਟਰ ਜਾਰੀ ਕਰਦਿਆਂ ਸਿਵਲ ਸਰਜਨ ਫਰੀਦਕੋਟ ਡਾ. ਮਨਿੰਦਰਪਾਲ ਸਿੰਘ ਨੇ ਕਿਹਾ ਕਿ ਅੰਨਾਪਣ ਸਾਡੇ ਦੇਸ਼ ਵਿੱਚ ਗੰਭੀਰ ਜਨਤਕ ਸਿਹਤ ਸਮੱਸਿਆਂਵਾ ਵਿੱਚੋਂ ਇੱਕ ਹੈ।
ਵਿਸ਼ਵ ਸਿਹਤ ਸੰਗਠਨ ਦੇ ਅਨੁਸਾਰ ਮੋਤੀਆ ਅਤੇ ਗਲੂਕੋਮਾ ਤੋਂ ਬਾਅਦ ਕੋਰਨੀਆ ਸਬੰਧੀ ਬਿਮਾਰੀਆਂ ਅੱਖਾਂ ਦੇ ਨੁਕਸਾਨ ਅਤੇ ਅੰਨੇਪਣ ਦੇ ਮੁੱਖ ਕਾਰਨ ਹਨ। ਬਿਮਾਰੀ, ਸੱਟ, ਕੁਪੋਸ਼ਣ ਅਤੇ ਇਨਫੈਕਸ਼ਨ ਦੇ ਕਾਰਨ ਕੋਰਨੀਆ ਧੁੰਦਲਾ ਹੋ ਸਕਦਾ ਅਤੇ ਨਜ਼ਰ ਘੱਟ ਜਾਂਦੀ ਹੈ। ਉਨ੍ਹਾਂ ਜ਼ਿਲਾ ਫਰੀਦਕੋਟ ਦੇ ਪੰਤਵੰਤੇ ਸੱਜਣਾਂ ਅਤੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅੱਖਾਂ ਦਾਨ ਲਈ ਅੱਗੇ ਆਉਣ ਅਤੇ ਮੌਤ ਤੋਂ ਬਾਅਦ ਅੱਖਾਂ ਦਾਨ ਕਰਨ ਦੀ ਸਹੁੰ ਚੁੱਕਣ ਅਤੇ ਲੋੜਵੰਦਾਂ ਨੂੰ ਦ੍ਰਿਸ਼ਟੀ ਦਾ ਤੋਹਫਾ ਦੇਣ ਵਰਗੇ ਨੇਕ ਕੰਮ ਵਿੱਚ ਹਿੱਸਾ ਪਾਉਣ।
ਜ਼ਿਕਰਯੋਗ ਹੈ ਕਿ ਸਾਡੇ ਦੇਸ਼ ਵਿੱਚ ਅੰਦਾਜਨ 46 ਲੱਖ ਲੋਕ ਕੋਰਨੀਅਲ ਅੰਨੇਪਣ ਨਾਲ ਪੀੜਤ ਹਨ ਅਤੇ ਲਗਭਗ 54 ਹਜ਼ਾਰ ਅੱਖਾਂ ਸਲਾਨਾ ਇੱਕਤਰ ਕੀਤੀਆਂ ਜਾਂਦੀਆਂ ਜਦੋਂ ਕਿ ਦੇਸ਼ ਵਿੱਚ 1.5 ਲੱਖ ਅੱਖਾਂ ਦੀ ਪ੍ਰਤਿ ਸਾਲ ਲੋੜ ਹੈ। ਉਨ੍ਹਾਂ ਦੱਸਿਆ ਕਿ ਅੱਖਾਂ ਦੇ ਦਾਨ ਸਬੰਧੀ ਰਜਿਸ਼ਟਰੇਸ਼ਨ ਫਾਰਮ ਪੰਜਾਬ ਦੇ ਸਮੂਹ ਜ਼ਿਲਾ ਹਸਪਤਾਲਾਂ, ਸਬ ਡਵੀਜਨ ਹਸਪਤਾਲਾਂ ਅਤੇ ਨਜ਼ਰ ਕੇਂਦਰਾਂ ਤੇ ਉਪਲੱਬਧ ਹੈ। ਹੁਣ ਲੋਕਾਂ ਦੀ ਸਹੂਲਤ ਨੂੰ ਧਿਆਨ ਵਿੱਚ ਰੱਖਦੇ ਹੋਏ ਹੁਣ ਆਨਲਾਈਨ ਵੈਬਸਾਈਟ ਤੇ ਜਾਕੇ ਵੀ ਅੱਖਾਂ ਦੇ ਦਾਨ ਸਬੰਧੀ ਰਜਿਸ਼ਟਰੇਸ਼ਨ ਫਾਰਮ ਭਰਿਆ ਜਾ ਸਕਦਾ ਹੈ ਅਤੇ ਫਾਰਮ ਦਾ ਪ੍ਰਿੰਟ ਵੀ ਲਿਆ ਜਾ ਸਕਦਾ ਹੈ।
ਇਸ ਮੌਕੇ ਉਨ੍ਹਾਂ ਦੇ ਨਾਲ ਸਹਾਇਕ ਸਿਵਲ ਸਰਜਨ ਫਰੀਦਕੋਟ ਡਾ. ਵਰਿੰਦਰ ਕੁਮਾਰ, ਜ਼ਿਲਾ ਪਰਿਵਾਰ ਭਲਾਈ ਅਫਸਰ ਡਾ. ਵਿਵੇਕ ਰਜੌਰਾ ਵੀ ਮੌਜੂਦ ਸਨ। ਇਸ ਮੌਕੇ ਅੱਖਾਂ ਦੇ ਰੋਗਾਂ ਦੇ ਮਾਹਿਰ ਡਾ.ਪਰਮਿੰਦਰ ਕੌਰ ਅਤੇ ਡਾ.ਦੀਕਸ਼ਤ ਸਿੰਗਲਾ ਨੇ ਦੱਸਿਆ ਕਿ ਕੋਰਨੀਆ ਦੀ ਬਿਮਾਰੀ ਨਾਲ ਹੋਣ ਵਾਲਾ ਅੰਨਾਪਣ ਪੁਤਲੀ ਬਦਲਣ ਦੇ ਅਪਰੇਸ਼ਨ ਬਿਨਾਂ ਦੂਰ ਕੀਤਾ ਜਾ ਸਕਦਾ ਹੈ। ਜਿੱਥੇ ਧੁੰਦਲੇ ਕੋਰਨੀਆ ਦੀ ਥਾਂ ਦਾਨੀ ਅੱਖ ਤੋਂ ਇੱਕ ਸਿਹਤਮੰਦ ਕੋਰਨੀਆ ਮਰੀਜ਼ ਦੀ ਅੱਖ ਵਿੱਚ ਟਰਾਂਸਪਲਾਂਟ ਕਰ ਦਿੱਤਾ ਜਾਂਦਾ ਹੈ।
ਉਨ੍ਹਾਂ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਖਾਂ ਦਾਨ ਸਿਰਫ ਮੌਤ ਤੋਂ ਬਾਅਦ ਹੀ ਕੀਤੀਆਂ ਜਾ ਸਕਦੀਆਂ ਹਨ। ਅੱਖਾਂ ਦਾਨ ਮੌਤ ਤੋਂ 4 ਤੋਂ 6 ਘੰਟਿਆਂ ਵਿੱਚ ਹੀ ਹੋਣੀਆਂ ਚਾਹੀਦੀਆਂ ਹਨ। ਅੱਖਾਂ ਦਾਨ ਕਰਨ ਵਾਲੇ ਦੀ ਕੋਈ ਵੀ ਉਮਰ ਹੋਵੇ, ਉਸਦੇ ਚਾਹੇ ਐਨਕਾਂ ਲੱਗੀਆਂ ਹੋਣ, ਅੱਖਾਂ ਦੇ ਅਪਰੇਸ਼ਨ ਹੋਏ ਹੋਣ, ਅੱਖਾਂ ਵਿੱਚ ਲੈਂਨਜ਼ ਪਾਏ ਹੋਣ ਤਾਂ ਵੀ ਅੱਖਾਂ ਦਾਨ ਹੋ ਸਕਦੀਆਂ ਹਨ। ਜ਼ਿਲਾ ਮਾਸ ਮੀਡੀਆ ਅਫਸਰ ਕੁਲਵੰਤ ਸਿੰਘ, ਡਿਪਟੀ ਮਾਸ ਮੀਡੀਆ ਅਫਸਰ ਸੁਧੀਰ ਕੁਮਾਰ ਤੇ ਲਖਵਿੰਦਰ ਕੈਂਥ ਨੇ ਦੱਸਿਆ ਕਿ ਮੌਤ ਹੋਣ ਉਪਰੰਤ ਅੱਖਾਂ ਦਾਨ ਕਰਨ ਲਈ ਸਭ ਤੋਂ ਨੇੜੇ ਦੇ ਆਈ ਬੈਂਕ ਨਾਲ ਰਾਬਤਾ ਕਾਇਮ ਕੀਤਾ ਜਾਵੇ। ਅੱਖਾਂ ਦਾਨ ਕਰਨ ਲਈ ਅੱਖਾਂ ਦੇ ਬੈਂਕ ਦੀ ਟੀਮ ਆਉਣ ਤੱਕ ਅੱਖਾਂ ਦੀ ਸਾਂਭ ਸੰਭਾਲ ਲਈ ਕਮਰੇ ਦਾ ਪੱਖਾ ਬੰਦ ਕਰ ਦਿੱਤਾ ਜਾਵੇ ਅਤੇ ਅੱਖਾਂ ਦੇ ਉੱਤੇ ਗਿੱਲਾ ਤੇ ਸਾਫ ਕੱਪੜਾ ਰੱਖਿਆ ਜਾਵੇ ਤਾਂ ਜੋ ਅੱਖਾਂ ਖਰਾਬ ਹੋਣ ਤੋਂ ਬਚਾਇਆ ਜਾ ਸਕਣ।
ਵਿਅਕਤੀ ਦੀ ਮੌਤ ਹੋਣ ਉਪਰੰਤ ਅੱਖਾਂ ਦਾਨ ਲਈ ਆਈ ਬੈਂਕ ਦੀ ਟੀਮ ਅੱਖਾਂ ਦਾਨ ਕਰਨ ਵਾਲੇ ਵਿਅਕਤੀ ਦੇ ਘਰ ਜਾਂਦੀ ਹੈ ਅਤੇ ਅੱਖਾਂ ਦਾਨ ਕਰਨ ਦੀ ਪ੍ਰਕਿਰਿਆ 10-15 ਮਿੰਟਾਂ ਵਿੱਚ ਮੁਕੰਮਲ ਕਰ ਲਈ ਜਾਂਦੀ ਹੈ। ਆਈ ਬੈਂਕ ਦੀ ਟੀਮ ਵੱਲੋਂ ਅੱਖਾਂ ਦਾਨ ਲੈਣ ਮਗਰੋਂ ਨਕਲੀ ਅੱਖਾਂ ਲਗਾ ਦਿੱਤੀਆਂ ਜਾਂਦੀਆਂ ਹਨ, ਤਾਂ ਕਿ ਅੰਤਿਮ ਦਰਸ਼ਨ ਸਮੇਂ ਬੁਰਾ ਨਾ ਲੱਗੇ।
ਉਨ੍ਹਾਂ ਕਿਹਾ ਕਿ ਏਡਜ਼, ਪੀਲੀਆ, ਬਲੱਡ ਕੈਂਸਰ ਅਤੇ ਦਿਮਾਗੀ ਬੁਖਾਰ ਆਦਿ ਵਿੱਚ ਅੱਖਾਂ ਦਾਨ ਨਹੀਂ ਕੀਤੀਆਂ ਜਾ ਸਕਦੀਆਂ। ਉਨ੍ਹਾਂ ਦੱਸਿਆ ਕਿ ਹੁਣ ਪੰਜਾਬ ਵਿੱਚ ਅੱਖਾਂ ਦੀ ਪੁਤਲੀ ਬਦਲਣ ਦੇ ਅਪਰੇਸ਼ਨ ਮੁਫਤ ਕੀਤੇ ਜਾਂਦੇ ਹਨ। ਇਸ ਮੌਕੇ ਆਪਥਾਲਮਿਕ ਅਫਸਰ ਹਰਲੀਨ ਕੌਰ, ਬਲਾਈਂਡਨੈਸ ਕੰਟਰੋਲ ਦੇ ਅਪ੍ਰੇਟਰ ਇੰਦਰਜੀਤ ਸਿੰਘ ਅਤੇ ਅੱਖ ਵਿਭਾਗ ਤੋਂ ਜਗਤਾਰ ਸਿੰਘ ਵੀ ਹਾਜ਼ਰ ਸਨ।