ਸੋਨੇ-ਚਾਂਦੀ ਦੇ ਗਹਿਣਿਆਂ ਸਮੇਤ 2 ਗ੍ਰਿਫਤਾਰ

Tuesday, Oct 16, 2018 - 06:05 AM (IST)

ਸੋਨੇ-ਚਾਂਦੀ ਦੇ ਗਹਿਣਿਆਂ ਸਮੇਤ 2 ਗ੍ਰਿਫਤਾਰ

 ਮੋਹਾਲੀ, (ਕੁਲਦੀਪ)- ਬਲੌਂਗੀ ਪੁਲਸ ਨੇ ਲੋਕਾਂ ਦੇ ਘਰਾਂ  ’ਚੋਂ ਸੋਨੇ-ਚਾਂਦੀ ਦੇ ਗਹਿਣੇ ਚੋਰੀ ਕਰਨ ਵਾਲੇ ਦੋ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਗ੍ਰਿਫਤਾਰ ਕੀਤੇ ਗਏ ਦੋਵੇਂ ਮੁਲਜ਼ਮਾਂ ਦੇ ਨਾਮ ਅਨਿਲ ਨਿਵਾਸੀ ਸਹਾਰਨਪੁਰ (ਉੱਤਰ ਪ੍ਰਦੇਸ਼) ਤੇ ਭੂਰਾ ਨਿਵਾਸੀ ਬਦਾਯੂੰ ਦੱਸੇ ਜਾਂਦੇ ਹਨ। ਦੋਵਾਂ ਦੇ ਕਬਜ਼ੇ ਵਿਚੋਂ ਪੁਲਸ ਨੇ ਸੋਨੇ ਅਤੇ ਚਾਂਦੀ ਦੇ ਗਹਿਣੇ ਅਤੇ ਘਰਾਂ ਦੇ ਤਾਲੇ ਤੋਡ਼ਨ ਵਾਲਾ ਸਾਮਾਨ ਵੀ ਬਰਾਮਦ ਕੀਤਾ ਹੈ।  ਮੁਲਜ਼ਮਾਂ ਖਿਲਾਫ ਪੁਲਸ ਵਲੋਂ ਚੋਰੀ ਦਾ ਕੇਸ ਦਰਜ ਕੀਤਾ ਗਿਆ। ਅੱਜ ਉਨ੍ਹਾਂ ਨੂੰ ਡਿਊਟੀ ਮੈਜਿਸਟਰੇਟ ਦੇ ਸਾਹਮਣੇ ਪੇਸ਼ ਕੀਤਾ ਗਿਆ, ਜਿਸ ਦੌਰਾਨ ਦੋਵਾਂ ਨੂੰ ਤਿੰਨ ਦਿਨਾ ਪੁਲਸ ਰਿਮਾਂਡ ’ਤੇ ਭੇਜ ਦਿੱਤਾ ਗਿਆ ਹੈ। 
 ਪੁਲਸ ਸਟੇਸ਼ਨ ਬਲੌਂਗੀ ਦੇ ਐੱਸ. ਐੱਚ. ਓ. ਮਨਫੂਲ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੁਲਸ ਵਲੋਂ ਪਿੰਡ ਦਾਊਂ ਦੇ ਗੁਰਦੁਆਰਾ ਸਾਹਿਬ ਦੇ ਨਜ਼ਦੀਕ ਗਸ਼ਤ ਕੀਤੀ ਜਾ ਰਹੀ ਸੀ। ਪੁਲਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਮੁਲਜ਼ਮ ਉਸੇ ਖੇਤਰ ’ਚ ਘੁੰਮ ਰਹੇ ਹਨ, ਜੋ ਕਿ ਲੋਕਾਂ ਦੇ ਘਰਾਂ ਤੋਂ  ਗਹਿਣੇ ਚੋਰੀ ਕਰਦੇ ਹਨ। ਪੁਲਸ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ।   
ਐੱਸ. ਐੱਚ. ਓ. ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਤੋਂ ਪੁੱਛਗਿੱਛ ਵਿਚ ਪਤਾ ਲੱਗਾ ਹੈ ਕਿ ਉਹ ਨਾਲ ਲਗਦੇ ਇੱਟਾਂ ਦੇ ਭੱਠੇ ਦੇ ਨਜ਼ਦੀਕ ਵਾਲੀ ਕਾਲੋਨੀ ਵਿਚ ਰਹਿੰਦੇ ਸਨ। ਘਰਾਂ ਵਿਚੋਂ ਸਾਮਾਨ ਚੋਰੀ ਕਰਨ ਤੋਂ ਪਹਿਲਾਂ ਉਹ ਘਰ ਦੀ ਰੈਕੀ ਕਰਦੇ ਸਨ ਅਤੇ ਫਿਰ ਚੋਰੀ ਦੀ ਘਟਨਾ ਨੂੰ ਅੰਜਾਮ ਦਿੰਦੇ ਸਨ। ਚੋਰੀ ਕੀਤਾ ਹੋਇਆ ਸਾਮਾਨ ਉਹ ਆਪਣੀ ਰਿਹਾਇਸ਼ ਦੇ ਨਜ਼ਦੀਕ ਵਾਲੀਆਂ ਝਾਡ਼ੀਆਂ ਵਿਚ ਲੁਕਾ ਕੇ ਰੱਖ ਦਿੰਦੇ ਸਨ ਅਤੇ ਫਿਰ ਮੌਕਾ ਮਿਲਣ ’ਤੇ ਉਸ ਸਾਮਾਨ ਨੂੰ ਇਧਰ-ਉਧਰ ਵੇਚ ਦਿੰਦੇ ਸਨ। ਪੁਲਸ ਨੇ ਮੁਲਜ਼ਮਾਂ ਤੋਂ ਪੌਣੇ ਚਾਰ ਤੋਲੇ ਸੋਨੇ ਦੇ ਗਹਿਣੇ, 700 ਗ੍ਰਾਮ ਚਾਂਦੀ, ਕੁਝ ਚਾਬੀਆਂ ਤੇ ਤਾਲੇ ਤੋਡ਼ਨ ਵਾਲੇ ਹਥਿਆਰ ਬਰਾਮਦ ਕੀਤੇ ਹਨ। 


Related News