ਇੱਟ ਮਾਰ ਕੇ ਕੀਤੇ ਕਤਲ ਦੇ ਮਾਮਲੇ ’ਚ 2 ਸਕੇ ਭਰਾ ਗ੍ਰਿਫ਼ਤਾਰ
Thursday, Jun 08, 2023 - 01:27 PM (IST)

ਲੁਧਿਆਣਾ (ਅਨਿਲ) : ਥਾਣਾ ਬਸਤੀ ਜੋਧੇਵਾਲ ਅਧੀਨ ਆਉਂਦੀ ਗੋਲਡਨ ਵਿਹਾਰ ਕਾਲੋਨੀ, ਫਾਂਬੜਾ ’ਚ ਇਕ ਵਿਅਕਤੀ ਨੇ ਆਪਣੇ ਘਰ ਦੇ ਸਾਹਮਣੇ ਪਿਸ਼ਾਬ ਕਰਨ ਤੋਂ ਰੋਕਿਆ ਤਾਂ ਉਕਤ ਲੋਕਾਂ ਨੇ ਉਸ ’ਤੇ ਇੱਟਾਂ ਨਾਲ ਵਾਰ ਕਰ ਕੇ ਉਸ ਦਾ ਕਤਲ ਕਰ ਦਿੱਤਾ, ਜਿਸ ਤੋਂ ਬਾਅਦ ਜੋਧੇਵਾਲ ਪੁਲਸ ਨੇ 2 ਮੁਲਜ਼ਮਾਂ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰ ਲਿਆ ਹੈ। ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਗੁਰਮੁਖ ਸਿੰਘ ਦਿਓਲ ਨੇ ਦੱਸਿਆ ਕਿ ਪੁਲਸ ਨੂੰ ਪੀੜਤ ਔਰਤ ਸਰੋਜਾ ਨੇ ਸ਼ਿਕਾਇਤ ਦਰਜ ਕਰਵਾਈ ਕਿ 5 ਜੂਨ ਦੀ ਰਾਤ ਕਰੀਬ 11 ਵਜੇ ਉਨ੍ਹਾਂ ਦੇ ਗੁਆਂਢ ’ਚ ਰਹਿਣ ਵਾਲਾ ਮੁਹੰਮਦ ਆਸਿਫ ਅੰਸਾਰੀ ਉਨ੍ਹਾਂ ਦੇ ਘਰ ਦੇ ਸਾਹਮਣੇ ਖੜ੍ਹਾ ਹੋ ਕੇ ਪਿਸ਼ਾਬ ਕਰਨ ਲੱਗ ਗਿਆ। ਉਸ ਸਮੇਂ ਉਹ ਆਪਣੇ ਘਰ ਪਤੀ ਰਾਮਜੀ ਆਵਨ ਦੇ ਨਾਲ ਘਰ ਦੇ ਬਾਹਰ ਬੈਠੀ ਹੋਈ ਸੀ। ਜਦੋਂ ਉਸ ਦੇ ਪਤੀ ਰਾਮਜੀ ਆਵਨ ਨੇ ਉਸ ਨੂੰ ਪਿਸ਼ਾਬ ਕਰਨ ਤੋਂ ਰੋਕਿਆ ਤਾਂ ਮੁਹੰਮਦ ਆਸਿਫ ਅੰਸਾਰੀ ਉਸ ਦੇ ਪਤੀ ਨਾਲ ਗਾਲੀ-ਗਲੋਚ ਕਰਨ ਲੱਗਾ ਅਤੇ ਇੱਟ ਚੁੱਕ ਕੇ ਉਸ ਦੇ ਪਤੀ ਰਾਮਜੀ ਆਵਨ ਦੇ ਸਿਰ ਪਿੱਛੇ ਗਰਦਨ ’ਤੇ ਮਾਰਨ ਲੱਗਾ।
ਇਹ ਵੀ ਪੜ੍ਹੋ : ਹੈਂਡ ਟੂਲ ਫੈਕਟਰੀ ’ਚ ਸ਼ਾਰਟ-ਸਰਕਟ ਨਾਲ ਲੱਗੀ ਭਿਆਨਕ ਅੱਗ, ਕਰੋੜਾਂ ਦਾ ਨੁਕਸਾਨ
ਫਿਰ ਉਥੇ ਮੁਹੰਮਦ ਆਮਿਰ ਅੰਸਾਰੀ ਵੀ ਆ ਗਿਆ, ਉਸ ਨੇ ਵੀ ਇੱਟਾਂ ਨਾਲ ਉਸ ਦੇ ਪਤੀ ਨੂੰ ਮਾਰਨਾ ਸ਼ੁਰੂ ਕਰ ਦਿੱਤਾ। ਜਦੋਂ ਮੈਂ ਆਪਣੇ ਪਤੀ ਨੂੰ ਬਚਾਉਣ ਗਈ ਤਾਂ ਉਕਤ ਦੋਵੇਂ ਭਰਾਵਾਂ ਨੇ ਉਸ ਨੂੰ ਧੱਕੇ ਮਾਰੇ, ਜਦੋਂ ਉਸ ਨੇ ਰੌਲਾ ਪਾਇਆ ਤਾਂ ਉਹ ਦੋਵੇਂ ਭਰਾ ਉਥੋਂ ਧਮਕੀਆਂ ਦਿੰਦੇ ਹੋਏ ਫਰਾਰ ਹੋ ਗਏ, ਜਿਸ ਤੋਂ ਬਾਅਦ ਔਰਤ ਸਰੋਜਾ ਨੇ ਗੰਭੀਰ ਰੂਪ ’ਚ ਜ਼ਖਮੀ ਹੋਏ ਆਪਣੇ ਪਤੀ ਨੂੰ ਇਲਾਜ ਲਈ ਸਿਵਲ ਹਸਪਤਾਲ ਭਰਤੀ ਕਰਵਾਇਆ, ਉਥੇ ਉਸ ਦੀ ਮੌਤ ਹੋ ਗਈ। ਥਾਣਾ ਮੁਖੀ ਗੁਰਮੁੱਖ ਸਿੰਘ ਨੇ ਦੱਸਿਆ ਕਿ ਪੁਲਸ ਨੇ ਦੋਵੇਂ ਮੁਲਜ਼ਮਾਂ ਮੁਹੰਮਦ ਆਸਿਫ ਅੰਸਾਰੀ ਅਤੇ ਮੁਹੰਮਦ ਅਮੀਰ ਅੰਸਾਰੀ ਪੁੱਤਰਾਨ ਮੁਹੰਮਦ ਜ਼ਾਕਿਰ ਅੰਸਾਰੀ ਵਾਸੀ ਪਿੰਡ ਰਾਜੂ ਪੱਟੀ ਬਿਹਾਰ, ਹਾਲ ਵਾਸੀ ਕਿਰਾਏਦਾਰ ਸੰਜੀਵ ਸ਼ਾਹੀ ਗੋਲਡਨ ਵਿਹਾਰ ਕਾਲੋਨੀ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਿਸਾਂ ਹਵਾਲੇ ਕਰ ਦਿੱਤੀ ਹੈ। ਥਾਣਾ ਮੁਖੀ ਨੇ ਦੱਸਿਆ ਕਿ ਅੱਜ ਦੋਵੇਂ ਮੁਲਜ਼ਮਾਂ ਨੂੰ ਅਦਾਲਤ ’ਚ ਪੇਸ਼ ਕਰ ਕੇ ਰਿਮਾਂਡ ਹਾਸਲ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਬਰਸਾਤ ਨੇ ਦੂਜੀ ਵਾਰ ਝੰਬੇ ਮਿਰਚ ਉਤਪਾਦਕ, ਲੱਖਾਂ ਰੁਪਏ ਦੀ ਮਿਰਚ ਖਰਾਬ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।